ਜ਼ਿਮਨੀ ਚੋਣਾਂ 'ਚ ਕਾਂਗਰਸ ਦੀ ਹੋਵੇਗੀ ਜਿੱਤ : ਕੈਪਟਨ

09/21/2019 6:37:32 PM

ਜਲੰਧਰ,(ਧਵਨ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਰੋਸਾ ਪ੍ਰਗਟ ਕੀਤਾ ਹੈ ਕਿ ਕਾਂਗਰਸ 21 ਅਕਤੂਬਰ ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚਾਰ ਜ਼ਿਮਨੀ ਚੋਣਾਂ ਨੂੰ ਅਸਾਨੀ ਨਾਲ ਜਿੱਤ ਲਵੇਗੀ ।
ਅੱਜ ਇੱਥੇ ਜਾਰੀ ਕੀਤੇ ਇੱਕ ਬਿਆਨ 'ਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਇਨ੍ਹਾਂ ਜ਼ਿਮਨੀ ਚੋਣਾਂ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਤੇ ਇਨ੍ਹਾਂ ਚੋਣਾਂ 'ਚ ਸਰਕਾਰ ਦੇ ਅਗਾਂਹ-ਵਧੂ ਤੇ ਲੋਕ ਭਲਾਈ ਦੇ ਪ੍ਰੋਗਰਾਮਾਂ ਨੂੰ ਲੈ ਕੇ ਚੋਣ ਮੈਦਾਨ 'ਚ ਜਾਇਆ ਜਾਵੇਗਾ।

ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਰਾਜ 'ਚ ਵਿਰੋਧੀ ਧਿਰ ਪੂਰੀ ਤਰ੍ਹਾਂ ਖਿੱਲਰੀ ਪਈ ਹੈ ਕਿਉਂਕਿ ਆਮ ਆਦਮੀ ਪਾਰਟੀ ਦੋ ਤਿੰਨ ਹਿੱਸਿਆਂ 'ਚ ਵੰਡੀ ਜਾ ਚੁੱਕੀ ਹੈ ਤੇ ਅਕਾਲੀ ਦਲ ਨੂੰ ਜਨਤਾ ਮੁੜ ਮੂੰਹ ਲਾਉਣ ਲਈ ਤਿਆਰ ਨਹੀਂ ਹੈ । ਉਨ੍ਹਾਂ ਕਿਹਾ ਕਿ ਜ਼ਿਮਨੀ ਚੋਣਾਂ 'ਚ ਕਾਂਗਰਸ ਦੀ ਜਿੱਤ ਨਾਲ ਇੱਕ ਵਾਰ ਮੁੜ ਤੋਂ ਫ਼ਤਵਾ ਕਾਂਗਰਸ ਸਰਕਾਰ ਨੂੰ ਮਿਲ ਜਾਵੇਗਾ ਕਿਉਂਕਿ ਕਾਂਗਰਸ ਸਰਕਾਰ ਆਪਣੇ ਕਾਰਜ ਕਾਲ ਦਾ ਅੱਧਾ ਸਫ਼ਰ ਪਹਿਲਾਂ ਹੀ ਪੂਰਾ ਕਰ ਚੁੱਕੀ ਹੈ। ਲੋਕ ਸਭਾ ਚੋਣਾਂ 'ਚ ਜਨਤਾ ਨੇ ਪਹਿਲਾਂ ਹੀ ਵਿਰੋਧੀ ਧਿਰ ਦੀ ਵੰਡਵਾਦੀ ਤੇ ਨਾਂਹ-ਪੱਖੀ ਰਾਜਨੀਤੀ ਨੂੰ ਠੁਕਰਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਪਿਛਲੇ ਦਿਨਾਂ 'ਚ ਰਾਜ ਅੰਦਰ ਨਸ਼ਿਆਂ 'ਤੇ ਰੋਕ ਲਾਉਣ, ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ ਤੇ ਸਨਅਤਕਾਰਾਂ ਨੂੰ 5 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਦੇਣ ਦੇ ਚੋਣ ਵਾਅਦਿਆਂ ਨੂੰ ਪੂਰਾ ਕੀਤਾ ਹੈ ਤੇ ਹੁਣ ਨੌਜਵਾਨਾਂ ਨੂੰ ਦਸੰਬਰ ਤੋਂ ਸਮਾਰਟ ਫੋਨ ਦੇਣ ਦਾ ਕੰਮ ਦੇਣ ਸ਼ੁਰੂ ਕੀਤਾ ਜਾ ਕੀਤਾ ਜਾ ਰਿਹਾ ਹੈ। ਇਨ੍ਹਾਂ ਸਭਨਾਂ ਪ੍ਰੋਗਰਾਮਾਂ ਦਾ ਜਨਤਾ 'ਤੇ ਹਾਂ-ਪਖੀ ਅਸਰ ਗਿਆ ਹੈ।


Related News