ਕੈਪਟਨ ਸਰਕਾਰ ਖਿਲਾਫ ਭਾਜਪਾ ਵਲੋਂ ਪੰਜਾਬ ਭਰ ''ਚ ਧਰਨਾ ਪ੍ਰਦਰਸ਼ਨ

01/16/2018 3:02:59 PM

ਪਟਿਆਲਾ (ਇੰਦਰਜੀਤ ਬਕਸ਼ੀ) — ਭਾਰਤੀ ਜਨਤਾ ਪਾਰਟੀ ਵਲੋਂ ਅੱਜ ਪੰਜਾਬ ਭਰ 'ਚ ਕਾਂਗਰਸ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਇਸ ਕੜੀ ਤਹਿਤ ਪਟਿਆਲਾ ਦੇ ਡੀ. ਸੀ. ਦਫਤਰ ਦੇ ਬਾਹਰ ਹਰਜੀਤ ਗਰੇਵਾਲ ਦੀ ਅਗਵਾਈ 'ਚ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਜੋ ਧੋਖਾ ਕੈਪਟਨ ਸਰਕਾਰ ਨੇ ਕਿਸਾਨਾਂ ਦੇ ਨਾਲ ਕੀਤਾ ਹੈ, ਆਉਣ ਵਾਲੇ ਸਮੇਂ 'ਚ ਕੈਪਟਨ ਨੂੰ ਆਪਣਾ ਮਹਿਲ ਬਚਾਉਣਾ ਮੁਸ਼ਕਲ ਹੋ ਜਾਵੇਗਾ, ਫਿਰ ਭਾਵੇਂ ਪੁਲਸ ਤੇ ਫੌਜ ਹੀ ਕਿਉਂ ਨਾ ਤਾਇਨਾਤ ਹੋਵੇ।
ਇਸ ਮੌਕੇ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਅੱਜ ਉਨ੍ਹਾਂ ਦੀ ਪਾਰਟੀ ਵਲੋਂ ਪੰਜਾਬ ਭਰ 'ਚ ਡੀ. ਸੀ. ਦਫਤਰਾਂ ਦੇ ਬਾਹਰ ਸਰਕਾਰ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਝੂਠੇ ਵਾਅਦੇ ਕਰਕੇ ਸੱਤਾ 'ਚ ਆਈ ਤੇ ਅੱਜ ਤਕ ਕਿਸੇ ਵੀ ਵਾਅਦੇ ਨੂੰ ਪੂਰਾ ਨਹੀਂ ਕੀਤਾ ਗਿਆ। ਇਸ ਸੰਬੰਧ 'ਚ ਉਨ੍ਹਾਂ ਨੇ ਦੱਸਿਆ ਕਿ ਅੱਜ ਪੰਜਾਬ 'ਚ ਕਿਸਾਨਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ, ਉਥੇ ਹੀ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ ਪਰ ਕੈਪਟਨ ਸਰਕਾਰ ਨੇ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ, ਜਿਸ ਦੇ ਵਿਰੋਧ 'ਚ ਉਹ ਸੜਕਾਂ 'ਤੇ ਉਤਰੇ ਹਨ। 
ਜ਼ਿਕਰਯੋਗ ਹੈ ਕਿ ਪਟਿਆਲਾ ਤੋਂ ਇਲਾਵਾ ਬਠਿੰਡਾ, ਬਰਨਾਲਾ, ਗੁਰਦਾਸਪੁਰ, ਪਠਾਨਕੋਟ, ਮੋਗਾ ਆਦਿ ਜ਼ਿਲਿਆਂ 'ਚ ਵੀ ਡੀ. ਸੀ. ਦਫਤਰਾਂ ਅੱਗੇ ਭਾਜਪਾ ਆਗੂਆਂ ਤੇ ਵਰਕਰਾਂ ਵਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। 
ਉਥੇ ਹੀ ਰਾਣਾ ਗੁਰਜੀਤ ਦੇ ਅਸਤੀਫਾ ਦੇਣ ਦੇ ਮਾਮਲੇ 'ਚ ਬੋਲਦਿਆਂ ਹਰਜੀਤ ਗਰੇਵਾਲ ਨੇ ਕਿਹਾ ਕਿ ਭਾਜਪਾ ਵਲੋਂ ਰੋਜ਼ ਕਾਂਗਰਸ ਸਰਕਾਰ 'ਤੇ ਦਬਾਅ ਬਣਾਇਆ ਜਾ ਰਿਹਾ ਸੀ, ਜਿਸ ਕਾਰਨ ਸਰਕਾਰ ਨੂੰ ਰਾਣਾ ਗੁਰਜੀਤ ਦੇ ਅਸਤੀਫਾ ਲੈਣਾ ਪਿਆ।  


Related News