ਪੰਜਾਬ ਡੈਮੋਕ੍ਰੇਟਿਕ ਅਲਾਇੰਸ ਨੇ ਉਪ ਚੋਣਾਂ ਲਈ ਕੀਤੀ ਸੀਟਾਂ ਦੀ ਵੰਡ
Friday, Sep 27, 2019 - 09:32 AM (IST)

ਚੰਡੀਗੜ੍ਹ (ਰਮਨਜੀਤ) : ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਨੇਤਾਵਾ ਨੇ ਚੰਡੀਗੜ੍ਹ ਵਿਚ ਬੈਠਕ ਕਰ ਕੇ ਸੂਬੇ ਦੀਆਂ 4 ਵਿਧਾਨ ਸਭਾ ਸੀਟਾਂ 'ਤੇ ਹੋਣ ਜਾ ਰਹੀਆਂ ਉਪ ਚੋਣਾਂ ਨੂੰ ਲੈ ਕੇ ਬੈਠਕ ਕੀਤੀ। ਬੈਠਕ ਵਿਚ ਜਾਰੀ ਵਿਧਾਨ ਸਭਾ ਸੀਟਾਂ 'ਤੇ ਮੰਥਨ ਕੀਤਾ ਗਿਆ ਤੇ ਅਲਾਇੰਸ 'ਚ ਹਿੱਸੇਦਾਰ ਪਾਰਟੀਆਂ ਵਿਚਕਾਰ ਸੀਟਾਂ ਬਾਰੇ ਫੈਸਲਾ ਲਿਆ ਗਿਆ।
ਬੈਠਕ 'ਚ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ, ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਬੈਂਸ, ਨਵਾਂ ਪੰਜਾਬ ਮੰਚ ਤੋਂ ਡਾ. ਧਰਮਵੀਰ ਗਾਂਧੀ, ਸੀ.ਪੀ.ਆਈ. ਤੋਂ ਕਾਮਰੇਡ ਬੰਤ ਸਿੰਘ ਬਰਾੜ, ਆਰ.ਐਮ.ਪੀ.ਆਈ. ਤੋਂ ਮੰਗਤ ਰਾਮ ਪਾਸਲਾ, ਬਹੁਜਨ ਸਮਾਜ ਪਾਰਟੀ ਤੋਂ ਜਸਬੀਰ ਸਿੰਘ ਗੜ੍ਹੀ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਦੇਵ ਸਿੰਘ ਕਮਾਲੂ ਮੌਜੂਦ ਰਹੇ। ਦੇਰ ਸ਼ਾਮ ਤੱਕ ਚੱਲੀ ਇਸ ਬੈਠਕ ਵਿਚ ਫੈਸਲਾ ਲਿਆ ਗਿਆ ਕਿ ਦਾਖਾ ਵਿਧਾਨਸਭਾ ਸੀਟ ਲੋਕ ਇਨਸਾਫ਼ ਪਾਰਟੀ ਲੜੇਗੀ ਕਿਉਂਕਿ ਪਿਛਲੀਆਂ ਵਿਧਾਨਸਭਾ ਚੋਣਾਂ ਦੌਰਾਨ ਲੋਕ ਇਨਸਾਫ਼ ਪਾਰਟੀ ਦੇ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਨੂੰ ਇਸ ਹਲਕੇ ਤੋਂ ਹੋਰ ਸਾਰੇ ਦਲਾਂ ਦੇ ਉਮੀਦਵਾਰਾਂ ਦੇ ਮੁਕਾਬਲੇ ਕਿਤੇ ਵੱਧ ਵੋਟਾਂ ਪਈਆਂ ਸਨ। ਉਥੇ ਹੀ ਫਗਵਾੜਾ ਹਲਕੇ ਦੇ ਮਿਜਾਜ ਨੂੰ ਦੇਖਦਿਆਂ ਸੀਟ ਬਹੁਜਨ ਸਮਾਜ ਪਾਰਟੀ ਦੇ ਹਿੱਸੇ ਸੌਂਪੀ ਗਈ ਹੈ। ਫਗਵਾੜਾ ਵਿਧਾਨਸਭਾ ਹਲਕਾ ਰਾਖਵਾਂ ਵੀ ਹੈ ਤੇ ਇਥੇ ਪਿਛਲੀਆ ਕਈਆਂ ਚੋਣਾਂ ਦੌਰਾਨ ਬਹੁਜਨ ਸਮਾਜ ਪਾਰਟੀ ਆਪਣੀ ਮੌਜੂਦਗੀ ਦਰਸਾਉਂਦੀ ਰਹੀ ਹੈ। ਇਸ ਦੇ ਨਾਲ ਹੀ ਜਲਾਲਾਬਾਦ ਵਿਧਾਨਸਭਾ ਸੀਟ ਦੇ ਅਲਾਇੰਸ ਦੇ ਸਹਿਯੋਗੀ ਦਲ ਸੀ.ਪੀ.ਆਈ. ਨੂੰ ਆਪਣਾ ਉਮੀਦਵਾਰ ਉਤਾਰਨ ਲਈ ਦਿੱਤੀ ਗਈ ਹੈ। ਜਦਕਿ ਮੁਕੇਰੀਆਂ ਸੀਟ ਸਬੰਧੀ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ।