ਰਿਆਸਤੀ ਸ਼ਾਹੀ ਨਗਰੀ ਨਾਭਾ ਇਤਿਹਾਸਕ ਮਹੱਤਤਾ ਗੁਆ ਚੁੱਕੀ ਏ!

Thursday, Mar 01, 2018 - 08:24 AM (IST)

ਰਿਆਸਤੀ ਸ਼ਾਹੀ ਨਗਰੀ ਨਾਭਾ ਇਤਿਹਾਸਕ ਮਹੱਤਤਾ ਗੁਆ ਚੁੱਕੀ ਏ!

ਨਾਭਾ  (ਸੁਸ਼ੀਲ ਜੈਨ) - ਸੰਨ 1755 ਵਿਚ ਨਾਭਾ ਸ਼ਹਿਰ ਰਾਜਾ ਹਮੀਰ ਸਿੰਘ ਦੀ ਹਕੂਮਤ ਸਮੇਂ ਆਬਾਦ ਹੋਇਆ। ਉਨ੍ਹਾਂ ਨੇ ਹੀ ਸ਼ਹਿਰ ਦੇ ਸ਼ਾਹੀ ਕਿਲਾ ਮੁਬਾਰਕ ਦੀ ਉਸਾਰੀ ਕਰਵਾਈ ਸੀ। ਸ਼ਹਿਰ ਦੀ ਆਬਾਦੀ ਵਧਣ ਪਿੱਛੋਂ ਇਹ ਰਿਆਸਤੀ ਸ਼ਹਿਰ ਪੰਜ ਦਰਵਾਜ਼ਿਆਂ ਵਿਚ ਪ੍ਰਫੁਲਿਤ ਹੋ ਗਿਆ, ਜਿਨ੍ਹਾਂ ਵਿਚੋਂ ਚਾਰ ਦਰਵਾਜ਼ੇ ਢਹਿ-ਢੇਰੀ ਹੋ ਚੁੱਕੇ ਹਨ ਜਦੋਂ ਕਿ ਇਕਲੌਤਾ ਗੇਟ ਦੁਲੱਦੀ ਦਰਵਾਜ਼ਾ ਹੀ ਰਿਆਸਤੀ ਨਿਸ਼ਾਨੀ ਵਜੋਂ ਬਚਿਆ ਹੈ। ਮਹਾਰਾਜਾ ਦਾ ਨਿਵਾਸ ਹੀਰਾ ਮਹਿਲ ਹੁਣ ਆਪਣੀ ਸ਼ਾਹੀ ਸ਼ਾਨ ਗੁਆ ਚੁੱਕਾ ਹੈ, ਜਿਸ ਨੂੰ ਇਕ ਉਦਯੋਗਪਤੀ ਨੇ ਟਿੱਕਾ ਹੰਨੂਮੰਤ ਸਿੰਘ (ਅੰਤਿਮ ਮਹਾਰਾਜਾ ਪ੍ਰਤਾਪ ਸਿੰਘ ਦੇ ਪੁੱਤਰ) ਪਾਸੋਂ 14 ਸਾਲ ਪਹਿਲਾਂ ਖਰੀਦ ਲਿਆ ਸੀ। ਸ਼ਾਹੀ ਮਹਿਲ ਦੀ ਇਸ ਸਮੇਂ ਕੋਈ ਸੰਭਾਲ ਨਹੀਂ ਹੈ। ਹੀਰਾ ਮਹਿਲ ਕਾਲੋਨੀ ਵੀ ਲਾਵਾਰਿਸ ਬਣ ਚੁੱਕੀ ਹੈ।
ਇਤਿਹਾਸਕ ਨਗਰੀ ਆਜ਼ਾਦੀ ਤੋਂ ਬਾਅਦ ਆਪਣੀ ਰਿਆਸਤੀ ਮਹੱਤਤਾ ਖਤਮ ਕਰ ਚੁੱਕੀ ਹੈ। ਜ਼ਿਲਾ ਦਾ ਦਰਜਾ ਮਿਲਣਾ ਤਾਂ ਦੂਰ ਰਿਹਾ ਇਸ ਰਿਆਸਤੀ ਨਗਰੀ ਵਿਚੋਂ ਅਮਲੋਹ ਤੇ ਮੰਡੀ ਗੋਬਿੰਦਗੜ੍ਹ ਕਸਬਿਆਂ ਨੂੰ ਵੱਖ ਕਰ ਕੇ ਬੇਅੰਤ ਸਿੰਘ ਸ਼ਾਸਨ ਦੌਰਾਨ ਵੱਖਰੀ ਤਹਿਸੀਲ ਬਣਾ ਦਿੱਤਾ ਗਿਆ ਸੀ ਅਤੇ 8 ਸਾਲ ਪਹਿਲਾਂ ਨਾਭਾ ਹਲਕੇ ਨੂੰ ਰਿਜ਼ਰਵ ਬਣਾ ਦਿੱਤਾ ਗਿਆ, ਜਿਸ ਤੋਂ ਬਾਅਦ ਸਿਆਸਤਦਾਨਾਂ ਦੀ ਇਸ ਨਗਰੀ ਨੂੰ ਅਫਸਰਸ਼ਾਹੀ ਨੇ ਕਥਿਤ ਲਾਵਾਰਿਸ ਨਗਰੀ ਬਣਾ ਦਿੱਤਾ ਹੈ। ਪੈਪਸੂ ਸਮੇਂ ਸਥਾਨਕ ਵਿਧਾਇਕ ਜਨਰਲ ਸ਼ਿਵਦੇਵ ਸਿੰਘ ਸਿਹਤ ਮੰਤਰੀ ਰਹੇ ਜਦੋਂ ਕਿ ਇੰਕਾ ਆਗੂ ਗੁਰਦਰਸ਼ਨ ਸਿੰਘ ਨੇ ਇਸ ਹਲਕੇ ਤੋਂ 1962, 1972, 1977 ਤੇ 1980 ਵਿਚ ਵਿਧਾਇਕ ਬਣ ਕੇ ਦੋ ਵਾਰੀ ਖੁਰਾਕ ਸਪਲਾਈ/ਲੋਕ ਨਿਰਮਾਣ ਤੇ ਮਾਲ ਮੰਤਰੀ ਅਤੇ ਅੰਤਰਿਮ ਸਪੀਕਰ ਵਜੋਂ ਕੰਮ ਕੀਤਾ। ਅਕਾਲੀ ਆਗੂ ਰਾਜਾ ਨਰਿੰਦਰ ਸਿੰਘ ਨੇ 1967, 1969, 1985 ਅਤੇ 1997 ਵਿਚ ਵਿਧਾਇਕ ਬਣ ਕੇ ਤਿੰਨ ਵਾਰੀ ਸੂਬੇ ਦਾ ਕੈਬਨਿਟ ਮੰਤਰੀ ਅਹੁਦਾ ਪ੍ਰਾਪਤ ਕੀਤਾ। ਬੂਟਾ ਸਿੰਘ ਨੇ ਸਿਆਸੀ ਕਰੀਅਰ ਇਸ ਹਲਕੇ ਤੋਂ ਆਰੰਭ ਕੀਤਾ ਅਤੇ ਕੇਂਦਰੀ ਸਰਕਾਰ ਵਿਚ ਅਹਿਮ ਵਿਭਾਗਾਂ ਦੇ ਵਜ਼ੀਰ ਰਹੇ। ਚਰਨਜੀਤ ਸਿੰਘ ਅਟਵਾਲ ਜਿੱਤ ਕੇ ਲੋਕ ਸਭਾ ਵਿਚ ਡਿਪਟੀ ਸਪੀਕਰ ਬਣੇ। ਇੰਦਰਾ ਗਾਂਧੀ ਦੇ ਇਕ ਕਾਤਲ ਦੀ ਧਰਮ ਪਤਨੀ ਬਿਮਲ ਕੌਰ ਇਸ ਹਲਕੇ ਤੋਂ ਜਿੱਤ ਕੇ ਲੋਕ ਸਭਾ ਮੈਂਬਰ ਬਣੀ। ਮਹਾਰਾਣੀ ਪ੍ਰਨੀਤ ਕੌਰ ਜਿੱਤ ਕੇ ਕੇਂਦਰੀ ਰਾਜ ਮੰਤਰੀ ਬਣੀ। ਸਾਧੂ ਸਿੰਘ ਧਰਮਸੌਤ ਜਿੱਤ ਕੇ ਕੈਬਨਿਟ ਮੰਤਰੀ ਬਣੇ ਪਰ 1956 ਤੋਂ ਲੈ ਕੇ ਹੁਣ ਤੱਕ ਕੋਈ ਵੀ ਵਿਧਾਇਕ ਸ਼ਹਿਰ ਦੇ ਰਿਆਸਤੀ ਨਾਲੇ ਦੀ ਨਾ ਹੀ ਸੰਭਾਲ ਕਰ ਸਕਿਆ ਅਤੇ ਨਾ ਹੀ ਬਰਸਾਤੀ ਗੰਦੇ ਪਾਣੀ ਦੀ ਨਿਕਾਸੀ ਕਰਵਾਉਣ ਵਿਚ ਸਫਲ ਹੋਇਆ।
ਲੋਕਾਂ ਦਾ ਕਹਿਣਾ ਹੈ ਕਿ ਵਿਕਾਸ ਦੀ ਬਜਾਏ ਵਿਨਾਸ਼ ਹੋ ਰਿਹਾ ਹੈ। ਸ਼ਹਿਰ ਵਿਚ ਸੀਵਰੇਜ ਨਹੀਂ ਪੈ ਸਕਿਆ ਜੋ ਸਿਆਸਤਦਾਨਾਂ ਲਈ ਸ਼ਰਮ ਵਾਲੀ ਗੱਲ ਹੈ। ਪਿਛਲੇ 10-11 ਮਹੀਨਿਆਂ ਦੌਰਾਨ ਸ਼ਹਿਰ ਦੀ ਹੋਰ ਦੁਰਦਸ਼ਾ ਹੋ ਗਈ ਹੈ। ਲਗਭਗ 25 ਕਰੋੜ ਬਜਟ ਵਾਲੀ ਏ ਕਲਾਸ ਨਗਰ ਕੌਂਸਲ ਦੀ ਮਾਲੀ ਹਾਲਤ ਖਰਾਬ ਹੈ। ਵਿਕਾਸ ਕੰਮ ਠੱਪ ਪਏ ਹਨ। ਸ਼ਹਿਰ ਵਿਚ ਗੰਦਗੀ-ਕੂੜਾ ਕਰਕਟ ਚੁੱਕਣ ਦਾ ਪ੍ਰਾਈਵੇਟ ਠੇਕਾ 65 ਲੱਖ ਰੁਪਏ ਸਾਲਾਨਾ ਦਿੱਤਾ ਹੋਇਆ ਹੈ। ਕੌਂਸਲ ਪਾਸ ਗੰਦਗੀ ਲਈ ਥਾਂ ਨਹੀਂ, ਜਿਸ ਕਾਰਨ ਕਾਂਗਰਸੀ ਸ਼ਾਸਨ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਯਾਦ ਵਿਚ ਬਣਾਏ ਗਏ ਰਾਜੀਵ ਗਾਂਧੀ ਪਾਰਕ ਨੂੰ ਗੰਦਗੀ ਡੰਪ 5-6 ਮਹੀਨੇ ਪਹਿਲਾਂ ਬਣਾ ਦਿੱਤਾ ਗਿਆ ਹੈ। ਪਾਰਕ ਉਜਾੜ ਦਿੱਤਾ ਗਿਆ, ਜਿਸ ਕਾਰਨ ਕਾਂਗਰਸੀ ਖਫਾ ਹਨ ਕਿ ਰਾਜੀਵ ਜੀ ਦਾ ਬੁੱਤ ਗੰਦਗੀ ਅਤੇ ਬੇਸਹਾਰਾ ਪਸ਼ੂਆਂ ਵਿਚ ਹੀ ਘਿਰ ਗਿਆ ਹੈ। ਕੋਈ ਵੀ ਅਫਸਰ ਸ਼ਹਿਰ ਵਿਚ ਨਹੀਂ ਰਹਿੰਦਾ। ਸਰਕਾਰੀ ਕੋਠੀਆਂ ਵਿਚ ਨੌਕਰ ਐਸ਼ ਕਰਦੇ ਹਨ। ਮਜ਼ੇ ਦੀ ਗੱਲ ਹੈ ਕਿ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ, ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ, ਭਾਰਤੀ ਸੈਨਾ ਦੇ ਸਾਬਕਾ ਚੀਫ ਜਨਰਲ ਬਿਕਰਮ ਸਿੰਘ, ਸਾਬਕਾ ਐੱਮ. ਪੀ. ਜਗਮੀਤ ਸਿੰਘ ਬਰਾੜ, ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਬਚਪਨ ਇਥੇ ਬਤੀਤ ਹੋਇਆ। ਸਾ. ਗ੍ਰਹਿ ਮੰਤਰੀ ਨਿਰੰਜਣ ਸਿੰਘ ਤਾਲਿਬ ਤੇ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਲੰਬਾ ਸਮਾਂ ਇਥੇ ਸੁਤੰਤਰਤਾ ਸੰਗਰਾਮ ਦੌਰਾਨ ਰਹੇ। ਸਾਬਕਾ ਕੇਂਦਰੀ ਰੱਖਿਆ ਉਪ ਮੰਤਰੀ ਸੁਰਜੀਤ ਸਿੰਘ ਮਜੀਠੀਆ ਦੀ ਸ਼ਾਦੀ ਇਥੇ ਬ੍ਰਿਗੇਡੀਅਰ ਕੇ. ਪੀ. ਸਿੰਘ ਦੀ ਬੇਟੀ ਨਾਲ ਹੋਈ ਸੀ, ਜਿਸ ਕਾਰਨ ਹਰਸਿਮਰਤ ਕੌਰ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਦਾ ਬਚਪਨ ਇਥੇ ਤੇ ਗੌਰਖਪੁਰ ਬਤੀਤ ਹੋਇਆ ਪਰ ਸ਼ਾਹੀ ਨਗਰੀ ਲਾਵਾਰਿਸ ਬਣ ਕੇ ਰਹਿ ਗਈ ਹੈ ਤੇ ਸ਼ਾਹੀ ਕਿਲਾ ਢਹਿ-ਢੇਰੀ ਹੋ ਗਿਆ ਹੈ। ਸਰਕੂਲਰ ਰੋਤ 'ਤੇ ਡਿਵਾਈਡਰ ਨਹੀਂ, ਜਿਸ ਕਾਰਨ ਹਰੇਕ ਵਿਅਕਤੀ ਪਰੇਸ਼ਾਨ ਹੈ ਕਿ ਸ਼ਾਹੀ ਸ਼ਹਿਰ ਨੂੰ ਚਾਰ ਟੋਲ ਪਲਾਜ਼ਾ ਲਾ ਕੇ ਸਿਆਸੀ ਆਗੂਆਂ ਨੇ ਬਰਬਾਦ ਕਰ ਦਿੱਤਾ ਹੈ। ਸਰਕਾਰ ਭਾਵੇਂ ਕਿਸੇ ਦੀ ਵੀ ਹੋਵੇ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹਲ ਕਰਨ ਦੀ ਬਜਾਏ ਆਗੂਆਂ ਨੇ ਪਰੇਸ਼ਾਨੀਆਂ ਵਿਚ ਹੀ ਵਾਧਾ ਕੀਤਾ ਹੈ ਅਤੇ ਲੋਕੀ ਆਪਣੇ ਆਪ ਨੂੰ ਠੱਗੇ ਹੋਏ ਮਹਿਸੂਸ ਕਰ ਰਹੇ ਹਨ।


Related News