ਕੇਂਦਰ ਸਰਕਾਰ ਦੇਸ਼ ਦੇ ਭਗੌੜਿਆਂ ਦਾ 68 ਹਜ਼ਾਰ ਕਰੋੜ ਦਾ ਕਰਜ਼ਾ ਮਾਫ ਕਰ ਸਕਦੀ ਹੈ ਕਿਸਾਨਾਂ ਦਾ ਕਿਉਂ ਨਹੀਂ?
Saturday, May 02, 2020 - 10:58 AM (IST)
ਧਰਮਕੋਟ (ਅਕਾਲੀਆਂਵਾਲਾ): ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਜੇਕਰ ਦੇਸ਼ ਦੇ 'ਚੋਂ ਭਗੌੜੇ ਨੀਰਵ ਮੋਦੀ, ਵਿਜੇ ਮਾਲਿਆਂ ਵਰਗਿਆਂ ਦਾ 68 ਹਜ਼ਾਰ ਕਰੋੜ ਰੁਪਏ ਮਾਫ ਕਰ ਸਕਦੀ ਹੈ ਤਾਂ ਦੇਸ਼ ਦੇ ਕਿਸਾਨਾਂ ਦਾ ਕਰਜ਼ਾ ਕਿਉਂ ਨਹੀਂ ਮੁਆਫ ਕੀਤਾ ਜਾ ਸਕਦਾ? ਭਾਰਤੀ ਕਿਸਾਨ ਯੂਨੀਅਨ ਮਾਨ ਗਰੁੱਪ ਦੇ ਸੂਬਾਈ ਜਰਨਲ ਸਕੱਤਰ ਬਲਵੰਤ ਸਿੰਘ ਬ੍ਰਹਮਕੇ ਦੀ ਅਗਵਾਈ ਹੇਠ ਹੋਈ ਕੱਲ੍ਹ ਮੀਟਿੰਗ ਦੌਰਾਨ ਕਿਸਾਨਾਂ ਨੇ ਫੈਸਲਾ ਲਿਆ ਹੈ ਕਿ ਉਹ ਵੀ ਆਪਣੀਆਂ ਖੇਤੀਬਾੜੀ ਲਿਮਟਾਂ ਅਤੇ ਹੋਰ ਫਸਲੀ ਕਰਜ਼ੇ ਬੈਂਕਾਂ ਕੋਲ ਜਮ੍ਹਾ ਨਹੀਂ ਕਰਵਾਉਣਗੇ। ਉਨ੍ਹਾਂ ਪੰਜਾਬ ਦੇ ਸਮੂਹ ਕਿਸਾਨਾਂ ਨੂੰ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦਾ ਫ਼ਸਲੀ ਕਰਜ਼ਾ ਬੈਂਕਾਂ ਨੂੰ ਜਮ੍ਹਾ ਨਾ ਕਰਵਾਉਣ ਜੇਕਰ ਕੋਈ ਬੈਂਕ ਜਾਂ ਹੋਰ ਅਧਿਕਾਰੀ ਉਨ੍ਹਾਂ ਵਿਰੁੱਧ ਕਾਰਵਾਈ ਕਰਦਾ ਹੈ ਤਾਂ ਕਿਸਾਨ ਜਥੇਬੰਦੀ ਕਿਸਾਨਾਂ ਦੇ ਹੱਕ 'ਚ ਡਟ ਕੇ ਖੜ੍ਹੇਗੀ।
ਇਹ ਵੀ ਪੜ੍ਹੋ: ਲਾਕਡਾਊਨ ਦੌਰਾਨ ਨਾਭਾ 'ਚ ਵੱਡੀ ਵਾਰਦਾਤ, ਇਕੋ ਦਿਨ ਹੋਏ 2 ਕਤਲ
ਉਨ੍ਹਾਂ ਕਿਹਾ ਕਿ ਦੇਸ਼ ਦੇ ਕਿਸਾਨਾਂ ਦੀ ਅੱਜ ਹਾਲਤ ਬਹੁਤ ਹੀ ਤਰਸਯੋਗ ਹੋ ਚੁੱਕੀ ਹੈ। ਇਨ੍ਹਾਂ ਕਿਸਾਨਾਂ ਨੇ ਜਿੱਥੇ ਸਰਕਾਰ ਦੀਆਂ ਖੇਤੀ ਵਿਰੋਧੀ ਨੀਤੀਆਂ ਦਾ ਖਮਿਆਜ਼ਾ ਭੁਗਤਿਆ ਹੈ ਉੱਥੇ ਮੋਦੀ ਸਰਕਾਰ ਦੇ ਨੋਟਬੰਦੀ ਅਤੇ ਜੀ. ਐੱਸ. ਟੀ. ਵਰਗੇ ਫੈਸਲਿਆਂ ਦੀ ਵੀ ਮਾਰ ਸਹੀ ਹੈ। ਕਿਸਾਨੀ ਕੋਰੋਨਾ ਸੰਕਟ ਦੇ 'ਚ ਮਾੜੇ ਹਾਲਾਤਾਂ ਚੋਂ ਗੁਜ਼ਰ ਰਹੀ ਹੈ, ਕਿਉਂਕਿ ਸਬਜ਼ੀ ਕਾਸ਼ਤਕਾਰਾਂ ਦੀ ਫਸਲ ਕੌਡੀਆਂ ਭਾਅ ਵਿਕੀ ਹੈ, ਜਿਸ ਨਾਲ ਉਨ੍ਹਾਂ ਦੇ ਲਾਗਤ ਖਰਚੇ ਵੀ ਪੂਰੇ ਨਹੀਂ ਹੋਏ ਉਨ੍ਹਾਂ ਸਿਰ ਕਰਜ਼ੇ ਦੀ ਪੰਡ ਹੋਰ ਭਾਰੀ ਹੋਣ ਜਾ ਰਹੀ ਹੈ। ਸਰਕਾਰ ਸਾਰੇ ਕਿਸਾਨਾਂ ਨੂੰ 500 ਰੁਪਏ ਮਹੀਨਾ ਸਹਾਇਤਾ ਤਾਂ ਕਰ ਰਹੀ ਹੈ ਪਰ ਇਸ ਨਾਲ ਕਿਸਾਨਾਂ ਨੂੰ ਕੀ ਫਾਇਦਾ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਪੰਜਾਬ ਦੇ ਕਿਸਾਨਾਂ ਦਾ ਸਮੁੱਚਾ ਕਰਜ਼ਾ ਮਾਫ ਕਰਨ ਦਾ ਫ਼ੈਸਲਾ ਲਿਆ ਸੀ ਪਰ ਹੁਣ ਕਿਸਾਨਾਂ ਦੇ ਮੱਥੇ 'ਤੇ ਡਿਫਾਲਟਰ ਹੋਣ ਦਾ ਦਾਗ ਲੱਗ ਚੁੱਕਾ ਹੈ। ਉਨ੍ਹਾਂ ਕਿਹਾ ਕਿ ਜਦ ਵੀ ਕੋਈ ਬੈਂਕ ਅਧਿਕਾਰੀ ਉਨ੍ਹਾਂ ਨੂੰ ਪ੍ਰੇਸ਼ਾਨ ਕਰਦਾ ਹੈ ਤਾਂ ਜਥੇਬੰਦੀ ਦੇ ਧਿਆਨ 'ਚ ਲਿਆਂਦਾ ਜਾਵੇ, ਤਾਂ ਜੋ ਜਥੇਬੰਦੀ ਸਰਕਾਰਾਂ ਵੱਲੋਂ ਕੀਤੇ ਵਾਅਦੇ ਅਧਿਕਾਰੀਆਂ ਨੂੰ ਯਾਦ ਕਰਵਾ ਸਕੇ।
ਇਹ ਵੀ ਪੜ੍ਹੋ: ਕੋਰੋਨਾ ਸੰਕਟ ਦੌਰਾਨ ਮਾਨਵਤਾ ਦੀ ਸੇਵਾ 'ਚ ਮਿਸਾਲ ਬਣਿਆ ਡੇਰਾ ਬਿਆਸ
ਤੇਲ ਪਾਣੀ ਦੇ ਭਾਅ ਪਰ ਮਹਿੰਗੇ ਮੁੱਲ ਖਰੀਦਣ ਲਈ ਮਜਬੂਰ
ਉਨ੍ਹਾਂ ਕਿਹਾ ਕਿ ਪੰਜਾਬ ਦੀ ਸਾਰੀ ਖੇਤੀ ਮਸ਼ੀਨਾਂ ਨਾਲ ਹੁੰਦੀ ਹੈ ਤੇ ਮਸ਼ੀਨਾਂ ਡੀਜ਼ਲ ਨਾਲ ਚਲਦੀਆਂ ਹਨ। ਅੱਜ ਤੇਲ ਪਾਣੀ ਨਾਲੋਂ ਵੀ ਸਸਤਾ ਹੈ ਪਰ ਕੇਂਦਰ ਸਰਕਾਰ ਜਾਣ ਬੁੱਝ ਕੇ ਕੀਮਤਾਂ ਨਹੀਂ ਘਟਾ ਰਹੀ ਸਰਕਾਰ ਨੇ ਡੀਜ਼ਲ ਅਤੇ ਪੈਟਰੋਲ ਦੇ ਭਾਅ ਅਸਮਾਨੀ ਚਾੜ੍ਹ ਰੱਖੇ ਹਨ। ਦੇਸ਼ 'ਚ ਬਹੁਗਿਣਤੀ ਛੋਟੇ ਕਿਸਾਨਾਂ ਦੀ ਹੈ, ਜਿਨਾਂ ਦੀ ਆਮਦਨ ਸਰਕਾਰ ਦੇ ਚੌਥਾ ਦਰਜਾ ਮੁਲਾਜ਼ਮਾਂ ਤੋਂ ਵੀ ਘੱਟ ਹੈ। ਇਸ ਮੌਕੇ ਸਾਰਜ ਸਿੰਘ ਸਿੱਧੂ ਪ੍ਰਚਾਰ ਸਕੱਤਰ ਪੰਜਾਬ, ਸੁਖਾ ਸਿੰਘ ਵਿਰਕ ਜ਼ਿਲਾ ਪ੍ਰਧਾਨ ਗੁਰਨਾਮ ਸਿੰਘ, ਕੈਸ਼ੀਅਰ ਸੁਖਦੇਵ ਸਿੰਘ ਭਿੰਡਰ, ਅਜੈਬ ਸਿੰਘ ਕਿਸਾਨ ਆਗੂ, ਰਛਪਾਲ ਸਿੰਘ ਬਲਾਕ ਪ੍ਰਧਾਨ ਫਤਿਹਗੜ ਪੰਜਤੂਰ ਇਹ ਆਦਿ ਹਾਜ਼ਰ ਸਨ।