551ਵੇਂ ਪ੍ਰਕਾਸ਼ ਪੁਰਬ ਮੌਕੇ ਕੈਪਟਨ ਅਮਰਿੰਦਰ ਸਿੰਘ ਤੇ ਪਰਨੀਤ ਕੌਰ ਗੁ. ਸ੍ਰੀ ਬੇਰ ਸਾਹਿਬ ਵਿਖੇ ਹੋਏ ਨਤਮਸਤਕ
Monday, Nov 30, 2020 - 04:53 PM (IST)
ਸੁਲਤਾਨਪੁਰ ਲੋਧੀ (ਸੁਰਿੰਦਰ ਸਿੰਘ ਸੋਢੀ)— ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 551ਵਾਂ ਪ੍ਰਕਾਸ਼ ਪੁਰਬ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। 'ਬਾਬੇ ਨਾਨਕ' ਜੀ ਦੇ ਪ੍ਰਕਾਸ਼ ਪੁਰਬ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮਹਾਰਾਣੀ ਪ੍ਰਨੀਤ ਕੌਰ ਇਤਿਹਾਸਿਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਨਤਮਸਤਕ ਹੋਏ।
ਇਸ ਸਮੇਂ ਉਨ੍ਹਾਂ ਨਾਲ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਹੋਰ ਵਿਧਾਇਕ ਨਤਮਸਤਕ ਹੋਏ, ਜਿਨ੍ਹਾਂ ਦਾ ਸਨਮਾਨ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਮਹਿੰਦਰ ਸਿੰਘ ਆਹਲੀ, ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਗੁਰਪ੍ਰੀਤ ਕੌਰ, ਜਥੇਦਾਰ ਸਰਵਣ ਸਿੰਘ ਕੁਲਾਰ, ਮੈਨੇਜਰ ਬੇਰ ਸਾਹਿਬ ਜਰਨੈਲ ਸਿੰਘ ਬੂਲੇ ਅਤੇ ਹੈੱਡ ਗ੍ਰੰਥੀ ਗਿਆਨੀ ਗੁਰਪ੍ਰੀਤ ਸਿੰਘ ਨੇ ਸਿਰੋਪਾਓ ਦੇ ਕੇ ਕੀਤਾ।
ਇਸ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਅਤੇ ਗੁਰੂ ਪਾਤਸ਼ਾਹ ਦੀਆਂ ਸਾਰਿਆਂ ਨੂੰ ਸਿੱਖਿਆਵਾਂ 'ਤੇ ਅਮਲ ਕਰਨ ਦੀ ਪ੍ਰੇਰਨਾ ਕੀਤੀ ।
ਦੱਸਣਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ 14 ਸਾਲ 9 ਮਹੀਨੇ 13 ਦਿਨ ਤਪੱਸਿਆ ਕੀਤਾ ਸੀ। ਇਸ ਮੌਕੇ 'ਤੇ ਉਨ੍ਹਾਂ ਦੇ ਨਾਲ ਹਲਕਾ ਖਡੂਰ ਤੋਂ ਸੰਸਦ ਮੈਂਬਰ ਜਸਬੀਰ ਸਿੰਘ ਗਿੱਲ ਡਿੰਪਾ, ਵੱਖ-ਵੱਖ ਹਲਕਿਆਂ ਦੇ ਵਿਧਾਇਕ ਨਵਤੇਜ ਸਿੰਘ ਚੀਮਾ, ਰਾਣਾ ਗੁਰਜੀਤ ਸਿੰਘ , ਪ੍ਰਗਟ ਸਿੰਘ ਆਦਿ ਹਾਜ਼ਰ ਸਨ।