ਸ਼ੱਕ ਦੀਆਂ ਨਜ਼ਰਾਂ ’ਚ ਹਨ ਪੰਜਾਬ ਕਾਂਗਰਸ ਦੇ ਐਲਾਨ, ਉੱਠਣ ਲੱਗੇ ਕਈ ਸਵਾਲ

Thursday, Oct 07, 2021 - 05:05 PM (IST)

ਸ਼ੱਕ ਦੀਆਂ ਨਜ਼ਰਾਂ ’ਚ ਹਨ ਪੰਜਾਬ ਕਾਂਗਰਸ ਦੇ ਐਲਾਨ, ਉੱਠਣ ਲੱਗੇ ਕਈ ਸਵਾਲ

ਹੁਸ਼ਿਆਰਪੁਰ (ਇਕਬਾਲ ਸਿੰਘ ਘੁੰਮਣ)— ਪੰਜਾਬ ਸਰਕਾਰ ਜੋ ਪੰਜਾਬੀਆਂ ਨੂੰ ਲੁਭਾਉਣ ਲਈ ਮੁਫ਼ਤ ਦੇ ਐਲਾਨ ਕਰ ਰਹੀ ਹੈ, ਲੋਕ ਇਨ੍ਹਾਂ ਐਲਾਨਾਂ ਨੂੰ ਸ਼ੱਕ ਦੀਆਂ ਨਜ਼ਰਾਂ ਨਾਲ ਵੇਖ ਰਹੇ ਹਨ। ਅੱਜ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਸਰਕਾਰ ਕੋਲ ਹੁਣ ਇਕਦਮ ਕਿਹੜਾ ਅੱਲਾਦੀਨ ਦਾ ਚਿਰਾਗ ਆ ਗਿਆ ਹੈ, ਜੋ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਕੋਲ ਨਹੀਂ ਸੀ ਜਾਂ ਉਸ ਨੇ ਖਜ਼ਾਨੇ ਨੂੰ ਛੇੜਿਆ ਹੀ ਨਹੀਂ। ਇਸ ਸਭ ’ਤੇ ਸਵਾਲ ਉੱਠ ਰਹੇ ਹਨ ਅਤੇ ਲੋਕਾਂ ਨੂੰ ਲੱਗਦਾ ਹੈ ਕਿ ਸਰਕਾਰ ਇਹ ਰਵੱਈਆ ਚੋਣ ਸਟੰਟ ਹੀ ਹੈ। 

ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ 2 ਕਿੱਲੋਵਾਟ ਤੱਕ ਦੇ ਸਾਰੇ ਡੈਮੋਸਟਿਕ ਕੁਨੈਕਸ਼ਨਾਂ ਦੇ ਬਕਾਇਆ ਬਿਜਲੀ ਬਿੱਲ ਮੁਆਫ਼ ਕੀਤੇ ਗਏ ਹਨ ਅਤੇ ਮਹਿਕਮੇ ਵੱਲੋਂ ਕੱਟੇ ਹੋਏ ਬਿਜਲੀ ਮੀਟਰਾਂ ਨੂੰ ਵੀ ਮੁੜ ਚਾਲੂ ਕੀਤਾ ਜਾ ਰਿਹਾ ਹੈ। ਇਥੇ ਇਹ ਵੀ ਗੱਲ ਕੀਤੀ ਜਾ ਰਹੀ ਹੈ ਕਿ ਸਰਕਾਰ ਜੋ ਬਿਜਲੀ ਦੇ ਰੇਟ ਘਟਾਉਣ ਜਾ ਰਹੀ ਹੈ, ਉਹ ਵੀ ਕੈਟਾਗਿਰੀ ਵਾਈਜ਼ ਕਟੌਤੀ ਦੀ ਯੋਜਨਾ ਬਣਾਈ ਗਈ ਹੈ ਜਦਕਿ ਪੰਜਾਬ ਅੰਦਰ ਸਭ ਤੋਂ ਮਹਿੰਗੀ ਬਿਜਲੀ ਮਿਲ ਰਹੀ ਹੈ, ਜੋ ਪਾਵਰ ਪ੍ਰਚੇਜ਼ ਐਗਰੀਮੈਂਟ ਕੀਤੇ ਗਏ ਹਨ, ਉਸ ਨੂੰ ਰੱਦ ਕਰਨ ਵੱਲ ਵੀ ਅਜੇ ਕੋਈ ਫ਼ੈਸਲਾ ਨਹੀਂ ਲਿਆ ਜਾ ਰਿਹਾ। 

ਇਹ ਵੀ ਪੜ੍ਹੋ: ਧਰੀ ਧਰਾਈ ਰਹਿ ਗਈ ਕੈਪਟਨ ਅਮਰਿੰਦਰ ਸਿੰਘ ਦੀ ਇਹ ਪਲਾਨਿੰਗ

PunjabKesari

ਜਨਰਲ ਸ਼੍ਰੇਣੀ ’ਚ ਕਿਤੇ ਨਾ ਕਿਤੇ ਵੇਖੀ ਜਾ ਰਹੀ ਨਾਰਾਜ਼ਗੀ
ਪੰਜਾਬ ’ਚ ਬਿਜਲੀ ਸਸਤੀ ਕਿਵੇਂ ਹੋਵੇਗੀ, ਇਹ ਸਭ ਕੁਝ ਵੇਖਦਿਆਂ ਜਨਰਲ ਸ਼੍ਰੇਣੀ ’ਚ ਕਿਤੇ ਨਾ ਕਿਤੇ ਨਾਰਾਜ਼ਗੀ ਵੇਖੀ ਜਾ ਸਕਦੀ ਹੈ। ਉਹ ਘੁੱਟਣ ਮਹਿਸੂਸ ਕਰ ਰਹੇ ਹਨ ਕਿ ਰਵਾਇਤੀ ਰਾਜਨੀਤਕ ਪਾਰਟੀਆਂ ਦੀ ਨਜ਼ਰ ਐੱਸ. ਸੀ. ਅਤੇ ਬੀ. ਸੀ. ਦੁਆਲੇ ਹੀ ਘੁੰਮ ਰਹੀ ਹੈ, ਜੋਕਿ ਇਕ ਚੋਣ ਪੱਤਾ ਹੈ। ਅਜਿਹੇ ’ਚ ਦਰ-ਕਿਨਾਰ ਕੀਤੀਆਂ ਜਾ ਰਹੀਆਂ ਜਨਰਲ ਸ਼੍ਰੇਣੀਆਂ ਆਪਣਾ ਰੁਖ ਤੀਜੀ ਧਿਰ ਵੱਲ ਕਰ ਦੇਣ ਨਾਲ ਪੰਜਾਬ ਦੀ ਰਾਜਨੀਤੀ ’ਚ ਵੱਡੀ ਉਥਲ-ਪੁਥਲ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਜਿਹੜੀਆਂ ਗਿਣਤੀਆਂ-ਮਿਣਤੀਆਂ ਰਾਜਸੀ ਪਾਰਟੀਆਂ ਵੱਲੋਂ ਕੀਤੀਆਂ ਗਈਆਂ ਹਨ, ਉਹ ਸਾਰੀਆਂ ਉੱਪਰ-ਥੱਲੇ ਹੋ ਸਕਦੀਆਂ ਹਨ। 

ਇਹ ਵੀ ਪੜ੍ਹੋ: ਨਵਰਾਤਿਆਂ 'ਚ ਮਾਂ ਚਿੰਤਪੂਰਨੀ ਸਣੇ ਹਿਮਾਚਲ ਵਿਖੇ ਧਾਰਮਿਕ ਸਥਾਨਾਂ 'ਤੇ ਜਾਣ ਵਾਲੇ ਸ਼ਰਧਾਲੂਆਂ ਲਈ ਖ਼ਾਸ ਖ਼ਬਰ

ਜੇਕਰ ਪੰਜਾਬ ਦੇ ਕਿਰਸਾਨੀ ਦੇ ਦੁਖੜਿਆਂ ਨੂੰ ਵੇਖਿਆ ਜਾਵੇ ਤਾਂ ਉਹ ਵੀ ਸਰਕਾਰ ਤੋਂ ਜ਼ਿਆਦਾ ਖ਼ੁਸ਼ ਨਜ਼ਰ ਨਹੀਂ ਆ ਰਹੇ ਹਨ ਕਿਉਂਕਿ ਪੁਰਨ ਕਰਜ਼ਾ ਮੁਆਫ਼ੀ ਤੋਂ ਸਰਕਾਰ ਨੇ ਆਪਣੇ ਪੈਰ ਜਿੱਥੇ ਪਿੱਛੇ ਖਿੱਚ ਲਏ ਹਨ, ਉਥੇ ਹੀ ਦਿੱਲੀ ਦੀਆਂ ਸਰਹੱਦਾਂ ’ਤੇ ਬੈਠੇ ਕਿਸਾਨਾਂ ਨੂੰ ਕਰੀਬ ਇਕ ਸਾਲ ਦਾ ਸਮਾਂ ਬੀਤ ਚੁੱਕਾ ਹੈ ਅਤੇ 700 ਦੇ ਕਰੀਬ ਕਿਸਾਨ ਸ਼ਹੀਦ ਹੋ ਚੁੱਕੇ ਹਨ ਅਤੇ ਕਿਸਾਨਾਂ ਦੇ ਮਨ ’ਚ ਇਹ ਗੱਲ ਵੀ ਰੜਕ ਰਹੀ ਹੈ ਕਿ ਉਨ੍ਹਾਂ ਦੇ ਹੱਕ ’ਚ ਕਾਂਗਰਸ ਦਾ ਕਾਫ਼ਲਾ ਦਿੱਲੀ ਵੱਲ ਨਹੀਂ ਵਧਿਆ। ਇਸ ਤੋਂ ਇਲਾਵਾ ਹੁਣ ਯੂ. ਪੀ. ਵਿਚ ਕਿਸਾਨਾਂ ’ਤੇ ਧੱਕੇਸ਼ਾਹੀ ਨੂੰ ਲੈ ਕੇ ਕਾਂਗਰਸ ਦੇ ਵੱਡੇ ਲੀਡਰ ਰਾਹੁਲ ਗਾਂਧੀ ਅਤੇ ਪਿ੍ਰਯੰਕਾ ਗਾਂਧੀ ਵੱਲੋਂ ਲਖੀਮਪੁਰ ਖੀਰੀ ਦੀ ਘਟਨਾ ਸਬੰਧੀ ਮਾਰਚ ਕੀਤੇ ਗਏ ਪਰ ਪੰਜਾਬ ਸਰਕਾਰ ਅਤੇ ਪੰਜਾਬ ਕਾਂਗਰਸ ਦੇ ਆਗੂ ਆਪਣੇ ਵੱਡੇ ਲੀਡਰਾਂ ਨੂੰ ਖ਼ੁਸ਼ ਕਰਨ ਲਈ ਕਾਫ਼ਲਿਆਂ ਦੇ ਰੂਪ ’ਚ ਉਥੇ ਪਹੁੰਚ ਰਹੇ ਹਨ। ਭਾਵੇਂ ਇਹ ਘਟਨਾ ਵੀ ਕਿਸਾਨਾਂ ਨਾਲ ਹੀ ਸਬੰਧਤ ਸੀ ਅਤੇ ਉਨ੍ਹਾਂ ਦਾ ਦੁੱਖ ਵੀ ਬਰਾਬਰ ਦਾ ਹੈ ਪਰ ਕਿਤੇ ਨਾ ਕਿਤੇ ਪੰਜਾਬ ਦੇ ਕਿਸਾਨਾਂ ਨੂੰ ਇਹ ਗੱਲ ਰੜਕਦੀ ਨਜ਼ਰ ਆ ਰਹੀ ਹੈ ਕਿ ਯੂ.  ਪੀ. ਦੇ ਕਿਸਾਨਾਂ ਨਾਲ ਤਾਂ ਕਾਂਗਰਸ ਵੱਲੋਂ ਹਮਦਰਦੀ ਪ੍ਰਗਟਾਈ ਜਾ ਰਹੀ ਹੈ ਜਦਕਿ ਪੰਜਾਬ ਦੇ ਕਿਸਾਨਾਂ ਦੀ ਕਿਸੇ ਨੂੰ ਕੋਈ ਚਿੰਤਾ ਨਹੀਂ ਹੈ। ਅੱਜ ਪੰਜਾਬ ਦੀ ਇਹ ਸਿਆਸਤ ਬਹੁਤ ਟੇਢੀ ਬਣ ਚੁੱਕੀ ਹੈ ਜੋਕਿ ਪਹਿਲਾਂ ਦੀਆਂ ਸਿਆਸਤਾਂ ਨਾਲੋਂ ਵੱਖਰੀ ਹੈ ਅਤੇ ਇਸ ਵਾਰ ਲੋਕ ਪਜਾਬ ਦੀ ਵਾਗਡੋਰ ਕਿਸ ਪਾਰਟੀ ਦੇ ਹੱਥ ’ਚ ਦਿੰਦੇ ਹਨ ਇਹ ਇਕ ਸਵਾਲੀਆ ਨਿਸ਼ਾਨ ਬਣਿਆ ਹੋਇਆ ਹੈ। 

ਇਹ ਵੀ ਪੜ੍ਹੋ:ਜਲੰਧਰ ’ਚ ਭਿਆਨਕ ਹਾਦਸਾ, ਪਲਟੀਆਂ ਖਾ ਕੇ ਪੁਲੀ ’ਤੇ ਚੜ੍ਹੀ ਕਾਰ, ਦੋ ਨੌਜਵਾਨਾਂ ਦੀ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News