ਕੈਪਟਨ ਦਾ ਦੂਤ ਪਛਾਣੇਗਾ ਹਲਕਾ ਦਾਖਾ ਦੀ ਨਬਜ਼!

08/17/2019 12:48:34 PM

ਲੁਧਿਆਣਾ (ਮੁੱਲਾਂਪੁਰੀ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਰਾਜਸੀ ਸਲਾਹਕਾਰ ਕੈਪਟਨ ਸੰਧੂ ਜਲਦੀ ਹੀ ਖਾਲੀ ਹੋਏ ਵਿਧਾਨ ਸਭਾ ਹਲਕਾ ਦਾਖਾ 'ਚ ਦਸਤਕ ਦੇ ਸਕਦਾ ਹੈ। ਸੂਤਰਾਂ ਨੇ ਦੱਸਿਆ ਕਿ ਹਾਲ ਦੀ ਘੜੀ ਸੰਧੂ ਸਵ. ਰਾਜੀਵ ਗਾਂਧੀ ਦੀ ਬਰਸੀ ਸਬੰਧੀ ਮਸਰੂਫ ਦੱਸੇ ਜਾ ਰਹੇ ਹਨ ਪਰ ਜਲਦੀ ਹੀ ਦਾਖਾ ਦੇ ਕਾਂਗਰਸੀ ਆਗੂਆਂ ਅਤੇ ਸੰਸਦੀ ਟੀਮ ਦੀਆਂ ਰਾਜਸੀ ਨਬਜ਼ਾਂ ਪਛਾਣੇਗਾ। ਸੂਤਰਾਂ ਨੇ ਇਹ ਵੀ ਇਸ਼ਾਰਾ ਕੀਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਜਲਾਲਾਬਾਦ, ਦਾਖਾ ਅਤੇ ਫਗਵਾੜਾ 'ਚ ਲੋਕਾਂ ਨਾਲ ਮਿਲਣੀ ਕਰ ਸਕਦੇ ਹਨ ਅਤੇ ਸਰਕਾਰ ਵਲੋਂ ਗ੍ਰਾਂਟਾਂ ਦੇ ਗੱਫੇ ਦੇਣ ਵਰਗੀ ਕਾਰਵਾਈ ਨੂੰ ਜਨਮ ਦਿੱਤਾ ਜਾ ਸਕਦਾ ਹੈ।

ਪਤਾ ਲੱਗਾ ਹੈ ਕਿ ਐੱਮ. ਪੀ. ਬਿੱਟੂ ਹਲਕਾ ਦਾਖਾ ਸੀਟ ਲਈ ਕਾਫੀ ਜੋੜ-ਤੋੜ ਕਰ ਰਹੇ ਹਨ। ਹਾਲ ਦੀ ਘੜੀ ਇਸ ਹਲਕੇ ਤੋਂ ਬੈਂਸ ਦੀ ਲੋਕ ਸਭਾ ਚੋਣਾਂ 'ਚ ਜਿੱਤ ਹੋਈ ਹੈ। ਉਨ੍ਹਾਂ ਵਲੋਂ ਇਸ ਹਲਕੇ 'ਚ ਹਲਕੇ ਦੇ ਇਕ ਆਗੂ ਨੂੰ ਆਪਣਾ ਥਾਪੜਾ ਦਿੱਤਾ ਜਾਵੇਗਾ ਜਾਂ ਫਿਰ ਉਹ ਆਪਣੀ ਭਤੀਜੀ ਨੂੰ ਵੀ ਚੋਣ ਮੈਦਾਨ 'ਚ ਉਤਾਰ ਸਕਦੇ ਹਨ ਕਿਉਂਕਿ ਉਹ ਪੜ੍ਹੀ-ਲਿਖੀ ਅਤੇ ਕਾਬਲ ਦੱਸੀ ਜਾ ਰਹੀ ਹੈ। ਇਸ ਹਲਕੇ 'ਚ ਅਕਾਲੀ ਦਲ ਆਪਣੀ ਜਿੱਤ ਲਈ ਪੂਰੀ ਤਰ੍ਹਾਂ ਤਿਆਰੀ 'ਚ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਇਆਲੀ ਦੀ ਹਮਾਇਤ 'ਚ ਮਜੀਠੀਆ ਮੋਰਚਾ ਸੰਭਾਲਣਗੇ ਅਤੇ ਉਹ ਹਲਕੇ ਨੂੰ 4 ਹਿੱਸਿਆਂ 'ਚ ਵੰਡ ਕੇ ਨੌਜਵਾਨਾਂ ਦੀ ਫੌਜ ਨੂੰ ਲਾਮਬੰਦ ਕਰ ਕੇ ਜਿੱਤ ਦੇ ਝੰਡੇ ਗੱਡਣ ਲਈ ਕੋਈ ਮੌਕਾ ਹੱਥੋਂ ਨਹੀਂ ਗੁਆਉਣਗੇ। ਬਾਕੀ ਕੁਝ ਵੀ ਹੈ, ਇਸ ਹਲਕੇ 'ਚ ਫੂਲਕਾ ਦੇ ਅਸਤੀਫੇ ਤੋਂ ਬਾਅਦ ਰਾਜਸੀ ਘੁਸਰ-ਮੁਸਰ ਸ਼ੁਰੂ ਹੋ ਗਈ ਹੈ।


Babita

Content Editor

Related News