ਬੱਚਿਆਂ ਦੇ 95 ਫੀਸਦੀ ਟੀਕਾਕਰਣ ਨਾਲ 'ਪੰਜਾਬ' ਦੇਸ਼ ਦਾ ਮੋਹਰੀ ਸੂਬਾ

Wednesday, Oct 23, 2019 - 10:06 AM (IST)

ਬੱਚਿਆਂ ਦੇ 95 ਫੀਸਦੀ ਟੀਕਾਕਰਣ ਨਾਲ 'ਪੰਜਾਬ' ਦੇਸ਼ ਦਾ ਮੋਹਰੀ ਸੂਬਾ

ਚੰਡੀਗੜ੍ਹ : ਹੈਲਥ ਮੈਨੇਜਮੈਂਟ ਇੰਫੋਰਮੇਸ਼ਨ ਸਿਸਟਮ 2018-19 ਮੁਤਾਬਕ ਬੱਚਿਆਂ ਦਾ 95 ਫੀਸਦੀ ਟੀਕਾਕਰਣ ਅਤੇ ਨੈਸ਼ਨਲ ਫੈਮਲੀ ਹੈਲਥ ਸਰਵੇ-4 ਮੁਤਾਬਕ ਬੱਚਿਆਂ ਦਾ 89.1 ਫੀਸਦੀ ਟੀਕਾਕਰਣ ਕਰਨ ਨਾਲ ਪੰਜਾਬ ਦੇਸ਼ ਭਰ 'ਦੇ ਮੋਹਰੀ ਸੂਬਿਆਂ 'ਚ ਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਇਸ ਸਮੇਂ ਸਿਹਤ ਵਿਭਾਗ ਬੱਚਿਆਂ ਦਾ ਟੀ. ਬੀ., ਹੈਪੇਟਾਈਟਸ ਬੀ, ਪੋਲੀਓਮਾਈਲਾਇਟਿਸ, ਡਾਈਫਥੇਰੀਆ, ਪਰਟੂਸਿਸ, ਟੈਟਨਸ, ਹੀਮੋਫਿਲਸ ਇਨਫਲੂਐਂਜਾ ਬੀ, ਰੋਟਾਵਾਇਰਸ ਡਾਈਰੀਆ, ਮੀਜ਼ਲਜ਼ (ਖਸਰਾ) ਅਤੇ ਰੁਬੇਲਾ ਸਮੇਤ ਦਸ ਬਿਮਾਰੀਆਂ ਦੀ ਰੋਕਥਾਮ ਲਈ ਟੀਕਾਕਰਨ ਕਰ ਰਿਹਾ ਹੈ।

ਉਨ੍ਹਾਂ ਕਿਹਾ ਕਿ ਇਹ ਜ਼ਰੂਰੀ ਟੀਕੇ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਨੂੰ ਯਕੀਨੀ ਬਣਾਉਂਦੇ ਹਨ ਅਤੇ ਦੇਸ਼ 'ਚ ਲੱਖਾਂ ਬੱਚਿਆਂ ਦੀ ਮੌਤ ਦਾ ਕਾਰਨ ਬਣਨ ਵਾਲੇ ਖਤਰਨਾਕ ਰੋਗਾਂ ਤੋਂ ਬੱਚਿਆਂ ਦਾ ਬਚਾਅ ਵੀ ਕਰਦੇ ਹਨ। ਮੰਤਰੀ ਨੇ ਕਿਹਾ ਕਿ ਜਿਹੜੇ ਬੱਚੇ, ਇਹ ਸਾਰੇ ਟੀਕੇ ਲਗਵਾਉਣ 'ਚ ਅਸਫਲ ਰਹਿੰਦੇ ਹਨ, ਉਹ ਅਕਸਰ ਜ਼ਿਆਦਾ ਬੀਮਾਰ ਰਹਿੰਦੇ ਹਨ ਅਤੇ ਉਹ ਕੁਪੋਸ਼ਣ ਦਾ ਸਕਾਰ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਆਂਕੜਿਆਂ ਮੁਤਾਬਕ ਬਿਨਾ ਟੀਕਾਕਰਨ ਵਾਲੇ ਬੱਚਿਆਂ ਦੀ ਮੌਤ ਦਰ ਟੀਕਾਕਰਨ ਵਾਲੇ ਬੱਚਿਆਂ ਦੇ ਮੁਕਾਬਲੇ ਵਧੇਰੇ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਭਾਰਤ ਵਿੱਚ ਨਵਜੰਮੇ ਬੱਚਿਆਂ ਅਤੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਰ ਵਿੱਚ ਕਮੀ ਵੇਖੀ ਗਈ ਹੈ, ਜਦਕਿ ਇਸ ਕੌਮੀ ਪ੍ਰਾਪਤੀ ਦੇ ਮੁਕਾਬਲੇ ਪੰਜਾਬ ਸੂਬੇ ਵਿੱਚ ਕਾਫੀ ਜ਼ਿਆਦਾ ਕਮੀ ਦਰਜ ਕੀਤੀ ਗਈ ਹੈ।

ਬਲਬੀਰ ਸਿੰਘ ਸਿੱਧੂ ਨੇ ਅੱਗੇ ਕਿਹਾ ਕਿ ਟੀਕਾਕਰਨ ਨੇ ਬੱਚਿਆਂ 'ਚ ਪ੍ਰਮੁੱਖ ਬਿਮਾਰੀਆਂ ਅਤੇ ਮੌਤ ਦਰ ਵਿਚ ਕਮੀ ਲਿਆਉਣ ਸਬੰਧੀ ਅਹਿਮ ਭੂਮਿਕਾ ਨਿਭਾਈ ਹੈ, ਜੋ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮੁੱਖ ਟੀਚਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਹਾਕੇ ਦੌਰਾਨ ਸਰਕਾਰ ਵੱਲੋਂ ਪੋਲੀਓ ਦਾ ਖਾਤਮਾ ਕੀਤਾ, ਮੀਜਲਜ ਦੀ ਦੂਜੀ ਖੁਰਾਕ, ਪੇਂਟਾਵੈਲੰਟ ਟੀਕਾ, ਟ੍ਰੀਵਾਲੈਂਟ ਤੋਂ ਬਾਈਵਾਲੈਂਟ ਓ.ਪੀ.ਵੀ. ਵਿਚ ਸ਼ਿਫਟਿੰਗ, ਟੀਕਾਕਰਨਯੋਗ ਪੋਲੀਓ ਟੀਕੇ ਦੀ ਸ਼ੁਰੂਆਤ ਕੀਤੀ, ਇੱਕ ਸਫਲ ਮੀਜਲਜ-ਰੁਬੇਲਾ (ਐਮ.ਆਰ.) ਮੁਹਿੰਮ ਚਲਾਈ ਅਤੇ ਐਮ.ਆਰ. ਟੀਕਾਕਰਣ ਵੀ ਸ਼ੁਰੂ ਕੀਤਾ। ਮੰਤਰੀ ਨੇ ਕਿਹਾ ਕਿ ਹਾਲ ਹੀ 'ਚ ਸਿਹਤ ਵਿਭਾਗ ਨੇ ਵੱਡੀ ਉਮਰ ਦੇ ਸਮੂਹਾਂ ਵਿੱਚ ਡਿਪਥੀਰੀਆ ਦੀ ਰੋਕਥਾਮ ਲਈ ਟੀਕਾਕਰਣ ਪ੍ਰੋਗਰਾਮ ਵਿਚ ਡਿਪਥੀਰੀਆ ਟੀਕੇ (ਟੀ.ਟੀ. ਤੋਂ ਟੀ.ਡੀ. ਵਿੱਚ ਤਬਦੀਲ) ਦੀ ਅਡੱਲਟ ਡੋਜ਼ ਵੀ ਸ਼ੁਰੂ ਕੀਤੀ ਹੈ। ਉਹਨਾਂ ਕਿਹਾ ਕਿ ਇਸ ਪ੍ਰਕਿਰਿਆ ਨੂੰ ਜਾਰੀ ਰੱਖਦਿਆਂ ਅਗਸਤ, 2019 ਵਿੱਚ ਰੋਟਾਵਾਇਰਸ ਟੀਕਾ ਵੀ ਲਾਂਚ ਕੀਤਾ ਗਿਆ ਹੈ।


author

Babita

Content Editor

Related News