''ਪੇਂਡੂ ਹਸਪਤਾਲ'' ਵੇਚਣ ਦੀ ਤਿਆਰੀ ''ਚ ਕੈਪਟਨ ਸਰਕਾਰ!
Monday, Jan 21, 2019 - 11:04 AM (IST)

ਚੰਡੀਗੜ੍ਹ : ਵੱਖ-ਵੱਖ ਅਖਬਾਰਾਂ 'ਚ ਪ੍ਰਕਾਸ਼ਿਤ ਜਨਤਕ ਨੋਟਿਸ ਮੁਤਾਬਕ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਪੰਜਾਬ ਦੀ ਕੈਪਟਨ ਸਰਕਾਰ ਹੁਣ ਪੇਂਡੂ ਹਸਪਤਾਲਾਂ ਨੂੰ ਵੇਚਣ ਦੀ ਤਿਆਰੀ 'ਚ ਹੈ। ਪੰਜਾਬ ਸਰਕਾਰ ਪੇਂਡੂ ਖੇਤਰਾਂ ਵਿਚਲੀਆਂ ਸੈਂਕੜੇ ਸਰਕਾਰੀ ਸਿਹਤ ਸੰਭਾਲ ਸੰਸਥਾਵਾਂ ਨੂੰ ਨਿਜੀ ਹੱਥਾਂ 'ਚ ਦੇਣ ਦੇ ਰਾਹ ਪੈਣ ਲੱਗੀ ਹੈ। ਸੂਬੇ ਦੇ ਸਿਹਤ ਵਿਭਾਗ ਨੇ ਪ੍ਰਾਈਵੇਟ ਡਾਕਟਰਾਂ ਤੇ ਹਸਪਤਾਲਾਂ ਤੋਂ ਗ੍ਰਾਮੀਣ ਪ੍ਰਾਈਮਰੀ ਹੈਲਥ ਸੈਂਟਰ, ਕਮਿਊਨਿਟੀ ਹੈਲਥ ਸੈਂਟਰ ਤੇ ਅਰਬਨ ਕਮਿਊਨਿਟੀ ਸਿਹਤ ਕੇਂਦਰ ਚਲਾਉਣ ਲਈ ਅਰਜ਼ੀਆਂ ਮੰਗੀਆਂ ਹਨ। ਇਹ ਹੀ ਨਹੀਂ, ਸਰਕਾਰ ਨੇ ਪ੍ਰਾਈਵੇਟ ਡਾਕਟਰਾਂ ਤੇ ਪ੍ਰਾਈਵੇਟ ਹਸਪਤਾਲਾਂ ਤੋਂ ਇਨ੍ਹਾਂ ਸੰਸਥਾਵਾਂ ਦੀ ਬੋਲੀ ਸਬੰਧੀ ਅਰਜ਼ੀਆਂ ਵੀ ਮੰਗੀਆਂ ਹਨ।
ਸਿਹਤ ਵਿਭਾਗ ਨੂੰ ਹੁਣ ਅਜਿਹੀਆਂ ਨਿਜੀ ਪਾਰਟੀਆਂ ਦੀ ਭਾਲ ਹੈ, ਜੋ ਇਨ੍ਹਾਂ 'ਚੋਂ ਕੁਝ ਸਿਹਤ ਸੰਸਥਾਵਾਂ ਨੁੰ ਪਬਲਿਕ-ਪ੍ਰਾਈਵੇਟ ਭਾਈਵਾਲੀ (ਪੀ. ਪੀ. ਪੀ.) ਤਹਿਤ ਚਲਾ ਸਕਣ। ਸਰਕਾਰ ਵਲੋਂ ਹਸਪਤਾਲ ਨਿਜੀ ਹੱਥਾਂ 'ਚ ਦੇਣ ਮੌਕੇ ਮੋਟਾ ਪੈਸਾ ਲਾ ਕੇ ਤਿਆਰ ਕੀਤੀਆਂ ਇਮਾਰਤਾਂ ਤੋਂ ਇਲਾਵਾ ਅੰਦਰ ਪਿਆ ਫਰਨੀਚਰ ਤੇ ਹੋਰ ਸਮਾਨ ਵੀ ਨਿਜੀ ਪਾਰਟੀਆਂ ਨੂੰ ਸੌਂਪ ਦਿੱਤਾ ਜਾਵੇਗਾ। ਨੋਟਿਸ ਮੁਤਾਬਕ ਚੁਣੀਆਂ ਗਈਆਂ ਪਾਰਟੀਆਂ ਨੂੰ ਇਨ੍ਹਾਂ ਹਸਪਤਾਲਾਂ 'ਚ ਲੋੜੀਂਦੇ ਸਟਾਫ ਦੀ ਤਾਇਨਾਤੀ ਦੇ ਨਾਲ ਮਿੱਥ ਵਕਫੇ ਤੱਕ ਸੰਸਥਾਂ ਦੀ ਸਾਂਭ-ਸੰਭਾਲ ਕਰਨੀ ਪਵੇਗੀ। ਸਰਕਾਰ ਵਲੋਂ ਵੱਖ-ਵੱਖ ਸੇਵਾਵਾਂ ਲਈ ਦਰਾਂ ਨਿਰਧਾਰਿਤ ਕੀਤੀਆਂ ਜਾਣਗੀਆਂ, ਜਿਸ ਦੀ ਪੂਰਤੀ ਮਰੀਜ਼ਾਂ ਕੋਲੋਂ ਕੀਤੀ ਜਾਵੇਗੀ। ਸਰਕਾਰ ਵਲੋਂ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਗਿਆ ਹੈ ਕਿ ਜੇਕਰ ਨਿਜੀ ਪਾਰਟੀਆਂ ਦੇ ਖਰਚੇ ਤੇ ਕਮਾਈ ਵਿਚਲਾ ਖੱਪਾ ਵਧਦਾ ਹੈ ਤਾਂ ਇਸ ਦੀ ਭਰਪਾਈ ਵੀ ਸਰਕਾਰ ਵਲੋਂ ਸਲਾਨਾ ਗ੍ਰਾਂਟ ਵਜੋਂ ਕੀਤੀ ਜਾਵੇਗੀ।