ਨਾਨਕੇ ਘਰ ਗਏ ਬੱਚੇ ਨਾਲ ਵਾਪਰੀ ਦੁਖ਼ਦ ਘਟਨਾ, ਕਰੰਟ ਲੱਗਣ ਕਾਰਨ ਮੌਤ

Sunday, Jul 26, 2020 - 04:20 PM (IST)

ਨਾਨਕੇ ਘਰ ਗਏ ਬੱਚੇ ਨਾਲ ਵਾਪਰੀ ਦੁਖ਼ਦ ਘਟਨਾ, ਕਰੰਟ ਲੱਗਣ ਕਾਰਨ ਮੌਤ

ਬਨੂੜ (ਗੁਰਪਾਲ) : ਸਥਾਨਕ ਵਾਰਡ ਨੰਬਰ-11 ’ਚ ਇਕ 9 ਸਾਲਾ ਬੱਚੇ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਪਰਮਜੀਤ ਸਿੰਘ ਨੇ ਦੱਸਿਆ ਕਿ ਪ੍ਰਿੰਸ (9) ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਖੰਨੇ ਮਾਜਰਾ ਜ਼ਿਲ੍ਹਾ ਅੰਬਾਲਾ, ਹਰਿਆਣਾ ਤੋਂ ਆਪਣੇ ਭਰਾ ਅਤੇ ਮਾਂ ਨਾਲ ਨਾਨਕੇ ਘਰ ਆਇਆ ਹੋਇਆ ਸੀ। ਬੀਤੀ ਸ਼ਾਮ ਉਸ ਦੀ ਮਾਂ ਸਹਿਜ ਰਾਣੀ ਨਹਾ ਰਹੀ ਸੀ ਅਤੇ ਬੱਚਾ ਕੂਲਰ ਚਲਾਉਣ ਲੱਗ ਪਿਆ।

ਬੱਚੇ ਨੂੰ ਜ਼ੋਰਦਾਰ ਕਰੰਟ ਲੱਗਾ ਅਤੇ ਉਹ ਜ਼ਮੀਨ ’ਤੇ ਡਿੱਗ ਪਿਆ। ਉਸ ਨੂੰ ਧਰਤੀ ’ਤੇ ਡਿਗੇ ਨੂੰ ਦੇਖ ਉਸ ਦਾ ਭਰਾ ਆਪਣੀ ਮਾਂ ਨੂੰ ਬੁਲਾ ਕੇ ਲਿਆਇਆ। ਜਦੋਂ ਉਸ ਦੀ ਮਾਂ ਆਈ ਤਾਂ ਦੇਖਿਆ ਕਿ ਬੱਚਾ ਧਰਤੀ ’ਤੇ ਬੇਹੋਸ਼ ਹੋਇਆ ਪਿਆ ਸੀ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੀ ਮਦਦ ਨਾਲ ਬੱਚੇ ਨੂੰ ਬਨੂੜ ਦੇ ਸਰਕਾਰੀ ਹਸਪਤਾਲ ਵਿਖੇ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਕਰਾਰ ਦਿੱਤਾ।  
ਏ. ਐੱਸ. ਆਈ. ਪਰਮਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਬੱਚੇ ਦੀ ਮਾਂ ਦੇ ਬਿਆਨਾਂ ਦੇ ਆਧਾਰ ’ਤੇ ਧਾਰਾ-174 ਅਧੀਨ ਕਾਰਵਾਈ ਅਮਲ ’ਚ ਲਿਆਂਦੀ ਗਈ ਹੈ ਅਤੇ ਬੱਚੇ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।
 


author

Babita

Content Editor

Related News