CM ਮਾਨ ਦੇ ਯਤਨਾਂ ਸਦਕਾ ਉਦਯੋਗਿਕ ਵਿਕਾਸ ’ਚ ਮੋਹਰੀ ਬਣ ਕੇ ਉੱਭਰੇਗਾ ਪੰਜਾਬ : ਹਰਪਾਲ ਚੀਮਾ

02/24/2023 1:52:07 AM

ਐੱਸ. ਏ. ਐੱਸ. ਨਗਰ/ਚੰਡੀਗੜ੍ਹ (ਬਿਊਰੋ) : ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਯਤਨਾਂ ਸਦਕਾ ਸੂਬਾ ਜਲਦ ਹੀ ਉਦਯੋਗਿਕ ਵਿਕਾਸ ’ਚ ਮੋਹਰੀ ਬਣ ਕੇ ਉੱਭਰੇਗਾ। ਕੈਬਨਿਟ ਮੰਤਰੀ ਅੱਜ ਇਥੇ ਐੱਸ. ਏ. ਐੱਸ. ਨਗਰ ਸਥਿਤ ਇੰਡੀਅਨ ਸਕੂਲ ਆਫ਼ ਬਿਜ਼ਨੈੱਸ (ਆਈ. ਐੱਸ. ਬੀ.) ਕੈਂਪਸ ਵਿਖੇ ਪੰਜਵੇਂ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ-2023 ਦੌਰਾਨ ‘ਪੰਜਾਬ ਐਕਸਪੋਰਟਸ ਐਂਡ ਬ੍ਰਾਂਡਜ਼’ ਸੈਸ਼ਨ ਦੀ ਪ੍ਰਧਾਨਗੀ ਕਰ ਰਹੇ ਸਨ। ਕੈਬਨਿਟ ਮੰਤਰੀ ਚੀਮਾ ਨੇ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੇ ਨਵੀਂ ਸਰਕਾਰ ਨੂੰ ਚੁਣਿਆ ਹੈ, ਉਸੇ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਸਰਬਪੱਖੀ ਵਿਕਾਸ ਲਈ ਲੋਕਪੱਖੀ ਪਹਿਲਕਦਮੀਆਂ ਤੋਂ ਇਲਾਵਾ ਨਵੀਂ ਸਨਅਤੀ ਨੀਤੀ ਅਤੇ ਨਵੀਂ ਲੌਜਿਸਟਿਕਸ ਨੀਤੀ ਲਿਆਂਦੀ ਹੈ।

ਇਹ ਖ਼ਬਰ ਵੀ ਪੜ੍ਹੋ : ਕਬੱਡੀ ਜਗਤ ਨੂੰ ਵੱਡਾ ਘਾਟਾ, ਚੱਲਦੇ ਟੂਰਨਾਮੈਂਟ ਦੌਰਾਨ ਮਸ਼ਹੂਰ ਖਿਡਾਰੀ ਦੀ ਮੌਤ

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨਿਵੇਸ਼ਕਾਂ ਨੂੰ ਪੰਜਾਬ ’ਚ ਨਿਵੇਸ਼ ਕਰਨ ਵਾਸਤੇ ਆਕਰਸ਼ਿਤ ਕਰਨ ਲਈ ਭਾਰਤ ਅਤੇ ਵਿਦੇਸ਼ਾਂ ਦਾ ਦੌਰਾ ਵੀ ਕਰ ਰਹੇ ਹਨ। ਚੀਮਾ ਨੇ ਕਿਹਾ ਕਿ ਪੰਜਾਬ ਨੂੰ ਕਣਕ ਅਤੇ ਚੌਲਾਂ ਆਦਿ ਫ਼ਸਲਾਂ ਦੀ ਸਭ ਵੱਧ ਪੈਦਾਵਾਰ ਹੋਣ ਕਰਕੇ 'ਭਾਰਤ ਦੇ ਅੰਨ ਭੰਡਾਰ ' ਵਜੋਂ ਵੀ ਜਾਣਿਆ ਜਾਂਦਾ ਹੈ, ਜਿਸ ਨੇ ਇਨ੍ਹਾਂ ਦੋਵਾਂ ਫਸਲਾਂ ਦੀ ਕਾਸ਼ਤ ਲਈ ਦੇਸ਼ ਭਰ ’ਚ ਚੋਟੀ ਦਾ ਦਰਜਾ ਪ੍ਰਾਪਤ ਕੀਤਾ ਹੈ। ਉਨ੍ਹਾਂ ਕਿਹਾ ਕਿ ਧਰਤੀ ਹੇਠਲੇ ਪਾਣੀ, ਬਿਜਲੀ ਨੂੰ ਬਚਾਉਣ ਅਤੇ ਖੇਤੀ ਲਾਗਤਾਂ ਨੂੰ ਘਟਾਉਣ ਲਈ ਉਨ੍ਹਾਂ ਦੀ ਸਰਕਾਰ ਨੇ ਬਾਸਮਤੀ ਦੀ ਕਾਸ਼ਤ ਨੂੰ ਵੱਡੇ ਪੱਧਰ 'ਤੇ ਉਤਸ਼ਾਹਿਤ ਕਰਨ ਦਾ ਫ਼ੈਸਲਾ ਕੀਤਾ ਹੈ।

ਇਹ ਵੀ ਪੜ੍ਹੋ : ਕੇਂਦਰ ਪੰਜਾਬ ’ਚ ਲਾਵੇ ਰਾਸ਼ਟਰਪਤੀ ਰਾਜ : ਕੈਪਟਨ ਅਮਰਿੰਦਰ ਸਿੰਘ

ਇਸ ਦਿਸ਼ਾ ’ਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਲਦ ਹੀ ਬਾਸਮਤੀ ਦੀ ਕਾਸ਼ਤ ਤੇ ਬਰਾਮਦ ਲਈ ਨਵੀਂ ਨੀਤੀ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਬਾਸਮਤੀ ਦਾ ਸਭ ਤੋਂ ਵੱਡਾ ਬਰਾਮਦਕਾਰ ਸੂਬਾ ਹੋਣ ਦੇ ਨਾਤੇ ਉਨ੍ਹਾਂ ਦੀ ਸਰਕਾਰ ਨੇ ਤਰਨਤਾਰਨ ਵਿਖੇ ਬਾਸਮਤੀ 'ਤੇ ਵਿਸ਼ੇਸ਼ ਖੋਜ ਕੇਂਦਰ ਸਥਾਪਿਤ ਕਰਨ ਦਾ ਵੀ ਫ਼ੈਸਲਾ ਕੀਤਾ ਹੈ, ਜਿਸ ’ਚ ਬੀਜ ਖੋਜ ਸਹੂਲਤਾਂ ਅਤੇ ਅਨਾਜ ਦੀ ਪਰਖ ਵਾਲੀਆਂ ਲੈਬਾਰਟਰੀਆਂ ਹੋਣਗੀਆਂ। ਮੰਤਰੀ ਨੇ ਕਿਹਾ ਕਿ ਹਰੀ ਕ੍ਰਾਂਤੀ ਪਹਿਲਾਂ ਪੰਜਾਬ ’ਚ ਲਿਆਂਦੀ ਗਈ ਸੀ ਅਤੇ ਹੁਣ ਮਾਨ ਸਰਕਾਰ ਨੇ ਉਦਯੋਗਿਕ ਕ੍ਰਾਂਤੀ ਲਿਆਉਣ ਦਾ ਫ਼ੈਸਲਾ ਕੀਤਾ ਹੈ ਕਿਉਂਕਿ ਦੇਸ਼ ਦੀ ਰਾਜਧਾਨੀ ਅਤੇ ਹੋਰ ਗੁਆਂਢੀ ਸੂਬਿਆਂ ਨਾਲ ਸੜਕੀ ਅਤੇ ਰੇਲ ਸੰਪਰਕ ’ਚ ਬਹੁਤ ਸੁਧਾਰ ਕੀਤਾ ਗਿਆ ਹੈ।

ਚੀਮਾ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਹਰ ਖੇਤਰ ’ਚ ਕਾਮਯਾਬੀ ਹਾਸਲ ਕਰੇਗੀ ਅਤੇ ਸੂਬੇ ਨੂੰ ਨਵੀਆਂ ਲੀਹਾਂ ’ਤੇ ਪਾਉਣ ਲਈ ਸਮਾਜ ਦੇ ਸਾਰੇ ਵਰਗਾਂ ਦਾ ਪੂਰਨ ਸਹਿਯੋਗ ਬਹੁਤ ਲੋੜੀਂਦਾ ਹੈ। ਇਸ ਤੋਂ ਪਹਿਲਾਂ ਆਈ.ਏ.ਐੱਸ. ਅਭਿਨਵ ਤ੍ਰਿਖਾ ਨੇ ਪੰਜਾਬ ਦੇ ਨਿਰਯਾਤ ਅੰਕੜਿਆਂ ਬਾਰੇ ਪੀ. ਪੀ. ਟੀ. ਵੀ ਪੇਸ਼ ਕੀਤੀ ਅਤੇ ਨਿਰਯਾਤ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਦੇ ਯਤਨਾਂ ਬਾਰੇ ਚਾਨਣਾ ਪਾਇਆ। ਸੈਸ਼ਨ ਦੌਰਾਨ ਪ੍ਰਿਅੰਕਾ ਸ਼ਰਮਾ, ਪਾਰਟਨਰ, ਕੇ. ਪੀ. ਐੱਮ. ਜੀ., ਮਦਨ ਐੱਮ. ਪਿਲੁਤਲਾ ਡੀਨ, ਆਈ. ਐੱਸ. ਬੀ. ਮੋਹਾਲੀ, ਕੈਪਟਨ ਅਸ਼ਵਨੀ ਨਾਯਰ ਡਿਪਟੀ ਸੀ. ਈ. ਓ., ਹਿੰਦ ਟਰਮੀਨਲਜ਼ ਪ੍ਰਾਈਵੇਟ ਲਿਮਟਿਡ, ਸੰਦੀਪ ਜੈਨ ਕਾਰਜਕਾਰੀ ਡਾਇਰੈਕਟਰ ਮੌਂਟੇ ਕਾਰਲੋ ਫੈਸ਼ਨਜ਼ ਲਿਮਟਿਡ, ਅਸ਼ੋਕ ਸੇਠੀ ਡਾਇਰੈਕਟਰ ਰਾਈਸ ਮਿੱਲਰਜ਼ ਐਂਡ ਐਕਸਪੋਰਟਰਜ਼ ਐਸੋਸੀਏਸ਼ਨ ਪੰਜਾਬ ,ਰਾਜੇਸ਼ ਖਰਬੰਦਾ, ਐੱਮ. ਡੀ. ਨਿਵੀਆ ਸਪੋਰਟਸ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।


Manoj

Content Editor

Related News