ਕੈਪਟਨ ਨਾਲ ਪੱਛਮੀ ਕਮਾਨ ਦੇ ਲੈਫਟੀਨੈਂਟ ਜਨਰਲ ਸੁਰਿੰਦਰ ਸਿੰਘ ਨੇ ਕੀਤੀ ਮੁਲਾਕਾਤ
Friday, Jul 26, 2019 - 11:43 PM (IST)

ਜਲੰਧਰ,(ਧਵਨ) : ਫੌਜ ਦੀ ਪੱਛਮੀ ਕਮਾਨ ਦੇ ਲੈਫਟੀਨੈਂਟ ਜਨਰਲ ਸੁਰਿੰਦਰ ਸਿੰਘ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਉਨ੍ਹਾਂ ਦੀ ਰਿਹਾਇਸ਼ ਵਿਖੇ ਮੁਲਾਕਾਤ ਕੀਤੀ। ਮੀਟਿੰਗ 'ਚ ਮੁੱਖ ਮੰਤਰੀ ਦੇ ਚੀਫ ਪ੍ਰਿੰਸੀਪਲ ਸੈਕਟਰੀ ਸੁਰੇਸ਼ ਕੁਮਾਰ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ। ਜਨਰਲ ਸੁਰਿੰਦਰ ਸਿੰਘ ਆਉਣ ਵਾਲੇ ਦਿਨਾਂ ਵਿਚ ਰਿਟਾਇਰ ਹੋਣ ਜਾ ਰਹੇ ਹਨ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਵੀ ਫੌਜ ਵਿਚ ਕੰਮ ਕੀਤਾ ਹੋਇਆ ਹੈ, ਇਸ ਲਈ ਜਨਰਲ ਸੁਰਿੰਦਰ ਸਿੰਘ ਨੇ ਫੌਜ ਵਿਚ ਆਪਣੀਆਂ ਸੇਵਾਵਾਂ ਨੂੰ ਲੈ ਕੇ ਮੁੱਖ ਮੰਤਰੀ ਨਾਲ ਵਿਚਾਰ-ਵਟਾਂਦਰਾ ਕੀਤਾ।
ਸਰਕਾਰੀ ਸੂਤਰਾਂ ਮੁਤਾਬਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੈਫ. ਜਨਰਲ ਸੁਰਿੰਦਰ ਸਿੰਘ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਿਛਲੇ 4 ਦਹਾਕਿਆਂ ਵਿਚ ਸੁਰਿੰਦਰ ਸਿੰਘ ਨੇ ਦੇਸ਼ ਦੀ ਸੇਵਾ ਅਤੇ ਸੁਰੱਖਿਆ ਵਿਚ ਅਹਿਮ ਯੋਗਦਾਨ ਪਾਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਰਿਟਾਇਰਮੈਂਟ ਤੋਂ ਬਾਅਦ ਲੈਫ. ਜਨਰਲ ਸੁਰਿੰਦਰ ਸਿੰਘ ਪੂਰੀ ਤਰ੍ਹਾਂ ਸਰਗਰਮ ਰਹਿਣਗੇ ਅਤੇ ਦੇਸ਼ ਦੀ ਸੇਵਾ ਵਿਚ ਪਹਿਲਾਂ ਵਾਂਗ ਯੋਗਦਾਨ ਪਾਉਂਦੇ ਰਹਿਣਗੇ। ਮੁੱਖ ਮੰਤਰੀ ਨੇ ਟਵੀਟ ਕਰਦਿਆਂ ਕਿਹਾ ਕਿ ਸੁਰਿੰਦਰ ਸਿੰਘ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਸੁਰਿੰਦਰ ਸਿੰਘ ਨੇ ਮੁੱਖ ਮੰਤਰੀ ਨਾਲ ਲਗਭਗ ਪੌਣਾ ਘੰਟਾ ਮੀਟਿੰਗ ਕੀਤੀ, ਜਿਸ ਵਿਚ ਪੰਜਾਬ ਸਰਕਾਰ ਵਲੋਂ ਸੇਵਾਮੁਕਤ ਅਤੇ ਮੌਜੂਦਾ ਫੌਜੀਆਂ ਦੀ ਭਲਾਈ ਲਈ ਚੁੱਕੇ ਗਏ ਕਦਮਾਂ ਬਾਰੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ। ਸੁਰਿੰਦਰ ਸਿੰਘ ਦੇ ਨਾਲ ਪੱਛਮੀ ਕਮਾਨ ਦੇ ਕੁਝ ਹੋਰ ਫੌਜੀ ਅਧਿਕਾਰੀ ਵੀ ਆਏ ਹੋਏ ਸਨ।