6 ਸਾਲਾ ਬੱਚੇ ਦੀ ਮੌਤ ਦੇ ਮਾਮਲੇ ’ਚ ਪੁਲਸ ਦਾ ਵੱਡਾ ਖੁਲਾਸਾ
Sunday, Sep 01, 2019 - 06:44 PM (IST)

ਨਵਾਂਸ਼ਹਿਰ (ਤ੍ਰਿਪਾਠੀ)– 6 ਸਾਲਾ ਬੱਚੇ ਦੀ ਬੇਰਹਿਮੀ ਨਾਲ ਹੱਤਿਆ ਕਰਨ ਵਾਲੇ ਨਾਬਾਲਗ ਮੁਲਜ਼ਮ ਨੂੰ ਪੁਲਸ ਨੇ ਕੁਝ ਹੀ ਘੰਟਿਆਂ ਬਾਅਦ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਨੇ ਹੱਤਿਆ ਤੋਂ ਪਹਿਲਾਂ ਬੱਚੇ ਨਾਲ ਕੁਕਰਮ ਕਰਨ ਦਾ ਖੁਲਾਸਾ ਕੀਤਾ ਹੈ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਅਲਕਾ ਮੀਨਾ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਨੇ ਥਾਣਾ ਸਿਟੀ ਪੁਲਸ ਨੂੰ ਬੀਤੀ 31 ਅਗਸਤ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ ਬਿਹਾਰ ਦਾ ਰਹਿਣ ਵਾਲਾ ਹੈ ਅਤੇ ਹੁਣ ਆਪਣੇ 3 ਬੱਚਿਆਂ ਅਤੇ ਪਤਨੀ ਨਾਲ ਨਵਾਂਸ਼ਹਿਰ ਦੇ ਫੋਕਲ ਪੁਆਇੰਟ ਵਿਖੇ ਰਹਿ ਰਿਹਾ ਹੈ। ਉਸ ਨੇ ਕਿਹਾ ਕਿ ਉਹ ਰੋਜ਼ੀ-ਰੋਟੀ ਲਈ ਲੁਧਿਆਣਾ ’ਚ ਛੋਟਾ ਹਾਥੀ ਚਲਾਉਂਦਾ ਹੈ ਅਤੇ ਹਫਤੇ ’ਚ ਸਿਰਫ 1 ਦਿਨ ਹੀ ਘਰ ਆਉਂਦਾ ਹੈ। ਉਸ ਨੇ ਦੱਸਿਆ ਕਿ 30 ਅਗਸਤ ਨੂੰ ਉਸ ਦਾ 6 ਸਾਲਾ ਲਡ਼ਕਾ ਜੋ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਦੂਜੀ ਜਮਾਤ ’ਚ ਪਡ਼੍ਹਦਾ ਸੀ, ਕਰੀਬ ਢਾਈ ਵਜੇ ਘਰ ਤੋਂ ਕਾਪੀ ਲੈਣ ਲਈ ਦੁਕਾਨ ’ਤੇ ਗਿਆ ਸੀ ਪਰ ਘਰ ਵਾਪਸ ਨਹੀਂ ਆਇਆ। ਸ਼ਨੀਵਾਰ ਨੂੰ ਉਸ ਨੇ ਫੋਕਲ ਪੁਆਇੰਟ ’ਚ ਸਥਿਤ ਫੈਕਟਰੀ ਨੇਡ਼ੇ ਇਕ ਖਾਲੀ ਪਲਾਟ ’ਚ ਆਪਣੇ ਲਡ਼ਕੇ ਦੀ ਲਾਸ਼ ਦੇਖੀ, ਜੋ ਖੂਨ ਨਾਲ ਲਥਪਥ ਸੀ, ਸਿਰ ’ਤੇ ਸੱਟ ਦੇ ਨਿਸ਼ਾਨ ਸਨ ਅਤੇ ਖੂਨ ਨਿਕਲਿਆ ਹੋਇਆ ਸੀ।
ਉਸ ਨੇ ਪੁਲਸ ਨੂੰ ਸ਼ਿਕਾਇਤ ’ਚ ਦੱਸਿਆ ਕਿ ਉਸ ਨਾਲ ਕੁਕਰਮ ਕਰਕੇ ਹੱਤਿਆ ਕੀਤੀ ਗਈ ਹੈ। ਐੱਸ. ਐੱਸ. ਪੀ. ਨੇ ਉਪਰੋਕਤ ਸ਼ਿਕਾਇਤ ਦੇ ਆਧਾਰ ’ਤੇ ਧਾਰਾ 365, 377 ਅਤੇ ਪੋਸਕੋ ਐਕਟ ਤਹਿਤ ਮਾਮਲਾ ਦਰਜ ਕਰਕੇ ਵੱਖ-ਵੱਖ ਪੁਲਸ ਟੀਮਾਂ ਦਾ ਗਠਨ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ। ਫੋਕਲ ਪੁਆਇੰਟ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਤੋਂ ਮਿਲੇ ਕਲੂ ਦੇ ਆਧਾਰ ’ਤੇ ਪੁਲਸ ਨੇ ਮੁਲਜ਼ਮ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਪ੍ਰਵਾਸੀ ਮਜ਼ਦੂਰ ਪਰਿਵਾਰ ਦਾ ਹੈ ਅਤੇ ਨਾਬਾਲਗ ਲੱਗ ਰਿਹਾ ਹੈ। ਉਸ ਦੀ ਉਮਰ ਦੇ ਪ੍ਰਮਾਣ ਹਾਸਲ ਕਰਨ ਲਈ ਹੋਰ ਸੂਬੇ ’ਚ ਰਹਿਣ ਵਾਲੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਐੱਸ. ਐੱਸ. ਪੀ. ਅਨੁਸਾਰ ਮੁਲਜ਼ਮ ਨੌਜਵਾਨ ਨੇ ਪਡ਼ਤਾਲ ਦੌਰਾਨ ਦੱਸਿਆ ਕਿ ਉਪਰੋਕਤ ਬੱਚੇ ਨੂੰ ਜ਼ਬਰਦਸਤੀ ਆਪਣੇ ਨਾਲ ਲਿਜਾ ਕੇ ਕੁਕਰਮ ਕੀਤਾ ਸੀ, ਜਿਸ ਕਰਕੇ ਖੂਨ ਨਿਕਲਣ ਕਾਰਨ ਉਹ ਬੇਹੋਸ਼ ਹੋ ਗਿਆ। ਉਸ ਨੇ ਸਿਰ ’ਤੇ ਸੱਟ ਮਾਰ ਕੇ ਹੱਤਿਆ ਕਰ ਦਿੱਤੀ। ਐੱਸ. ਐੱਸ. ਪੀ. ਨੇ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਇਸ ਮੌਕੇ ਐੱਸ. ਪੀ. ਵਜ਼ੀਰ ਸਿੰਘ ਖਹਿਰਾ, ਡੀ. ਐੱਸ. ਪੀ. ਕੈਲਾਸ਼ ਚੰਦਰ, ਐੱਸ. ਐੱਚ. ਓ. ਕੁਲਜੀਤ ਸਿੰਘ ਅਤੇ ਸੀ. ਆਈ. ਏ. ਦੇ ਇੰਚਾਰਜ ਇੰਸਪੈਕਟਰ ਅਜੀਤ ਪਾਲ ਸਿੰਘ ਵੀ ਮੌਜੂਦ ਸਨ।
ਜਿਸ ਫੈਕਟਰੀ ਮਾਲਕ ਦੇ ਘਰ ਮ੍ਰਿਤਕ ਦੀ ਮਾਂ ਕੰਮ ਕਰਦੀ ਸੀ, ਉਥੇ ਹੀ ਕੰਮ ਕਰਦਾ ਸੀ ਮੁਲਜ਼ਮ
ਘਟਨਾ ਸਥਾਨ ਦਾ ਦੌਰਾ ਕਰਨ ’ਤੇ ਪਤਾ ਲੱਗਾ ਕਿ ਜਿਸ ਫੈਕਟਰੀ ਮਾਲਕ ਦੇ ਘਰ ’ਚ ਮ੍ਰਿਤਕ ਬੱਚੇ ਦੀ ਮਾਂ ਕੰਮ ਕਰਦੀ ਸੀ, ਉਸੇ ਫੈਕਟਰੀ ’ਚ ਮੁਲਜ਼ਮ ਵੀ ਕੰਮ ਕਰਦਾ ਸੀ, ਜਿਸ ਕਰਕੇ ਉਹ ਉਸ ਨੂੰ ਜਾਣਦਾ ਸੀ। ਸੀ. ਸੀ. ਟੀ. ਵੀ. ਫੁਟੇਜ ’ਚ ਜਿਸ ਤਰ੍ਹਾਂ ਮੁਲਜ਼ਮ ਮ੍ਰਿਤਕ ਨੂੰ ਦੇਖ ਕੇ ਬਚਾਅ ਲਈ ਦੌਡ਼ਨ ਲੱਗਦਾ ਹੈ, ਉਸ ਨਾਲ ਇਹ ਸੰਭਾਵਨਾ ਬਣਦੀ ਹੈ ਕਿ ਉਹ ਪਹਿਲਾਂ ਵੀ ਬੱਚੇ ’ਤੇ ਬੁਰੀ ਨਜ਼ਰ ਰੱਖਦਾ ਹੋਵੇਗਾ।
ਬਿਨਾਂ ਪੁਲਸ ਵੈਰੀਫਿਕੇਸ਼ਨ ਦੇ ਫੈਕਟਰੀ ’ਚ ਕੰਮ ਕਰਦਾ ਸੀ ਮੁਲਜ਼ਮ
ਜਾਣਕਾਰੀ ਮੁਤਾਬਕ ਗ੍ਰਿਫਤਾਰ ਮੁਲਜ਼ਮ ਦੀ ਉਮਰ ਕਰੀਬ 17 ਸਾਲ ਦੱਸੀ ਜਾ ਰਹੀ ਹੈ, ਜੋ ਪਿਛਲੇ ਡੇਢ ਸਾਲ ਤੋਂ ਇਕ ਫੈਕਟਰੀ ’ਚ ਕੰਮ ਕਰਦਾ ਸੀ। ਪੁਲਸ ਨੇ ਖੁਲਾਸਾ ਕੀਤਾ ਕਿ ਉਕਤ ਨੌਜਵਾਨ ਨੂੰ ਫੈਕਟਰੀ ਵਿਚ ਬਿਨਾਂ ਕਿਸੇ ਵੈਰੀਫਿਕੇਸ਼ਨ ਦੇ ਜਿਥੇ ਰੱਖਿਆ ਗਿਆ, ਉਥੇ ਹੀ ਚਾਈਲਡ ਲੇਬਰ ਦਾ ਵੀ ਮਾਮਲਾ ਬਣਦਾ ਹੈ, ਜਿਸ ਸਬੰਧੀ ਡਿਪਟੀ ਕਮਿਸ਼ਨਰ ਨੂੰ ਲਿਖਿਆ ਜਾਵੇਗਾ।