ਕੈਪਟਨ ਨੇ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਰੋਕਣ ਲਈ ਦਿੱਤੇ ਸਖਤੀ ਕਰਨ ਦੇ ਹੁਕਮ

06/19/2019 6:25:15 PM

ਜਲੰਧਰ (ਧਵਨ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ 'ਚ ਪਾਲਸਿਟਕ ਦੇ ਲਿਫਾਫਿਆਂ ਦੀ ਵਰਤੋਂ ਨੂੰ ਹੋਰ ਸਖਤੀ ਨਾਲ ਰੋਕਣ ਲਈ ਬੁੱਧਵਾਰ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਸੂਬੇ 'ਚ ਪਲਾਸਟਿਕ ਦੇ ਲਿਫਾਫਿਆਂ ਅਤੇ ਬੈਗਾਂ ਦੀ ਵਰਤੋਂ 'ਤੇ ਪੂਰੀ ਤਰ੍ਹਾਂ ਰੋਕ ਲਗਾਉਣੀ ਚਾਹੀਦੀ ਹੈ। ਇਸ ਸੰਬੰਧੀ ਉਨ੍ਹਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਸਖਤੀ ਨਾਲ ਕੰਮ ਕਰਨ ਲਈ ਕਿਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਮੰਗਲਵਾਰ ਨੂੰ ਸਥਾਨਕ ਸਰਕਾਰ ਵਿਭਾਗ ਨੇ 175 ਅਦਾਰਿਆਂ 'ਤੇ ਛਾਪੇ ਮਾਰੇ ਅਤੇ 88 ਮਾਮਲਿਆਂ 'ਚ ਪਲਾਸਟਿਕ ਕੈਰੀ ਬੈਗ (ਮੈਨੂਫੈਕਚਰਸ, ਯੁਸੇਜ ਅਤੇ ਡਿਸਪੋਜੇਬਲ) ਕੰਟਰੋਲ ਐਕਟ 2005 ਅਧੀਨ ਉਲੰਘਣਾ ਦੇ ਮਾਮਲੇ ਸਾਹਮਣੇ ਆਏ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਟੀਮਾਂ ਨੇ 3500 ਕਿਲੋ ਦੇ ਕੈਰੀ ਬੈਗ ਦੂਜੇ ਦਿਨ ਦੀ ਛਾਪੇਮਾਰੀ ਦੌਰਾਨ ਜ਼ਬਤ ਕੀਤੇ ਸ਼ਨੀਵਾਰ ਪਹਿਲੇ ਦਿਨ ਮਾਰੇ ਗਏ ਛਾਪਿਆਂ ਦੌਰਾਨ 4000 ਕਿਲੋ ਕੈਰੀ ਬੈਗ ਜ਼ਬਤ ਕੀਤੇ ਗਏ ਸਨ।

ਮੁੱਖ ਮੰਤਰੀ ਨੇ ਕਿਹਾ ਕਿ 82 ਚਲਾਨ ਜਾਰੀ ਕਰ ਦਿੱਤੇ ਗਏ ਹਨ। ਟੀਮਾਂ ਨੇ ਮੌਕੇ 'ਤੇ ਹੀ ਲਗਭਗ 50000 ਰੁਪਏ ਦੀ ਰਕਮ ਜੁਰਮਾਨੇ ਵਜੋਂ ਵਸੂਲ ਕੀਤੀ ਇਕੱਲੇ ਲੁਧਿਆਣਾ ਜ਼ਿਲੇ 'ਚ ਹੀ ਟੀਮਾਂ ਨੇ 1150 ਕਿਲੋ ਪਲਾਸਟਿਕ ਦੇ ਬੈਗ ਜ਼ਬਤ ਕੀਤੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪਲਾਸਟਿਕ ਦੇ ਬੈਗਾਂ ਦੀ ਵਰਤੋਂ 'ਤੇ ਪਾਬੰਦੀ ਲਾਈ ਹੋਈ ਹੈ। ਇਸ ਸੰਬੰਧੀ ਕਾਨੂੰਨ ਵੀ ਪਾਸ ਕੀਤਾ ਹੋਇਆ ਹੈ। ਪਲਾਸਟਿਕ ਦੀ ਵਰਤੋਂ ਪ੍ਰਦੂਸ਼ਣ ਪੱਖੋਂ ਠੀਕ ਨਹੀਂ ਹੈ। ਸਰਕਾਰ ਨੇ ਸਭ ਸੰਬੰਧਤ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਪਲਾਸਟਿਕ ਦੇ ਬੈਗਾਂ ਦੀ ਵਰਤੋਂ ਨੂੰ ਰੋਕਣ ਲਈ ਭਵਿੱਖ 'ਚ ਵੀ ਛਾਪੇ ਮਾਰਨ ਦੀ ਮੁਹਿੰਮ ਜਾਰੀ ਰੱਖਣ।

ਕੈਪਟਨ ਨੇ ਕਿਹਾ ਕਿ 'ਤੰਦਰੁਸਤ ਪੰਜਾਬ ਮਿਸ਼ਨ' ਮੁਹਿੰਮ ਨੂੰ ਭਵਿੱਖ 'ਚ ਵੀ ਜਾਰੀ ਰੱਖਿਆ ਜਾਵੇਗਾ। ਸਿਰਫ ਲੁਧਿਆਣਾ ਹੀ ਨਹੀਂ ਸਗੋਂ ਹੋਰਨਾਂ ਜ਼ਿਲਿਆਂ 'ਚ ਵੀ ਛਾਪੇ ਮਾਰਨ ਦੀ ਮੁਹਿੰਮ ਹੋਰ ਵਧਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।


Baljit Singh

Content Editor

Related News