ਪ੍ਰਾਈਵੇਟ ਸਕੂਲਾਂ ''ਤੇ ਸਿੱਖਿਆ ਵਿਭਾਗ ਨੇ ਕੱਸਿਆ ਸ਼ਿਕੰਜਾ, ਕੀਤੀ ਵੱਡੀ ਕਾਰਵਾਈ

06/15/2019 7:34:19 PM

ਚੰਡੀਗੜ੍ਹ(ਭੁੱਲਰ)— ਸੂਬੇ 'ਚ ਕੁੱਝ ਪ੍ਰਾਈਵੇਟ ਸਕੂਲਾਂ ਵਲੋਂ ਮਾਪਿਆਂ ਦੇ ਆਰਥਿਕ ਸ਼ੋਸ਼ਣ ਸਬੰਧੀ ਮਿਲੀਆਂ ਰਿਪੋਰਟਾਂ 'ਤੇ ਸਖਤ ਕਾਰਵਾਈ ਕਰਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਸੂਬੇ 'ਚ ਸਥਿਤ ਸੀ.ਬੀ.ਐੱਸ.ਈ./ਆਈ.ਸੀ.ਐੱਸ.ਈ. ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਮਾਨਤਾ ਪ੍ਰਾਪਤ ਸਾਰੇ ਸਕੂਲਾਂ 'ਤੇ ਸ਼ਿਕੰਜਾ ਕੱਸਦਿਆਂ ਨਿਰਦੇਸ਼ ਜਾਰੀ ਕੀਤੇ ਹਨ ਕਿ ਉਹ ਮਾਪਿਆਂ ਨੂੰ ਸਕੂਲ ਵਲੋਂ ਸੁਝਾਈ ਗਈ ਦੁਕਾਨ/ਫਰਮ ਤੋਂ ਕਿਤਾਬਾਂ ਜਾਂ ਵਰਦੀਆਂ ਖਰੀਦਣ ਲਈ ਮਜਬੂਰ ਨਹੀਂ ਕਰ ਸਕਦੇ।

ਇਸ ਦੇ ਨਾਲ ਹੀ ਸਕੂਲ ਦੀ ਹਦੂਦ 'ਚ ਕਿਤਾਬਾਂ ਅਤੇ ਵਰਦੀਆਂ ਦੀ ਵਿਕਰੀ 'ਤੇ ਵੀ ਰੋਕ ਲਾ ਦਿੱਤੀ ਗਈ ਹੈ। ਇਸ ਸਬੰਧੀ ਜਾਰੀ ਕੀਤੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਸਕੂਲ ਵਲੋਂ ਲਾਈ ਗਈ ਵਰਦੀ ਘਟੋ-ਘੱਟ ਤਿੰਨ ਸਾਲ ਲਈ ਲਾਗੂ ਰਹੇਗੀ ਅਤੇ ਇਸ ਸਮੇਂ ਦੌਰਾਨ ਵਰਦੀ ਦੇ ਰੰਗ ਅਤੇ ਡਿਜ਼ਾਇਨ 'ਚ ਕਿਸੇ ਕਿਸਮ ਦੀ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ। ਵਰਦੀ ਦੇ ਰੰਗ, ਡਿਜ਼ਾਇਨ, ਟੈਕਸਚਰ/ ਮਟੀਰੀਅਲ ਆਦਿ ਸਬੰਧੀ ਸਾਰੀ ਜਾਣਕਾਰੀ ਸਕੂਲ ਦੀ ਵੈਬਸਾਈਟ 'ਤੇ ਅਪਲੋਡ ਕਰ ਦਿੱਤੀ ਜਾਵੇ ਤਾਂ ਜੋ ਮਾਪਿਆਂ ਵਲੋਂ ਰੇਡੀਮੇਡ ਵਰਦੀ ਕਿਸੇ ਵੀ ਥਾਂ ਤੋਂ ਖਰੀਦੀ ਜਾ ਸਕੇ ਜਾਂ ਆਪਣੀ ਲੋੜ ਮੁਤਾਬਕ ਸਿਲਵਾਈ ਜਾ ਸਕੇ।

ਇਸਦੇ ਨਾਲ ਹੀ ਸਕੂਲ ਅਥਾਰਟੀਆਂ ਲਈ ਇਹ ਵੀ ਲਾਜ਼ਮੀ ਕੀਤਾ ਗਿਆ ਹੈ ਕਿ ਉਹ ਬੋਰਡ ਦੇ ਸਿਲੇਬਸ 'ਤੇ ਅਧਾਰਤ ਪ੍ਰਵਾਨਿਤ ਕਿਤਾਬਾਂ ਹੀ ਵਰਤੀਆਂ ਜਾਣ ਅਤੇ ਇੰਨਾਂ ਕਿਤਾਬਾਂ ਦੀ ਸੂਚੀ ਸਕੂਲ ਦੀ ਵੈਬਸਾਈਟ 'ਤੇ ਅਪਲੋਡ ਕੀਤੀ ਜਾਵੇ ਤਾਂ ਜੋ ਵਿਦਿਆਰਥੀ/ਮਾਪੇ ਆਪਣੀ ਸਹੂਲਤ ਮੁਤਾਬਕ ਕਿਸੇ ਵੀ ਥਾਂ ਤੋਂ ਕਿਤਾਬਾਂ ਖਰੀਦ ਸਕਣ। ਉਨ੍ਹਾਂ ਜਾਰੀ ਨਿਰਦੇਸ਼ਾਂ ਨੂੰ ਲਾਗੂ ਕਰਨ 'ਚ ਕੋਤਾਹੀ ਕਰਨ 'ਤੇ ਸਖ਼ਤ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ ਹੈ। ਇਹ ਹੁਕਮ ਇਹ ਵੀ ਸਪੱਸ਼ਟ ਕਰਦੇ ਹਨ ਕਿ ਉਕਤ ਹਦਾਇਤਾਂ ਦੀ ਪਾਲਣਾ ਨਾ ਕਰਨ ਵਾਲੇ ਸਕੂਲਾਂ ਦੇ ਐੱਨ.ਓ.ਸੀ. ਰੱਦ ਕਰ ਦਿੱਤੇ ਜਾਣਗੇ।


Baljit Singh

Content Editor

Related News