ਚੀਫ਼ ਵਿਜੀਲੈਂਸ ਆਫਿਸਰ ਦੀ ਟੀਮ ਨੇ ਚੰਡੀਗੜ੍ਹ ਤੋਂ ਜਲੰਧਰ ਆ ਕੇ ਕਈ ਨਾਜਾਇਜ਼ ਬਿਲਡਿੰਗਾਂ ਨੂੰ ਕੀਤਾ ਚੈੱਕ
Friday, Dec 16, 2022 - 12:49 PM (IST)
ਜਲੰਧਰ (ਖੁਰਾਣਾ)–ਪੰਜਾਬ ਸਰਕਾਰ ਦੇ ਲੋਕਲ ਬਾਡੀਜ਼ ਮਹਿਕਮੇ ਦੇ ਚੀਫ਼ ਵਿਜੀਲੈਂਸ ਆਫਿਸਰ ਵੱਲੋਂ ਭੇਜੀ ਗਈ ਵਿਜੀਲੈਂਸ ਅਧਿਕਾਰੀਆਂ ਦੀ ਇਕ ਟੀਮ ਨੇ ਵੀਰਵਾਰ ਚੰਡੀਗੜ੍ਹ ਤੋਂ ਜਲੰਧਰ ਆ ਕੇ ਨਾਜਾਇਜ਼ ਬਿਲਡਿੰਗਾਂ ਅਤੇ ਨਾਜਾਇਜ਼ ਕਾਲੋਨੀਆਂ ਨਾਲ ਸਬੰਧਤ ਕਈ ਮੌਕੇ ਦੇਖੇ ਅਤੇ ਕਈਆਂ ਦੀ ਜਾਂਚ ਵੀ ਕੀਤੀ। ਇਸ ਦੌਰਾਨ ਨਗਰ ਨਿਗਮ ਦੇ ਕਈ ਅਧਿਕਾਰੀ ਮੌਜੂਦ ਰਹੇ। 4 ਅਧਿਕਾਰੀਆਂ ’ਤੇ ਆਧਾਰਿਤ ਇਹ ਟੀਮ ਦੁਪਹਿਰ ਹੋਣ ਤੋਂ ਪਹਿਲਾਂ ਹੀ ਜਲੰਧਰ ਨਿਗਮ ਵਿਚ ਪਹੁੰਚ ਗਈ ਸੀ ਅਤੇ ਇਹ ਟੀਮ ਰਾਤ 7.30 ਵਜੇ ਜਲੰਧਰ ਤੋਂ ਚੰਡੀਗੜ੍ਹ ਲਈ ਰਵਾਨਾ ਹੋਈ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਬੈਠੇ ਪੰਜਾਬ ਸਰਕਾਰ ਦੇ ਵੱਖ-ਵੱਖ ਅਧਿਕਾਰੀਆਂ ਨੂੰ ਪਿਛਲੇ ਸਮੇਂ ਤੋਂ ਸ਼ਹਿਰ ਦੀਆਂ ਨਾਜਾਇਜ਼ ਆਦਿ ਬਿਲਡਿੰਗਾਂ ਬਾਰੇ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਸਨ ਪਰ ਉਨ੍ਹਾਂ ਸ਼ਿਕਾਇਤਾਂ ਦੇ ਆਧਾਰ ’ਤੇ ਜਲੰਧਰ ਨਿਗਮ ਦੇ ਅਧਿਕਾਰੀ ਕੋਈ ਪ੍ਰਵਾਹ ਨਹੀਂ ਕਰ ਰਹੇ ਸਨ ਅਤੇ ਨਾ ਹੀ ਚੰਡੀਗੜ੍ਹ ਤੋਂ ਮਾਰਕ ਹੋਈਆਂ ਸ਼ਿਕਾਇਤਾਂ ਦਾ ਜਵਾਬ ਹੀ ਭੇਜਿਆ ਜਾ ਰਿਹਾ ਸੀ। ਇਸੇ ਕਾਰਨ ਚੀਫ਼ ਵਿਜੀਲੈਂਸ ਆਫਿਸਰ ਰਾਜੀਵ ਸੇਖੜੀ ਵੱਲੋਂ ਵੀਰਵਾਰ ਆਪਣੀ ਟੀਮ ਨੂੰ ਜਲੰਧਰ ਨਿਗਮ ਭੇਜਿਆ ਗਿਆ, ਜਿਸ ਨੂੰ ਦੇਖ ਕੇ ਨਿਗਮ ਅਧਿਕਾਰੀਆਂ ਵਿਚ ਇਕ ਵਾਰ ਤਾਂ ਹੜਕੰਪ ਮਚ ਗਿਆ।
ਇਹ ਵੀ ਪੜ੍ਹੋ : ਨਸ਼ੇ ਨੇ ਉਜਾੜਿਆ ਘਰ, ਭੂਆ ਕੋਲ ਆਏ ਨੌਜਵਾਨ ਨੇ ਫੁੱਫੜ ਨਾਲ ਲਈ ਨਸ਼ੇ ਦੀ ਓਵਰਡੋਜ਼, ਹੋਈ ਮੌਤ
ਸ਼ਾਲੀਮਾਰ ਗਾਰਡਨ ਤੋਂ ਇਲਾਵਾ ਚਾਰਕੋਲ, ਦੇਸੀ ਮੂਡ ਵਰਗੀਆਂ ਬਿਲਡਿੰਗਾਂ ਦੀ ਵੀ ਹੋਈ ਜਾਂਚ
ਚੰਡੀਗੜ੍ਹ ਤੋਂ ਆਈ ਚੀਫ ਵਿਜੀਲੈਂਸ ਆਫਿਸਰ ਦੀ ਟੀਮ ਨੇ ਜਿਥੇ ਬਸਤੀ ਪੀਰਦਾਦ ਅਤੇ ਲੈਦਰ ਕੰਪਲੈਕਸ ਰੋਡ ’ਤੇ ਨਾਜਾਇਜ਼ ਢੰਗ ਨਾਲ ਬਣੀਆਂ ਦੁਕਾਨਾਂ ਦੇ ਮੌਕੇ ਚੈੱਕ ਕੀਤੇ, ਉਥੇ ਹੀ ਮਿਸ਼ਨ ਕੰਪਾਊਂਡ ਦੇ ਅੰਦਰ ਬਣੀ ਇਕ ਮਾਰਕੀਟ, ਆਦਰਸ਼ ਨਗਰ ਪਾਰਕ ਦੇ ਸਾਹਮਣੇ ਰਿੰਪੀ ਰੇਡੀਓਜ਼ ਦੀ ਵੱਡੀ ਬਿਲਡਿੰਗ, ਕਪੂਰਥਲਾ ਰੋਡ ’ਤੇ ਸਿਗਮਾ ਹਸਪਤਾਲ ਅਤੇ ਪੀ. ਐੱਮ. ਜੀ. ਹਸਪਤਾਲ ਨੂੰ ਵੀ ਜਾਂਚ ਦੇ ਘੇਰੇ ਵਿਚ ਰੱਖਿਆ। ਇਸੇ ਟੀਮ ਨੇ ਮਾਡਲ ਟਾਊਨ ਜਾ ਕੇ ਗੀਤਾ ਮੰਦਿਰ ਨੇੜੇ ਇਕ ਕੋਠੀ ਵਿਚ ਬਣੀਆਂ ਕਮਰਸ਼ੀਅਲ ਬਿਲਡਿੰਗਾਂ ਨੂੰ ਚੈੱਕ ਕੀਤਾ ਅਤੇ ਮਾਡਲ ਟਾਊਨ ਮਾਰਕੀਟ ਵਿਚ ਚਾਰਕੋਲ ਅਤੇ ਦੇਸੀ ਮੂਡ ਵਰਗੀਆਂ ਬਿਲਡਿੰਗਾਂ ਦੀ ਵੀ ਜਾਂਚ ਕੀਤੀ। ਇਹ ਟੀਮ ਰਾਮਾ ਮੰਡੀ ਇਲਾਕੇ ਵਿਚ ਵੀ ਗਈ, ਜਿਥੇ ਜੌਹਲ ਹਸਪਤਾਲ ਤੋਂ ਪਹਿਲਾਂ 6 ਵੱਡੇ ਸ਼ਟਰਾਂ ਵਾਲੀ ਮਾਰਕੀਟ ਦੀ ਵੀ ਜਾਂਚ ਕੀਤੀ ਗਈ। ਇਸ ਤੋਂ ਇਲਾਵਾ ਰਾਮਾ ਮੰਡੀ ਇਲਾਕੇ ਵਿਚ ਕੱਟੀ ਸ਼ਾਲੀਮਾਰ ਗਾਰਡਨ ਕਾਲੋਨੀ ਦੇ ਆਲੇ-ਦੁਆਲੇ ਦੇ ਇਲਾਕੇ ਦੀ ਵੀ ਜਾਂਚ ਕੀਤੀ ਗਈ।
59 ਨਾਜਾਇਜ਼ ਬਿਲਡਿੰਗਾਂ ਅਤੇ ਕਈ ਨਾਜਾਇਜ਼ ਕਾਲੋਨੀਆਂ ਸਬੰਧੀ ਸ਼ਿਕਾਇਤਾਂ ਦਬਾ ਗਏ ਪੁਰਾਣੇ ਅਧਿਕਾਰੀ
ਚੀਫ਼ ਵਿਜੀਲੈਂਸ ਆਫਿਸਰ ਵੱਲੋਂ ਭੇਜੀ ਗਈ ਟੀਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਸਾਲ ਦੌਰਾਨ ਚੰਡੀਗੜ੍ਹ ਪਹੁੰਚੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਨਿਗਮ ਨੂੰ ਨਾਜਾਇਜ਼ ਬਿਲਡਿੰਗਾਂ ਨਾਲ ਸਬੰਧਤ 59 ਸ਼ਿਕਾਇਤਾਂ ਤੇ ਨਾਜਾਇਜ਼ ਬਿਲਡਿੰਗਾਂ ਨਾਲ ਸਬੰਧਤ ਕਈ ਸ਼ਿਕਾਇਤਾਂ ਭੇਜੀਆਂ ਗਈਆਂ ਸਨ ਅਤੇ ਰਿਪੋਰਟ ਮੰਗੀ ਗਈ ਸੀ ਪਰ ਨਿਗਮ ਅਧਿਕਾਰੀਆਂ ਨੇ ਇਨ੍ਹਾਂ ਸ਼ਿਕਾਇਤਾਂ ਨੂੰ ਦਬਾ ਲਿਆ ਅਤੇ ਕੋਈ ਰਿਪੋਰਟ ਚੰਡੀਗੜ੍ਹ ਨਹੀਂ ਭੇਜੀ। ਹੁਣ ਦੋਬਾਰਾ ਨਿਗਮ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਇਨ੍ਹਾਂ ਸਾਰੀਆਂ ਬਾਬਤ ਆਪਣੇ ਰਿਮਾਰਕਸ ਅਤੇ ਰਿਪੋਰਟ ਤੁਰੰਤ ਭੇਜਣ।
ਇਹ ਵੀ ਪੜ੍ਹੋ : ਬੱਸ 'ਚ ਸਫ਼ਰ ਕਰਨ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ, ਅੱਜ ਬੱਸਾਂ ਦਾ ਰਹੇਗਾ ਚੱਕਾ ਜਾਮ
ਇਨ੍ਹਾਂ ਬਿਲਡਿੰਗਾਂ ਦਾ ਮੰਗਿਆ ਗਿਆ ਰਿਕਾਰਡ
-ਕੂਲ ਰੋਡ ’ਤੇ ਟੀ. ਐੱਮ. ਐੱਸ. ਰੀਅਲ ਅਸਟੇਟਸ ਵਾਲੀ ਬਿਲਡਿੰਗ
-ਏਕਤਾ ਵਿਹਾਰ ਵਿਚ ਬਣੀਆਂ 5 ਦੁਕਾਨਾਂ
-ਵਿਜੇ ਰਿਜ਼ਾਰਟ ਮਕਸੂਦਾਂ ਨੇੜੇ ਹੋਏ ਨਿਰਮਾਣ
-ਟੈਗੋਰ ਹਸਪਤਾਲ ਦੇ ਨੇੜੇ ਏ. ਬੀ. ਸੀ. ਮੈਡੀਸਨ ਸ਼ਾਪ
-ਕਾਸਮੋ ਹੁੰਡਈ ਸ਼ੋਅਰੂਮ ਦੇ ਸਾਹਮਣੇ ਕਮਰਸ਼ੀਅਲ ਕੰਸਟਰੱਕਸ਼ਨ
-ਬੀ. ਐੱਮ. ਸੀ. ਚੌਕ ਦੇ ਨੇੜੇ ਬੈਰਿਸਟਾ ਅਤੇ ਸਬ-ਵੇਅ ਨੇੜੇ ਹੋਏ ਨਿਰਮਾਣ
-ਸਪੋਰਟਸ ਮਾਰਕੀਟ ਪੀ. ਐੱਨ. ਬੀ. ਬੈਂਕ ਦੇ ਨਾਲ ਬਣੀ ਬਿਲਡਿੰਗ
-ਹੋਟਲ ਰਾਜਨ ਦੇ ਨੇੜੇ ਨਾਜਾਇਜ਼ ਬਿਲਡਿੰਗ
-ਨਰੂਲਾ ਪੈਲੇਸ ਆਦਰਸ਼ ਹਸਪਤਾਲ ਦੇ ਨੇੜੇ ਬਣੀ ਬਿਲਡਿੰਗ
-ਚੌਕ ਬਾਜ਼ਾਰ ਨੌਹਰੀਆਂ ਨੇੜੇ ਹਰਕ੍ਰਿਸ਼ਨ ਹੱਬ ਦੇ ਨਾਲ ਬਿਲਡਿੰਗ
-ਮਖਦੂਮਪੁਰਾ ਵਿਚ ਦੀਪਕ ਫਾਈਨਾਂਸ ਨੇੜੇ ਫਰਨੀਚਰ ਗੋਦਾਮ
-ਫਗਵਾੜਾ ਗੇਟ ਪੁਰਾਣਾ ਬਿਜਲੀ ਘਰ ਦੇ ਅੰਦਰ ਹੋਏ ਨਿਰਮਾਣ
-ਸਾਈਂ ਦਾਸ ਸਕੂਲ ਪਟੇਲ ਚੌਕ ਦੇ ਨੇੜੇ ਮੋਬਾਇਲ ਵਰਲਡ ਸ਼ੋਅਰੂਮ
-ਹੋਟਲ ਬਸੰਤ ਆਦਰਸ਼ ਨਗਰ ਨੇੜੇ ਹੋਏ ਮਾਰਕੀਟ ਦੇ ਨਿਰਮਾਣ
-ਮਾਈ ਹੀਰਾਂ ਗੇਟ ਤੋਂ ਮਿੱਠਾ ਬਾਜ਼ਾਰ ਨੂੰ ਜਾਂਦੀ ਸੜਕ ਦੇ ਕਾਰਨਰ ’ਤੇ ਬਣੀ ਬਿਲਡਿੰਗ
-ਗੁੱਡਵਿਲ ਹਸਪਤਾਲ ਰਾਮਾ ਮੰਡੀ ਹੁਸ਼ਿਆਰਪੁਰ ਰੋਡ
ਇਹ ਵੀ ਪੜ੍ਹੋ : ਅਰਸ਼ਦੀਪ ਸਿੰਘ ਨੇ ਦੁਨੀਆ ਭਰ 'ਚ ਵਧਾਇਆ ਜਲੰਧਰ ਦਾ ਮਾਣ, ਕੈਮਰੇ 'ਚ ਕੈਦ ਕੀਤੀ ਇਹ ਖ਼ੂਬਸੂਰਤ ਤਸਵੀਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ