ਕੈਪਟਨ ਨੇ DGP ਨੂੰ ਦਿੱਤੇ ਹੁਕਮ, ਸਿਆਸਤਦਾਨਾਂ-ਗੈਂਗਸਟਰਾਂ ਦੀ ਗੰਢਤੁਪ ਦੀ ਕੀਤੀ ਜਾਵੇ ਜਾਂਚ

Saturday, Dec 07, 2019 - 08:35 PM (IST)

ਕੈਪਟਨ ਨੇ DGP ਨੂੰ ਦਿੱਤੇ ਹੁਕਮ, ਸਿਆਸਤਦਾਨਾਂ-ਗੈਂਗਸਟਰਾਂ ਦੀ ਗੰਢਤੁਪ ਦੀ ਕੀਤੀ ਜਾਵੇ ਜਾਂਚ

ਜਲੰਧਰ,(ਧਵਨ) : ਸੂਬੇ 'ਚ ਕੁਝ ਸਿਆਸਤਦਾਨਾਂ ਦੀ ਗੈਂਗਸਟਰਾਂ ਨਾਲ ਗੰਢਤੁਪ ਸਬੰਧੀ ਖਬਰਾਂ ਸਾਹਮਣੇ ਆਉਣ ਦਾ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੀ. ਜੀ. ਪੀ. ਦਿਨਕਰ ਗੁਪਤਾ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਇਸ ਦੀ ਜਾਂਚ ਕਰਨ ਤੇ ਜੇਕਰ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਦੇ ਖਿਲਾਫ ਸਰਕਾਰ ਸਖਤ ਕਾਰਵਾਈ ਕਰੇਗੀ ਪਰ ਨਾਲ ਹੀ ਮੁੱਖ ਮੰਤਰੀ ਨੇ ਆਪਣੇ ਸਹਿਯੋਗੀਆਂ 'ਤੇ ਪੂਰਾ ਭਰੋਸਾ ਜਤਾਇਆ। ਕੈਪਟਨ ਅਮਰਿੰਦਰ ਸਿੰਘ ਨੇ ਡੀ. ਜੀ. ਪੀ. ਨੂੰ ਕਿਹਾ ਕਿ ਉਹ ਕੁਝ ਡਾਕਿਊਮੈਂਟਸ ਤੇ ਤਸਵੀਰਾਂ ਨੂੰ ਲੈ ਕੇ ਲਾਏ ਗਏ ਦੋਸ਼ਾਂ ਦੀ ਜਾਂਚ ਕਰਨ। ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਵਲੋਂ ਜੋ ਕਿਹਾ ਜਾ ਰਿਹਾ ਹੈ, ਉਸ 'ਚ ਸੱਚਾਈ ਨਹੀਂ ਹੈ। ਮੁੱਖ ਮੰਤਰੀ ਨੂੰ ਵੀ ਕੁਝ ਤਸਵੀਰਾਂ ਭੇਜੀਆਂ ਗਈਆਂ ਸਨ।

ਇਨ੍ਹਾਂ ਤਸਵੀਰਾਂ ਵਿਚ ਖਤਰਨਾਕ ਅਪਰਾਧੀ ਜਿਸ ਦੇ ਖਿਲਾਫ ਕਈ ਮੁਕੱਦਮੇ ਦਰਜ ਹਨ ਤੇ ਜਿਸ ਦੇ ਗੈਂਗਸਟਰਾਂ ਨਾਲ ਸਬੰਧ ਹਨ, ਦੇ ਕੁਝ ਅਕਾਲੀ ਆਗੂਆਂ ਜਿਨ੍ਹਾਂ ਵਿਚ ਸੁਖਬੀਰ ਬਾਦਲ, ਬਿਕਰਮ ਮਜੀਠੀਆ ਤੇ ਹਰਸਿਮਰਤ ਬਾਦਲ ਵੀ ਸ਼ਾਮਲ ਹਨ, ਦੇ ਨਾਲ ਤਸਵੀਰਾਂ ਸਾਹਮਣੇ ਆਈਆਂ ਹਨ। ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਸੂਬੇ 'ਚ ਗੈਰ ਕਾਨੂੰਨੀ ਸਰਗਰਮੀਆਂ 'ਚ ਸ਼ਾਮਲ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਤੇ ਉਸ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਹੋਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਉਨ੍ਹਾਂ ਦੇ ਮੰਤਰੀਮੰਡਲ ਸਹਿਯੋਗੀ ਅਜਿਹੀਆਂ ਸਰਗਰਮੀਆਂ ਵਿਚ ਸ਼ਾਮਲ ਨਹੀਂ ਹਨ।


Related News