ਕੈਪਟਨ ਵਲੋਂ ਪੰਜਾਬ ਦੀਆਂ ਜੇਲਾਂ ''ਚ ਵੱਡੇ ਸੁਧਾਰ ਨੂੰ ਹਰੀ ਝੰਡੀ
Friday, Feb 21, 2020 - 09:52 AM (IST)
ਚੰਡੀਗੜ੍ਹ (ਰਮਨਜੀਤ) : ਪੰਜਾਬ ਦੇ ਜੇਲ ਪ੍ਰਸ਼ਾਸਨ 'ਚ ਵੱਡੇ ਸੁਧਾਰਾਂ ਲਈ ਰਸਤਾ ਸਾਫ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੀ. ਸੀ. ਟੀ. ਵੀ. ਪ੍ਰਣਾਲੀ, ਕਰੰਟ ਵਾਲੀ ਤਾਰ ਲਗਾਉਣ ਅਤੇ ਵੱਖਰੇ ਜੇਲ ਖੁਫੀਆ ਵਿੰਗ ਬਣਾਉਣ ਸਮੇਤ ਕਈ ਪ੍ਰਸਤਾਵਾਂ ਨੂੰ ਮਨਜ਼ੂਰੀ ਦੇ ਦਿੱਤੀ, ਜਿਸ ਨਾਲ ਜੇਲਾਂ ਨੂੰ ਸੁਰੱਖਿਅਤ ਬਣਾਇਆ ਜਾ ਸਕੇ। ਇੱਥੋਂ ਤੱਕ ਕਿ ਉਨ੍ਹਾਂ ਨੇ ਜਾਰੀ ਇਜਲਾਸ ਦੌਰਾਨ ਪੰਜਾਬ ਜੇਲ ਵਿਕਾਸ ਬੋਰਡ ਦੀ ਸਥਾਪਨਾ ਕਰਨ ਲਈ ਬਿੱਲ ਲਿਆਉਣ ਨੂੰ ਵੀ ਹਰੀ ਝੰਡੀ ਦੇ ਦਿੱਤੀ।
ਕੈਪਟਨ ਅਮਰਿੰਦਰ ਸਿੰਘ ਨੇ 9 ਕੇਂਦਰੀ ਜੇਲਾਂ, 7 ਜ਼ਿਲਾ ਜੇਲਾਂ ਅਤੇ 2 ਸਪੈਸ਼ਲ ਜੇਲਾਂ 'ਚ ਆਰਟੀਫਿਸ਼ਲ ਇੰਟੈਲੀਜੈਂਸ ਨਾਲ ਲੈਸ ਸੀ. ਸੀ. ਟੀ. ਵੀ. ਸਿਸਟਮ ਸਥਾਪਿਤ ਕਰਨ ਦੀ ਮਨਜ਼ੂਰੀ ਦੇ ਦਿੱਤੀ। ਉਨ੍ਹਾਂ ਨੇ ਜੇਲਾਂ ਦੀ ਬਾਹਰੀ ਚਾਰ ਦੀਵਾਰੀ 'ਤੇ ਕਰੰਟ ਵਾਲੀ ਤਾਰ ਲਾਉਣ ਲਈ ਜੇਲ ਵਿਭਾਗ ਦੇ ਪ੍ਰਸਤਾਵ ਨੂੰ ਵੀ ਮਨਜ਼ੂਰ ਕਰ ਲਿਆ। ਜੇਲ ਵਿਭਾਗ ਦੇ ਕੰਮਕਾਜ ਦਾ ਜਾਇਜ਼ਾ ਲੈਣ ਲਈ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਮੁੱਖ ਮੰਤਰੀ ਨੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਕਿਹਾ ਕਿ ਸੂਬੇ ਦੀਆਂ ਜੇਲਾਂ 'ਚ ਜੇਲ ਪ੍ਰਸ਼ਾਸਨ ਦੇ ਬਿਹਤਰੀਨ ਪ੍ਰਥਾਵਾਂ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਨੇ ਜੇਲ ਵਿਭਾਗ ਨੂੰ ਜੇਲਾਂ ਨੂੰ ਨਵਾਂ ਰੂਪ ਦੇਣ ਲਈ ਵਿਆਪਕ ਯੋਜਨਾ ਚਾਰ ਹਫਤਿਆਂ 'ਚ ਸੌਂਪਣ ਦੇ ਹੁਕਮ ਦਿੱਤੇ।