ਰੌਸ਼ਨੀਆਂ ਦੇ ਤਿਉਹਾਰ ਵਜੋਂ ਮਨਾਓ ਦੀਵਾਲੀ : ਸੰਤ ਸੀਚੇਵਾਲ

Monday, Oct 24, 2022 - 05:21 PM (IST)

ਰੌਸ਼ਨੀਆਂ ਦੇ ਤਿਉਹਾਰ ਵਜੋਂ ਮਨਾਓ ਦੀਵਾਲੀ  : ਸੰਤ ਸੀਚੇਵਾਲ

ਸੁਲਤਾਨਪੁਰ ਲੋਧੀ (ਧੀਰ)-ਵਾਤਾਵਰਣ ਪ੍ਰੇਮੀ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੇਸ਼ ਵਿਦੇਸ਼ ’ਚ ਵਸਦੀ ਗੁਰੂ ਪਿਆਰੀ ਸੰਗਤ ਨੂੰ ਬੰਦੀ ਛੋੜ ਦਿਵਸ ਤੇ ਦੀਵਾਲੀ ਦੀ ਵਧਾਈਆਂ ਦਿੰਦਿਆਂ ਕਿਹਾ ਕਿ ਖੁਸ਼ੀਆਂ ਦੇ ਇਨ੍ਹਾਂ ਤਿਉਹਾਰਾਂ ’ਚ ਅਜੋਕੇ ਸਮੇਂ ਦੌਰਾਨ ਪਈ ਨਵੀਂ ਪਿਰਤ ਕਰੋੜਾਂ ਰੁਪਏ ਖਰਚ ਕੇ ਪਟਾਕੇ ਚਲਾਉਣ ਨੇ ਕੁਦਰਤ ਦਾ ਬਹੁਤ ਵਿਨਾਸ਼ ਕੀਤਾ। ਉਨ੍ਹਾਂ ਕਿਹਾ ਕਿ ਕਰੋੜਾਂ ਰੁਪਏ ਖਰਚਣ ਦੀ ਬਜਾਏ ਅਸੀਂ ਇਕ ਰੁੱਖ ਲਗਾਈਏ ਤੇ ਉਨ੍ਹਾਂ ਰੁਪਇਆਂ ਨੂੰ ਲੋੜਵੰਦਾਂ ਨੂੰ ਦੇ ਕੇ ਸਰਬੱਤ ਦੇ ਭਲੇ ਦਾ ਕਾਰਜ ਕਰ ਕੇ ਲੋੜਵੰਦਾਂ ਦੀਆਂ ਅਸੀਸਾਂ ਲੈ ਕੇ ਇਨ੍ਹਾਂ ਪੈਸਿਆਂ ਦਾ ਵੱਧ ਲਾਹਾ ਲਿਆ ਜਾ ਸਕਦਾ ਹੈ।

ਉਨ੍ਹਾਂ ਕਿਹਾ ਕਿ ਦੁਨੀਆ ਵਿਚ ਇਕ ਅਹਿਮ ਮੁੱਦੇ ਵਜੋਂ ਉੱਭਰ ਰਹੇ ਜਲਵਾਯੂ ਪਰਿਵਰਤਨ ਦੇ ਮੁੱਦੇ ’ਚ ਜੇਕਰ ਕਿਸੇ ਦਾ ਸਭ ਤੋਂ ਵੱਡਾ ਸਹਿਯੋਗ ਹੈ ਤਾਂ ਉਹ ਪ੍ਰਦੂਸ਼ਣ ਦਾ ਹੀ ਹੈ। ਜਿਹੜੇ ਤਿਉਹਾਰ ਨੂੰ ਅਸੀਂ ਖੁਸ਼ੀਆਂ ਅਤੇ ਰੌਸ਼ਨੀਆਂ ਦਾ ਤਿਉਹਾਰ ਸਮਝਦੇ ਸੀ, ਅਜੋਕੇ ਸਮਾਜ ’ਚ ਉਹ ਤਿਉਹਾਰ ਸਿਰਫ ਪਟਾਕਿਆਂ ਅਤੇ ਸ਼ੋਰ-ਸ਼ਰਾਬੇ ਤੱਕ ਹੀ ਸੀਮਤ ਰਹਿ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਦਿਨ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਿੰਘ ਜੀ ਗਵਾਲੀਅਰ ਦੇ ਕਿਲ੍ਹੇ ਤੋਂ 52 ਰਾਜਿਆਂ ਸਮੇਤ ਰਿਹਾਅ ਹੋ ਕੇ ਵਾਪਿਸ ਅੰਮ੍ਰਿਤਸਰ ਆਏ ਸਨ, ਉਸ ਦੀ ਖੁਸ਼ੀ ਵਿਚ ਲੋਕਾਂ ਵੱਲੋਂ ਦੀਪਮਾਲਾ ਕੀਤੀ ਗਈ ਸੀ। ਸਿੱਖ ਧਰਮ ਵਿਚ ਇਸ ਤਿਉਹਾਰ ਨੂੰ ਬੰਦੀ ਛੋੜ ਦੇ ਰੂਪ ਵਿਚ ਮਨਾਇਆ ਜਾਂਦਾ ਹੈ।

ਉਨ੍ਹਾਂ ਇਸੇ ਦਿਨ ਭਗਵਾਨ ਸ਼੍ਰੀ ਰਾਮ ਚੰਦਰ ਜੀ 14 ਸਾਲਾਂ ਦਾ ਬਨਵਾਸ ਕੱਟ ਵਾਪਸ ਅਯੁੱਧਿਆ ਆਏ, ਉਨ੍ਹਾਂ ਦੇ ਵਾਪਿਸ ਆਉਣ ਦੀ ਖੁਸ਼ੀ ਵਿਚ ਵੀ ਅਯੁੱਧਿਆ ਵਾਸੀਆਂ ਨੇ ਦੀਪਮਾਲਾ ਕੀਤੀ ਸੀ। ਇਨ੍ਹਾਂ ਤੋਂ ਸੇਧ ਲੈਂਦਿਆਂ ਸੰਤ ਸੀਚੇਵਾਲ ਨੇ ਕਿਹਾ ਕਿ ਸਾਡੇ ਵੱਲੋਂ ਕੀਤੀਆਂ ਗ਼ਲਤੀਆਂ ਦਾ ਸੁਧਾਰ ਕਰਦਿਆਂ ਸਾਨੂੰ ਇਹ ਤਿਉਹਾਰ ਖੁਸ਼ੀਆਂ ਤੇ ਰੌਸ਼ਨੀਆਂ ਦੇ ਤਿਉਹਾਰ ਵਜੋਂ ਮਨਾਉਣੀ ਚਾਹੀਦੀ ਹੈ। ਸੰਗਤਾਂ ਨੂੰ ਅਪੀਲ ਕਿ ਉਹ ਇਸ ਵਾਰ ਹਰੀ ਦੀਵਾਲੀ ਮਨਾਉਣ ਤੇ ਇਕ ਪ੍ਰਦੂਸ਼ਣ ਰਹਿਤ ਸਮਾਜ ਬਣਾਉਣ, ਆਪਣੇ ਬੱਚਿਆਂ ਦਾ ਭਵਿੱਖ ਬਚਾਉਣ ਅਤੇ ਵੱਧ ਤੋਂ ਵੱਧ ਬੂਟੇ ਲਗਾਉਣ ਤੇ ਗੁਰੂ ਨਾਨਕ ਦੇਵ ਜੀ ਵੱਲੋਂ ਦੇ ਦਿੱਤੇ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਕੇ ਕੁਦਰਤ ਨਾਲ ਸਾਂਝ ਪਾਉਣ।


author

Manoj

Content Editor

Related News

News Hub