ਚੰਡੀਗੜ੍ਹ ਦੇ ਜੰਗਲਾਂ ''ਚੋਂ IED ਸਣੇ ਫੜੇ ਗਏ ਲਵਪ੍ਰੀਤ ਸਿੰਘ ਦੇ ਮਾਪਿਆਂ ਦਾ ਵੱਡਾ ਬਿਆਨ
Monday, Aug 24, 2026 - 07:29 PM (IST)
ਤਰਨਤਾਰਨ (ਰਮਨ): ਚੰਡੀਗੜ੍ਹ ਦੇ ਸੈਕਟਰ 43 ਦੇ ਪਿੱਛੇ ਜੰਗਲਾਂ ਵਿਚੋਂ ਬਰਾਮਦ ਹੋਈ ਆਈ.ਈ.ਡੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਤਰਨਤਾਰਨ ਦੇ ਮੁਲਜ਼ਮ ਲਵਪ੍ਰੀਤ ਸਿੰਘ ਉਰਫ ਚਿੜੀ ਤੇ ਮਾਪਿਆਂ ਨੇ ਆਪਣੇ ਪੁੱਤ ਨੂੰ ਨਿਰਦੋਸ਼ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲਵਪ੍ਰੀਤ ਸਿੰਘ ਦੋ ਦਿਨ ਪਹਿਲਾਂ ਆਪਣੇ ਭੂਆ ਦੇ ਮੁੰਡੇ ਜਸ਼ਨਪ੍ਰੀਤ ਸਿੰਘ ਨਾਲ ਘਰੋਂ ਧਾਰਮਿਕ ਸਥਾਨ ਉੱਪਰ ਮੱਥਾ ਟੇਕਣ ਲਈ ਯਾਤਰਾ ਦਾ ਕਹਿ ਕੇ ਰਵਾਨਾ ਹੋਇਆ ਸੀ। ਉਹ ਦੋਵੇਂ ਜਾਂਦੇ ਹੋਏ 1000 ਰੁਪਏ ਲੈ ਕੇ ਗਏ ਸਨ। ਵਿਸਫੋਟਕ ਸਮਗਰੀ ਬਰਾਮਦ ਹੋਣ ਨੂੰ ਲੈ ਕੇ ਮਾਪਿਆਂ ਨੇ ਜਾਂਚ ਦੀ ਮੰਗ ਕੀਤੀ ਹੈ।
ਲਵਪ੍ਰੀਤ ਸਿੰਘ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਆਉਂਦੇ ਪਿੰਡ ਪਿੰਡ ਸਰਹਾਲੀ ਕਲਾਂ ਦਾ ਰਹਿਣ ਵਾਲਾ ਹੈ। ਉਸ ਦੇ ਪਿਤਾ ਦਿਹਾੜੀਦਾਰ ਹਨ ਤੇ ਉਹ ਵੀ ਪੇਂਟਰ ਵਜੋਂ ਕੰਮ ਕਰਦਾ ਹੈ। ਬੀਤੇ ਸਾਲ ਜੂਨ ਮਹੀਨੇ ਵਿਚ ਥਾਣਾ ਸਰਹਾਲੀ ਵਿਖੇ 7 ਗ੍ਰਾਮ ਹੈਰੋਇਨ ਬਰਾਮਦਗੀ ਦੇ ਮਾਮਲੇ ਵਿਚ ਲਵਪ੍ਰੀਤ ਸਿੰਘ ਦੇ ਖਿਲਾਫ ਪਰਚਾ ਦਰਜ ਹੋ ਚੁੱਕਾ ਹੈ ਤੇ ਉਹ ਜ਼ਮਾਨਤ ਉੱਪਰ ਬਾਹਰ ਆਇਆ ਹੋਇਆ ਸੀ। ਇਹ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਹੈਰੋਇਨ ਮਾਮਲੇ 'ਚ ਜੇਲ੍ਹ ਅੰਦਰ ਰਹਿਣ ਦੌਰਾਨ ਉਹ ਗੈਂਗਸਟਰਾਂ ਦੇ ਸੰਪਰਕ ਵਿਚ ਆਇਆ ਹੋਵੇ।
ਦੂਜੇ ਪਾਸੇ, ਇਹ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਚੰਡੀਗੜ੍ਹ ਤੋਂ ਬਰਾਮਦ ਕੀਤੀ ਗਈ ਧਮਾਕਾਖੇਜ਼ ਸਮੱਗਰੀ ਡਰੋਨ ਦੀ ਮਦਦ ਨਾਲ ਪਾਕਿਸਤਾਨ ਤੋਂ ਤਰਨਤਾਰਨ ਪਹੁੰਚਾਈ ਗਈ ਸੀ। ਪੁਲਸ ਵੱਡੇ ਪੱਧਰ ਉੱਪਰ ਜਾਂਚ ਵਿਚ ਜੁਟੀ ਹੋਈ ਹੈ। ਆਉਣ ਵਾਲੇ ਦਿਨਾਂ ਵਿਚ ਇਸ ਮਾਮਲੇ ਵਿਚ ਹੋਰ ਵੱਡੇ ਖੁਲਾਸੇ ਹੋ ਸਕਦੇ ਹਨ।
