ਪਾਰਕ ’ਚ ਕੁੜੀਆਂ ਨੂੰ ਹਵਸ ਦਾ ਸ਼ਿਕਾਰ ਬਣਾਉਣ ਵਾਲੇ ਮੁਲਜ਼ਮ ’ਤੇ ਚਾਰਜਸ਼ੀਟ ਦਾਇਰ
Monday, Jul 22, 2024 - 01:08 PM (IST)

ਚੰਡੀਗੜ੍ਹ (ਪ੍ਰੀਕਸ਼ਿਤ) : ਸ਼ਹਿਰ 'ਚ ਰਾਤ ਦੇ ਹਨ੍ਹੇਰੇ ਦਾ ਫ਼ਾਇਦਾ ਚੁੱਕਦੇ ਹੋਏ ਪਾਰਕਾਂ ’ਚ ਇਕੱਲੀਆਂ ਕੁੜੀਆਂ ਨਾਲ ਛੇੜਛਾੜ ਅਤੇ ਗਲਤ ਹਰਕਤਾਂ ਕਰਨ ਵਾਲੇ ਜਿੰਮ ਟ੍ਰੇਨਰ ਖ਼ਿਲਾਫ਼ ਪੁਲਸ ਨੇ 18 ਦਿਨਾਂ ’ਚ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ। ਹੁਣ ਕੇਸ ਦੀ ਸੁਣਵਾਈ 30 ਜੁਲਾਈ ਤੋਂ ਸ਼ੁਰੂ ਹੋਵੇਗੀ। ਸੈਕਟਰ-49 ਦੇ ਵਸਨੀਕ ਸਾਵਨ ਭੱਟੀ ਖ਼ਿਲਾਫ਼ ਸੈਕਟਰ-17 ਥਾਣੇ ’ਚ ਆਈ. ਪੀ. ਸੀ. ਦੀ ਧਾਰਾ 376,354, 354-ਏ,506 ਤਹਿਤ ਕੇਸ ਦਰਜ ਕੀਤਾ ਗਿਆ ਸੀ। ਸੈਕਟਰ-17 ਥਾਣਾ ਪੁਲਸ ਨੇ 1 ਜੁਲਾਈ ਨੂੰ ਸੈਕਟਰ-16 ਦੇ ਪਾਰਕ ’ਚ ਕੁੜੀ ਨਾਲ ਛੇੜਛਾੜ ਕਰਨ ਦੇ ਦੋਸ਼ ’ਚ ਮੁਲਜ਼ਮ ਜਿੰਮ ਟ੍ਰੇਨਰ ਨੂੰ ਗ੍ਰਿਫ਼ਤਾਰ ਕੀਤਾ ਸੀ। 19 ਮਈ ਦੀ ਰਾਤ ਨੂੰ ਕੁੜੀ ਪਾਰਕ ’ਚ ਇਕੱਲੀ ਸੈਰ ਕਰ ਰਹੀ ਸੀ।
ਮੁਲਜ਼ਮ ਸਾਵਨ ਨੇ ਕੁੜੀ ਦਾ ਮੂੰਹ ਦਬਾ ਕੇ ਉਸ ਨਾਲ ਛੇੜਛਾੜ ਕੀਤੀ ਅਤੇ ਗਲਤ ਹਰਕਤਾਂ ਕੀਤੀਆਂ। ਜਾਨੋਂ ਮਾਰਨ ਦੀ ਧਮਕੀ ਦੇ ਕੇ ਮੁਲਜ਼ਮ ਕੁੜੀ ਨੂੰ ਪਾਰਕ ਦੇ ਅੰਦਰ ਸੁੰਨਸਾਨ ਜਗ੍ਹਾ ’ਤੇ ਲੈ ਗਿਆ ਅਤੇ ਜਬਰ-ਜ਼ਿਨਾਹ ਕਰਨ ਤੋਂ ਬਾਅਦ ਫ਼ਰਾਰ ਹੋ ਗਿਆ। ਕੁੜੀ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸੈਕਟਰ-17 ਥਾਣਾ ਪੁਲਸ ਨੇ ਮੈਡੀਕਲ ਕਰਵਾਉਣ ਤੋਂ ਬਾਅਦ ਛੇੜਛਾੜ, ਜਬਰ-ਜ਼ਿਨਾਹ ਅਤੇ ਜਾਨ ਤੋਂ ਮਾਰਨ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਸੀ। ਮੁਲਜ਼ਮ ਖ਼ਿਲਾਫ਼ ਆਖ਼ਰੀ ਸ਼ਿਕਾਇਤ 10 ਜੂਨ ਨੂੰ ਮਿਲੀ ਸੀ। ਮੁਲਜ਼ਮ ਨੇ ਸੈਕਟਰ-15 ਵਿਚ ਕੁੜੀ ਨੂੰ ਪਤਾ ਪੁੱਛਣ ਦੇ ਬਹਾਨੇ ਰੋਕ ਲਿਆ। ਫਿਰ ਉਸ ਨੂੰ ਡਰਾ-ਧਮਕਾ ਕੇ ਐਕਟਿਵਾ ’ਤੇ ਬਿਠਾ ਕੇ ਸੁੰਨਸਾਨ ਥਾਂ ’ਤੇ ਲੈ ਗਿਆ ਅਤੇ ਉਸ ਨਾਲ ਸਰੀਰਕ ਛੇੜਛਾੜ ਕੀਤੀ। ਸੈਕਟਰ-11 ਥਾਣੇ ਦੀ ਪੁਲਸ ਨੇ ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ।
ਥਾਣਾ ਪੁਲਸ ਅਤੇ ਜ਼ਿਲ੍ਹਾ ਕ੍ਰਾਈਮ ਸੈੱਲ ਦੀਆਂ 25 ਟੀਮਾਂ ਬਣਾਈਆਂ ਗਈਆਂ ਸਨ
ਪੁਲਸ ਨੇ ਸੀਰੀਅਲ ਰੇਪਿਸਟ ਨੂੰ ਫੜ੍ਹਨ ਲਈ ਸੈਕਟਰ-17 ਥਾਣੇ ਅਤੇ ਜ਼ਿਲ੍ਹਾ ਕ੍ਰਾਈਮ ਸੈੱਲ ਦੀਆਂ 25 ਟੀਮਾਂ ਬਣਾਈਆਂ ਸਨ। ਕਰੀਬ 2 ਮਹੀਨਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਪੁਲਸ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਵਿਚ ਕਾਮਯਾਬ ਹੋਈ। ਜਾਂਚ ’ਚ ਸਾਹਮਣੇ ਆਇਆ ਕਿ ਮੁਲਜ਼ਮ ਇੰਨਾ ਚਲਾਕ ਸੀ ਕਿ ਉਹ ਕੈਮਰਿਆਂ ਤੋਂ ਬਚਣ ਲਈ ਸਾਈਕਲ ਟਰੈਕ ’ਤੇ ਐਕਟਿਵਾ ਚਲਾਉਂਦਾ ਸੀ। ਪੁਲਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਵਾਰਦਾਤ ਸਮੇਂ ਆਪਣਾ ਮੋਬਾਇਲ ਘਰ ਛੱਡ ਕੇ ਆਉਂਦਾ ਸੀ। ਮੁਲਜ਼ਮ ਵਾਰਦਾਤ ਸਮੇਂ ਐਕਟਿਵਾ ਦੀ ਨੰਬਰ ਪਲੇਟ ’ਤੇ ਟੇਪ ਚਿਪਕਾ ਦਿੰਦਾ ਸੀ।