ਕੇਂਦਰੀ ਜੇਲ੍ਹ ’ਚੋਂ 9 ਸਾਲਾਂ ਵਿਚ 335 ਮੋਬਾਇਲ ਅਤੇ 22 ਸਿਮ ਕਾਰਡ ਬਰਾਮਦ
Monday, Aug 28, 2023 - 06:25 PM (IST)
ਬਠਿੰਡਾ (ਵਰਮਾ) : ਬਠਿੰਡਾ ਦੀ ਉੱਚ ਸੁਰੱਖਿਆ ਵਾਲੀ ਕੇਂਦਰੀ ਜੇਲ੍ਹ ਮੋਬਾਇਲ ਅਤੇ ਸਿਮ ਕਾਰਡ ਮਿਲਣ ਨੂੰ ਲੈ ਕੇ ਹਮੇਸ਼ਾ ਸੁਰਖੀਆਂ ’ਚ ਰਹਿੰਦੀ ਹੈ। ਪਤਾ ਲੱਗਾ ਹੈ ਕਿ ਬਠਿੰਡਾ ਦੀ ਕੇਂਦਰੀ ਜੇਲ੍ਹ ਵਿਚੋਂ ਪਿਛਲੇ 9 ਸਾਲਾਂ ਦੌਰਾਨ ਕੁੱਲ 335 ਮੋਬਾਇਲ ਅਤੇ 22 ਸਿਮ ਕਾਰਡ ਬਰਾਮਦ ਕੀਤੇ ਗਏ ਹਨ, ਜਦਕਿ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਉਪਰੋਕਤ ਖ਼ੁਲਾਸਾ ਗ੍ਰਹਿ ਜਾਗੋ ਦੇ ਸਕੱਤਰ ਸੰਜੀਵ ਗੋਇਲ ਵਲੋਂ ਜੇਲ੍ਹ ਵਿਭਾਗ ਤੋਂ ਸੂਚਨਾ ਦੇ ਅਧਿਕਾਰ ਤਹਿਤ ਲਈ ਗਈ ਜਾਣਕਾਰੀ ਵਿਚ ਕੀਤਾ ਗਿਆ ਹੈ। ਵਾਰੰਟ ਅਫ਼ਸਰ, ਦਫ਼ਤਰ ਕੇਂਦਰੀ ਜੇਲ੍ਹ, ਬਠਿੰਡਾ ਤੋਂ ਪ੍ਰਾਪਤ ਸੂਚਨਾ ਪੱਤਰ ਨੰਬਰ 9052 ਮਿਤੀ 10/08/2023 ਅਨੁਸਾਰ ਪਿਛਲੇ ਕਰੀਬ 9 ਸਾਲਾਂ ਦੌਰਾਨ ਕੇਂਦਰੀ ਜੇਲ੍ਹ ਵਿਚੋਂ 335 ਮੋਬਾਇਲ ਬਰਾਮਦ ਕੀਤੇ ਹਨ। ਸਾਲ 2021 ਦੌਰਾਨ ਜੇਲ੍ਹ ਵਿਚੋਂ ਸਭ ਤੋਂ ਵੱਧ 92 ਮੋਬਾਇਲ ਫੋਨ ਕੀਤੇ ਗਏ ਹਨ। ਇਸ ਤੋਂ ਇਲਾਵਾ ਹਰ ਸਾਲ ਲਗਾਤਾਰ 10 ਤੋਂ 50 ਫੋਨ ਬਰਾਮਦ ਹੋਏ ਹਨ।
ਵਾਰੰਟ ਅਫ਼ਸਰ, ਦਫ਼ਤਰ ਕੇਂਦਰੀ ਜੇਲ੍ਹ, ਬਠਿੰਡਾ ਤੋਂ ਪ੍ਰਾਪਤ ਸੂਚਨਾ ਪੱਤਰ ਨੰਬਰ 9052 ਮਿਤੀ 10/08/2023 ਅਨੁਸਾਰ ਪਿਛਲੇ 9 ਸਾਲਾਂ ਦੌਰਾਨ ਕੇਂਦਰੀ ਜੇਲ੍ਹ ਵਿਚੋਂ 22 ਸਿਮ ਕਾਰਡ ਬਰਾਮਦ ਕੀਤੇ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਜੇਲ੍ਹ ਵਿਚ ਏ, ਬੀ, ਸੀ ਅਤੇ ਡੀ ਸ਼੍ਰੇਣੀ ਦੇ ਕੁੱਲ ਗੈਂਗਸਟਰ ਕੈਦੀਆਂ ਦੀ ਗਿਣਤੀ 17 ਹੈ। ਇਸ ਤੋਂ ਇਲਾਵਾ ਜੇਲ੍ਹ ਵਿਚ ਪੁਰਸ਼ ਕੈਦੀਆਂ ਅਤੇ ਬੰਦੀਆਂ ਦੀ ਕੁੱਲ ਗਿਣਤੀ 1713 ਹੈ ਅਤੇ ਜੇਲ੍ਹ ਅੰਦਰ ਕੋਈ ਵੀ ਮਹਿਲਾ ਕੈਦੀ ਨਹੀਂ ਹੈ।