ਕੈਮਿਸਟਾਂ ਦੀ ਚਿਤਾਵਨੀ: ਪੁਰਾਣੀ ਡਰੱਗ ਪਾਲਿਸੀ ’ਤੇ ਬਗਾਵਤ, ਦੁਕਾਨਾਂ ਬੰਦ ਕਰਨ ਦੀ ਤਿਆਰੀ!

Friday, Jul 31, 2026 - 11:30 AM (IST)

ਕੈਮਿਸਟਾਂ ਦੀ ਚਿਤਾਵਨੀ: ਪੁਰਾਣੀ ਡਰੱਗ ਪਾਲਿਸੀ ’ਤੇ ਬਗਾਵਤ, ਦੁਕਾਨਾਂ ਬੰਦ ਕਰਨ ਦੀ ਤਿਆਰੀ!

ਅੰਮ੍ਰਿਤਸਰ (ਦਲਜੀਤ)-ਪੰਜਾਬ ਭਰ ਦੇ ਕੈਮਿਸਟ ਹੁਣ ਸੜਕਾਂ ’ਤੇ ਉਤਰਨ ਦੇ ਮੂਡ ’ਚ ਨਜ਼ਰ ਆ ਰਹੇ ਹਨ। ਪੰਜਾਬ ਕੈਮਿਸਟਸ ਐਸੋਸੀਏਸ਼ਨ ਅਤੇ ਅੰਮ੍ਰਿਤਸਰ ਡਿਸਟ੍ਰਿਕਟ ਕੈਮਿਸਟਸ ਐਸੋਸੀਏਸ਼ਨ ਨੇ ਡਰੱਗ ਨੀਤੀਆਂ ਅਤੇ ਵਿਭਾਗੀ ਕਾਰਵਾਈਆਂ ’ਤੇ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਹੈ। ਐਸੋਸੀਏਸ਼ਨਾਂ ਨੇ ਸਾਫ਼ ਕਰ ਦਿੱਤਾ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ’ਤੇ ਤੁਰੰਤ ਕਾਰਵਾਈ ਨਾ ਹੋਈ ਤਾਂ ਆਉਣ ਵਾਲੇ ਦਿਨਾਂ 'ਚ ਦਵਾਈਆਂ ਦੀਆਂ ਦੁਕਾਨਾਂ ਬੰਦ ਕਰਨ ਤੱਕ ਦਾ ਕਦਮ ਚੁੱਕਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨਾਲ ਜੁੜੀ ਵੱਡੀ ਅਪਡੇਟ, ਆਉਣ ਵਾਲੇ ਦਿਨਾਂ ‘ਚ ਭਾਰੀ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦੀ ਸੰਭਾਵਨਾ

ਪ੍ਰਧਾਨ ਸੁਰਿੰਦਰ ਦੁੱਗਲ ਨੇ ਦੱਸਿਆ ਕਿ ਪੰਜਾਬ ’ਚ 27 ਹਜ਼ਾਰ ਤੋਂ ਵੱਧ ਕੈਮਿਸਟ ਅਤੇ ਉਨ੍ਹਾਂ ਨਾਲ ਜੁੜੇ ਲੱਖਾਂ ਕਰਮਚਾਰੀ ਇਸ ਵੇਲੇ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਨਵੀਆਂ ਅਤੇ ਪੁਰਾਣੀਆਂ ਡਰੱਗ ਪਾਲਿਸੀਆਂ ’ਚ ਅਸਪਸ਼ਟਤਾ ਅਤੇ ਵੱਧ ਰਹੀਆਂ ਪ੍ਰਸ਼ਾਸਨਿਕ ਪਾਬੰਦੀਆਂ ਕਾਰਨ ਕੈਮਿਸਟ ਭਾਰੀ ਦਬਾਅ ਹੇਠ ਹਨ। ਪੰਜਾਬ ਕੈਮਿਸਟਸ ਐਸੋਸੀਏਸ਼ਨ ਦੇ ਆਗੂਆਂ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਮਸਲੇ ਹੱਲ ਨਾ ਹੋਏ ਤਾਂ ਉਹ ਆਪਣੇ ਕਾਰੋਬਾਰ ਨੂੰ ਬੰਦ ਕਰਨ ’ਤੇ ਵੀ ਮਜ਼ਬੂਰ ਹੋਣਗੇ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਕੋਵਿਡ ਅਤੇ ਹੋਰ ਸੰਕਟਕਾਲੀਨ ਹਾਲਾਤਾਂ ਦੌਰਾਨ ਕੈਮਿਸਟਾਂ ਨੇ ਅਹਿਮ ਭੂਮਿਕਾ ਨਿਭਾਈ, ਪਰ ਹੁਣ ਉਨ੍ਹਾਂ ਨੂੰ ਹੀ ਨਿਯਮਾਂ ਦੇ ਜਾਲ ’ਚ ਫਸਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਧਮਾਕਾ, ਇਕ ਵਿਅਕਤੀ ਦੀ ਮੌਤ ਤੇ 1 ਗੰਭੀਰ ਜ਼ਖਮੀ

ਐਸੋਸੀਏਸ਼ਨ ਵੱਲੋਂ ਡਰੱਗ ਵਿਭਾਗ ਅੱਗੇ ਕਈ ਅਹਿਮ ਮੰਗਾਂ ਰੱਖੀਆਂ ਗਈਆਂ ਹਨ, ਜਿਨ੍ਹਾਂ ’ਚ ਸਭ ਤੋਂ ਮੁੱਖ ਹਨ

ਪੁਰਾਣੀ ਡਰੱਗ ਪਾਲਿਸੀ ’ਚ ਤੁਰੰਤ ਸੋਧ, ਜਨ ਔਸ਼ਧੀ ਕੇਂਦਰਾਂ ਦੀ ਨਿਯਮਤ ਚੈਕਿੰਗ, ਐੱਚ-1 ਰਜਿਸਟਰ ਦੀ ਲਾਜ਼ਮੀ ਸ਼ਰਤ ਖਤਮ ਕਰਨੀ, ਬਿਨਾਂ ਅਧਿਕਾਰ ਵਾਲੀਆਂ ਆਨਲਾਈਨ ਐਪਸ ਰਾਹੀਂ ਦਵਾਈਆਂ ਦੀ ਵਿਕਰੀ ’ਤੇ ਰੋਕ, ਓ. ਐੱਨ. ਡੀ. ਐੱਲ. ਐੱਸ. ਪੋਰਟਲ ਨਾਲ ਜੁੜੀਆਂ ਸਮੱਸਿਆਵਾਂ ਦਾ ਹੱਲ, ਫਾਰਮਾਸਿਸਟ ਰੀਨਿਊਅਲ ਮਾਮਲਿਆਂ ਦਾ ਨਿਪਟਾਰਾ, ਇਸ ਤੋਂ ਇਲਾਵਾ ਹੱਥੋਂ ਲਿਖੇ ਮੰਗ-ਪੱਤਰ 'ਚ ਹੋਰ ਵੀ ਮੰਗਾਂ ਜਿਵੇਂ ਆਨਲਾਈਨ ਦਵਾਈਆਂ ’ਤੇ ਤੁਰੰਤ ਰੋਕ, ਬਿਨਾਂ ਲਾਇਸੈਂਸ ਕੰਮ ਕਰ ਰਹੀਆਂ ਕੰਪਨੀਆਂ ’ਤੇ ਕਾਰਵਾਈ ਅਤੇ ਸਾਰੇ ਜ਼ਿਲਿਆਂ 'ਚ ਇੱਕਸਾਰ ਨਿਯਮ ਲਾਗੂ ਕਰਨ ਦੀ ਗੱਲ ਵੀ ਉੱਠਾਈ ਗਈ ਹੈ।

ਇਹ ਵੀ ਪੜ੍ਹੋ-ਪੰਜਾਬ 'ਚ ਰੂਹ ਕੰਬਾਊ ਹਾਦਸਾ: ਨੌਜਵਾਨ ਦੀ ਦਰਦਨਾਕ ਮੌਤ

ਆਨਲਾਈਨ ਸਿਸਟਮ ਨਾਲ ਕਾਰੋਬਾਰ ਖਤਰੇ ’ਚ

ਰਾਜੇਸ਼ ਸੋਹੀ, ਮਨਜੀਤ ਸੂਧ ਅਤੇ ਸੰਜੀਵ ਜੈਨ ਸਮੇਤ ਹੋਰ ਕੈਮਿਸਟਾਂ ਨੇ ਖ਼ਾਸ ਤੌਰ ’ਤੇ ਆਨਲਾਈਨ ਦਵਾਈਆਂ ਦੀ ਵਿਕਰੀ ’ਤੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬਿਨਾਂ ਅਧਿਕਾਰ ਚੱਲ ਰਹੀਆਂ ਐਪਸ ਅਤੇ ਪੋਰਟਲ ਸਿਰਫ਼ ਉਨ੍ਹਾਂ ਦੇ ਕਾਰੋਬਾਰ ਨੂੰ ਹੀ ਨਹੀਂ, ਸਗੋਂ ਮਰੀਜ਼ਾਂ ਦੀ ਸੁਰੱਖਿਆ ਨੂੰ ਵੀ ਖਤਰੇ 'ਚ ਪਾ ਰਹੇ ਹਨ। ਓਐਨਡੀਐਲਐਸ ਪੋਰਟਲ ਨੂੰ ਲੈ ਕੇ ਵੀ ਕਈ ਤਕਨੀਕੀ ਅਤੇ ਪ੍ਰਸ਼ਾਸਨਿਕ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਨੂੰ ਤੁਰੰਤ ਹੱਲ ਕਰਨ ਦੀ ਮੰਗ ਕੀਤੀ ਗਈ ਹੈ।

ਡਰੱਗ ਵਿਭਾਗ ਨੂੰ ਲਿਖਿਆ ਪੱਤਰ; ਉੱਚ ਅਧਿਕਾਰੀਆਂ ਤੱਕ ਪਹੁੰਚਾਇਆ ਮਾਮਲਾ

ਅੰਮ੍ਰਿਤਸਰ ਡਿਸਟ੍ਰਿਕਟ ਕੈਮਿਸਟਸ ਐਸੋਸੀਏਸ਼ਨ ਵੱਲੋਂ ਜ਼ੋਨਲ ਡਰੱਗ ਇੰਸਪੈਕਟਰ ਨੂੰ ਲਿਖੇ ਪੱਤਰ ’ਚ ਸਪਸ਼ਟ ਕੀਤਾ ਗਿਆ ਹੈ ਕਿ ਇਹ ਮਾਮਲਾ ਜੁਆਇੰਟ ਕਮਿਸ਼ਨਰ ਅਤੇ ਹੋਰ ਉੱਚ ਅਧਿਕਾਰੀਆਂ ਤੱਕ ਵੀ ਪਹੁੰਚਾਇਆ ਗਿਆ ਹੈ। ਐਸੋਸੀਏਸ਼ਨ ਨੇ ਮੰਗ ਕੀਤੀ ਹੈ ਕਿ ਕੈਮਿਸਟ ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਿਆ ਜਾਵੇ ਅਤੇ ਤੁਰੰਤ ਹੱਲ ਕੀਤਾ ਜਾਵੇ।

ਮੀਟਿੰਗ ’ਚ ਭਾਰੀ ਹਾਜ਼ਰੀ; ਅਗਲੇ ਸੰਘਰਸ਼ ਦੀ ਰਣਨੀਤੀ ਤਿਆਰ

ਪੱਤਰਾਂ ਦੇ ਅਨੁਸਾਰ ਹਾਲ ਹੀ 'ਚ ਹੋਈ ਮੀਟਿੰਗ 'ਚ ਕਈ ਆਗੂਆਂ ਅਤੇ ਮੈਂਬਰਾਂ ਦੀ ਹਾਜ਼ਰੀ ਰਹੀ, ਜਿਨ੍ਹਾਂ ਨੇ ਇਕੱਠੇ ਹੋ ਕੇ ਅਗਲੇ ਕਦਮਾਂ ਬਾਰੇ ਵਿਚਾਰ ਕੀਤਾ। ਇਸ ਦੌਰਾਨ ਇਹ ਫੈਸਲਾ ਲਿਆ ਗਿਆ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੂਬਾ ਪੱਧਰ ‘ਤੇ ਵੱਡਾ ਅੰਦੋਲਨ ਸ਼ੁਰੂ ਕੀਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News