ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਤੇ ਮਾਘੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ : ਸੰਤ ਸੀਚੇਵਾਲ

Sunday, Jan 14, 2024 - 06:51 PM (IST)

ਸੁਲਤਾਨਪੁਰ ਲੋਧੀ- ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਅਤੇ ਮਾਘੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਨਿਰਮਲ ਕੁਟੀਆ ਸੀਚੇਵਾਲ ਤੋਂ ਸ਼ੁਰੂ ਹੋ ਕੇ ਸੱਤ ਪਿੰਡਾਂ ਦੀ ਪਰਿਕਰਮਾ ਕਰਦਾ ਹੋਇਆ ਮੁੜ ਸ਼ਾਮ ਨੂੰ ਸੀਚੇਵਾਲ ਆ ਕੇ ਸੰਪਨ ਹੋਇਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਇਹ ਨਗਰ ਕੀਤਰਨ ਵੱਖ-ਵੱਖ ਪਿੰਡਾਂ ਵਿੱਚੋਂ ਦੀ ਲੰਘਿਆ। ਇਸ ਦੌਰਾਨ ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੰਗਤਾਂ ਨੂੰ ਗੁਰਬਾਣੀ ਦੀ ਕਥਾ ਤੇ ਕੀਰਤਨ ਕਰਕੇ ਨਿਹਾਲ ਕੀਤਾ। ਇਹ ਨਗਰ ਕੀਰਤਨ ਨਿਰਮਲ ਕੁਟੀਆ ਸੀਚੇਵਾਲ ਤੋਂ ਚੱਲ ਕੇ ਪਿੰਡ ਚੱਕ ਚੇਲਾ, ਨਿਹਾਲੂਵਾਲ, ਮੁਰੀਦਵਾਲ, ਕਾਸੂਵਾਲ, ਰੂਪੈਵਾਲ, ਅੱਡਾ ਰੂਪੈਵਾਲ, ਮਹਿਮੂਵਾਲ ਤੋਂ ਮਾਲੂਪੁਰ ਹੁੰਦਾ ਹੋਇਆ ਨਿਰਮਲ ਕੁਟੀਆ ਆ ਕੇ ਸੰਪਨ ਹੋਇਆ। ਨਗਰ ਕੀਰਤਨਾਂ ਵਿੱਚ ਸੰਗਤਾਂ ਨੂੰ ਬੂਟਿਆਂ ਦਾ ਪ੍ਰਸ਼ਾਦ ਵੰਡਣ ਦੀ ਆਪਣੀ ਪਿਰਤ ਨੂੰ ਕਾਇਮ ਰੱਖਦਿਆਂ  ਸੰਤ ਸੀਚੇਵਾਲ ਨੇ ਮਾਘੀ ਦੇ ਇਸ ਨਗਰ ਕੀਰਤਨ ਵਿੱਚ ਵੀ ਬੂਟੇ ਵੱਡੇ ਪੱਧਰ ‘ਤੇ ਵੰਡੇ।

PunjabKesari

ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਜਲਵਾਯੂ ਵਿੱਚ ਆਲਮੀ ਪੱਧਰ ‘ਤੇ ਆਈਆਂ ਤਬਦੀਲੀਆਂ ਦਾ ਸਿੱਧਾ ਅਸਰ ਪੰਜਾਬ ‘ਤੇ ਪੈਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਇੱਕ ਰਿਪੋਰਟ ਦੇ ਹਵਾਲੇ ਨਾਲ ਦੱਸਿਆ ਕਿ ਪੰਜਾਬ ਦੇ 8 ਜਿਲ੍ਹੇ ਜਲਵਾਯੂ ਤਬਦੀਲੀ ਦੀ ਮਾਰ ਹੇਠ ਆਏ ਹੋਏ ਹਨ। ਉਨ੍ਹਾਂ ਕਿਹਾ ਕਿ ਜੇ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਸਾਫ ਹਵਾ ਤੇ ਪਾਣੀ ਨੂੰ ਨਾ ਸੰਭਾਲਿਆ ਤਾਂ ਪੰਜਾਬ ਦੀ ਧਰਤੀ ‘ਤੇ ਵੱਡਾ ਸੰਕਟ ਖੜਾ ਹੋ ਜਾਵੇਗਾ।

PunjabKesari

ਸੰਤ ਸੀਚੇਵਾਲ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਪੈਟਰੋਲ ਪੰਪਾਂ ‘ਤੇ ਦੋ ਘੰਟਿਆਂ ਵਿੱਚ ਤੇਲ ਮੁਕ ਗਿਆ ਸੀ ਤਾਂ ਦੇਸ਼ ਵਿੱਚ ਡਰ ਦਾ ਮਾਹੌਲ ਬਣ ਗਿਆ ਸੀ। ਉਨ੍ਹਾਂ ਕਿਹਾ ਕਿ ਜਦੋਂ ਸੰਨ 2039 ਵਿੱਚ ਧਰਤੀ ਹੇਠਲਾ ਪਾਣੀ ਇੱਕ ਹਜ਼ਾਰ ਫੁੱਟ ਤੱਕ ਡੂੰਘਾ ਚਲਿਆ ਜਾਵੇਗਾ ਤਾਂ ਉਸ ਵੇਲੇ ਖੇਤੀ ਕਿਵੇਂ ਹੋਵੇਗੀ ਤੇ ਅਸੀ ਕਿਵੇਂ ਜੀਵਾਂਗੇ ਇਸ ਬਾਰੇ ਨਾ ਤਾਂ ਅਸੀ ਸੋਚ ਰਹੇ ਤੇ ਨਾਹ ਹੀ ਸਾਨੂੰ ਇਸਦੀ ਕੋਈ ਚਿੰਤਾ ਹੈ? ਉਨ੍ਹਾਂ ਕਿਹਾ ਕਿ ਤੇਲ ਤੋਂ ਬਿਨ੍ਹਾਂ ਤਾਂ ਜਿੰਦਗੀ ਗੁਜ਼ਾਰੀ ਜਾ ਸਕਦੀ ਪਰ ਜੇ ਪਾਣੀ ਹੀ ਸਾਡੇ ਕੋਲ ਨਾ ਬਚੇ ਤਾਂ ਫਿਰ ਕੀ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਵੇਲੇ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀ ਕਿਹੋ ਜਿਹਾ ਪੰਜਾਬ ਛੱਡ ਕੇ ਜਾ ਰਹੇ ਹਾਂ ਇਹ ਵੱਡੀ ਚਣੌਤੀ ਬਣਿਆ ਹੋਇਆ ਹੈ।

PunjabKesari
ਸੰਤ ਸੀਚੇਵਾਲ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਾਣੀ ਦੀ ਵਰਤੋਂ ਸੰਜਮ ਨਾਲ ਕਰਨ ਅਤੇ ਫਸਲਾਂ ਨੂੰ ਅੰਨ੍ਹੇਵਾਹ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਪਾਉਣ ਤੋਂ ਗੁਰੇਜ਼ ਕੀਤਾ ਜਾਵੇ। ਇਸ ਮੌਕੇ ਗੱਤਕਾ ਖਿਡਾਰੀਆਂ ਨੇ ਨਗਰ ਕੀਤਰਨ ਦੇ ਅੱਗੇ-ਅੱਗੇ ਆਪਣੀ ਕਲਾ ਦੇ ਲਗਾਤਾਰ ਜੌਹਰ ਦਿਖਾਏ। ਪਿੰਡਾਂ ਵਿੱਚ ਨਗਰ ਕੀਰਤਨ ਵਿੱਚ ਸ਼ਾਮਿਲ ਸੰਗਤਾਂ ਲਈ ਲੰਗਰਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ।

PunjabKesari

ਕੀਰਤਨ ਦੌਰਾਨ ਸੰਤ ਅਵਤਾਰ ਸਿੰਘ ਯਾਦਗਾਰੀ ਸੀਨੀਅਰ ਸੈਕੰਡਰੀ ਸਕੂਲ ਸੀਚੇਵਾਲ ਦੇ ਬੱਚਿਆ ਨੇ ਵੀ ਰਸਭਿੰਨਾ ਕੀਰਤਨ ਕੀਤਾ। ਨਿਰਮਲ ਕੁਟੀਆ ਸੀਚੇਵਾਲ ਦੇ ਹਾਜ਼ੂਰੀ ਰਾਗੀ ਤੇਜਿੰਦਰ ਸਿੰਘ ਸਰਪੰਚ ਦੇ ਜੱਥੇ ਨੇ ਸੰਗਤਾਂ ਨੂੰ ਮਾਘੀ ਦੇ ਪ੍ਰਥਾਏ ਪ੍ਰਸੰਗ ਸੁਣਾਇਆ।

PunjabKesari
ਇਸ ਮੌਕੇ ਸੰਤ ਸੁਖਜੀਤ ਸਿੰਘ, ਸੰਤ ਗੁਰਮੇਜ਼ ਸਿੰਘ ਜੀ, ਸੁਰਜੀਤ ਸਿੰਘ ਸ਼ੰਟੀ, ਸਰਪੰਚ ਜੋਗਾ ਸਿੰਘ, ਬੂਟਾ ਸਿੰਘ, ਅਮਰੀਕ ਸਿੰਘ ਸੰਧੂ ਤੇ ਹੋਰ ਇਲਾਕੇ ਦੇ ਪੰਚ-ਸਰਪੰਚ ਹਾਜ਼ਰ ਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Aarti dhillon

Content Editor

Related News