CM ਮਾਨ ਵੱਲੋਂ ਮੋਹਾਲੀ ਮਾਸਟਰ ਪਲਾਨ 'ਚ ਨਵੀਂ ਟਾਊਨਸ਼ਿਪ ਬਣਾਉਣ ਦੀ ਮਨਜ਼ੂਰੀ

Monday, Jun 06, 2022 - 08:05 PM (IST)

CM ਮਾਨ ਵੱਲੋਂ ਮੋਹਾਲੀ ਮਾਸਟਰ ਪਲਾਨ 'ਚ ਨਵੀਂ ਟਾਊਨਸ਼ਿਪ ਬਣਾਉਣ ਦੀ ਮਨਜ਼ੂਰੀ

ਚੰਡੀਗੜ੍ਹ (ਬਿਊਰੋ) : ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਮੋਹਾਲੀ ਮਾਸਟਰ ਪਲਾਨ 'ਚ ਆਧੁਨਿਕ ਸਹੂਲਤਾਂ ਵਾਲੀ ਨਵੀਂ ਟਾਊਨਸ਼ਿਪ ਬਣਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸਬੰਧੀ ਫੈਸਲਾ ਮੁੱਖ ਮੰਤਰੀ ਵੱਲੋਂ ਸੋਮਵਾਰ ਨੂੰ ਆਪਣੇ ਸਰਕਾਰੀ ਗ੍ਰਹਿ ਵਿਖੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੀ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਲਿਆ। ਮੁੱਖ ਮੰਤਰੀ ਨੇ ਕਿਹਾ ਕਿ ਟ੍ਰਾਈਸਿਟੀ 'ਚ ਲੋਕਾਂ ਨੂੰ ਕਫ਼ਾਇਤੀ ਰਿਹਾਇਸ਼ ਸਹੂਲਤਾਂ ਮੁਹੱਈਆ ਕਰਨ ਲਈ ਅਜਿਹੀ ਟਾਊਨਸ਼ਿਪ ਸਮੇਂ ਦੀ ਲੋੜ ਹੈ। ਉਨ੍ਹਾਂ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਅਤੇ ਗ੍ਰੇਟਰ ਮੋਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਦੇ ਅਧਿਕਾਰੀਆਂ ਨੂੰ ਰੂਪ-ਰੇਖਾ ਉਲੀਕਣ ਅਤੇ ਇਸ ਮਾਮਲੇ ਬਾਰੇ ਪੁਖਤਾ ਤਜਵੀਜ਼ ਪੇਸ਼ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਇਹ ਤਜਵੀਜ਼ਤ ਟਾਊਨਸ਼ਿਪ ਵਿਸ਼ਵ ਪੱਧਰੀ ਸਹੂਲਤਾਂ ਨਾਲ ਲੈਸ ਹੋਣੀ ਚਾਹੀਦੀ ਹੈ ਤਾਂ ਜੋ ਲੋਕ ਆਰਾਮਦਾਇਕ ਜੀਵਨ ਬਸਰ ਕਰ ਸਕਣ।

ਇਹ ਵੀ ਪੜ੍ਹੋ : ਮਹਿਲਾ ਦੁੱਧ ਉਤਪਾਦਕਾਂ ਨੂੰ 2 ਤੋਂ 5 ਪਸ਼ੂਆਂ ਦੀ ਖਰੀਦ ਲਈ ਵਿੱਤੀ ਸਹਾਇਤਾ ਕਰਵਾਈ ਜਾਵੇਗੀ ਮੁਹੱਈਆ

PunjabKesari

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਹ ਟਾਊਨਸ਼ਿਪ ਆਰਾਮਦਾਇਕ ਹੋਣ ਦੇ ਨਾਲ-ਨਾਲ ਆਲੀਸ਼ਾਨ ਤੇ ਅੱਗ ਰੋਕੂ ਯੰਤਰਾਂ ਵਰਗੀਆਂ ਸਾਰੀਆਂ ਸੁਰੱਖਿਆ ਸਹੂਲਤਾਂ ਨਾਲ ਲੈਸ ਹੋਣੀ ਚਾਹੀਦੀ ਹੈ। ਸੀ. ਐੱਮ. ਨੇ ਇਸ ਟਾਊਨਸ਼ਿਪ ਨੂੰ ਆਧੁਨਿਕ ਲੀਹਾਂ 'ਤੇ ਵਿਕਸਤ ਕਰਨ ਉਤੇ ਜ਼ੋਰ ਦਿੱਤਾ ਤਾਂ ਕਿ ਇਹ ਉਚੇਰੀ ਸਿੱਖਿਆ ਦੇ ਨਾਲ-ਨਾਲ ਸੂਚਨਾ ਟੈਕਨਾਲੋਜੀ ਦੇ ਗੜ੍ਹ ਵਜੋਂ ਉੱਭਰ ਸਕੇ। ਇਸ ਦੇ ਨਾਲ-ਨਾਲ ਇਸ ਟਾਊਨਸ਼ਿਪ ਦਾ ਇਕ ਭਾਗ ਸਨਅਤੀ ਟਾਊਨਸ਼ਿਪ ਵਜੋਂ ਵੀ ਵਿਕਸਤ ਹੋਣਾ ਚਾਹੀਦਾ ਹੈ ਤਾਂ ਜੋ ਦੇਸ਼ ਭਰ ਦੇ ਵੱਡੇ ਸਨਅਤੀ ਘਰਾਣਿਆਂ ਨੂੰ ਇੱਥੇ ਸੱਦਿਆ ਜਾ ਸਕੇ।

ਇਹ ਵੀ ਪੜ੍ਹੋ : ਪਾਣੀ ਲੈਣ ਉੱਤਰਿਆ ਯਾਤਰੀ, ਚੱਲਦੀ ਟ੍ਰੇਨ ’ਚ ਸਵਾਰ ਹੁੰਦੇ ਸਮੇਂ ਪੈਰ ਫਿਸਲਣ ਕਾਰਨ ਗਈ ਜਾਨ

PunjabKesari

ਮਾਨ ਨੇ ਕਿਹਾ ਕਿ ਮੋਹਾਲੀ ਵਿੱਚ ਸਭ ਤੋਂ ਵਧੀਆ ਸੜਕੀ, ਹਵਾਈ ਤੇ ਰੇਲਵੇ ਸੰਪਰਕ ਸਹੂਲਤ ਹੈ। ਇਸ ਲਈ ਮੋਹਾਲੀ ਦੀ ਜੂਹ ਵਿੱਚ ਵਸਣ ਵਾਲੀ ਇਸ ਤਜਵੀਜ਼ਤ ਟਾਊਨਸ਼ਿਪ ਵਿੱਚ ਤਰੱਕੀ ਦੀਆਂ ਬੇਹੱਦ ਸੰਭਾਵਨਾਵਾਂ ਹਨ। ਉਨ੍ਹਾਂ ਅਧਿਕਾਰੀਆਂ ਨੂੰ ਮੋਹਾਲੀ 'ਚ ਆਗਾਮੀ ਮੈਡੀਕਲ ਕਾਲਜ ਨੂੰ ਨਵੀਂ ਜਗ੍ਹਾ ਤਬਦੀਲ ਕਰਨ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਵੀ ਕਿਹਾ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਤੇ ਇਸ ਦੇ ਲੋਕਾਂ ਦੀ ਖੁਸ਼ਹਾਲੀ ਤੇ ਸਮੁੱਚੇ ਵਿਕਾਸ ਲਈ ਵਚਨਬੱਧ ਹੈ।

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Mukesh

Content Editor

Related News