ਅਗਿਆਨਤਾ ਤੇ ਮੂਰਖਤਾ ਦਾ ਸਿਖਰ ਹੈ ਹਰਸਿਮਰਤ ਦਾ ਟਵੀਟ : ਕੈਪਟਨ

Monday, Jan 06, 2020 - 08:46 PM (IST)

ਅਗਿਆਨਤਾ ਤੇ ਮੂਰਖਤਾ ਦਾ ਸਿਖਰ ਹੈ ਹਰਸਿਮਰਤ ਦਾ ਟਵੀਟ : ਕੈਪਟਨ

ਚੰਡੀਗੜ੍ਹ,(ਅਸ਼ਵਨੀ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਅਕਾਲੀਆਂ ਨੂੰ ਪਾਕਿਸਤਾਨ 'ਚ ਸਿੱਖਾਂ ਅਤੇ ਧਾਰਮਿਕ ਸੰਸਥਾਵਾਂ 'ਤੇ ਹਮਲੇ ਉਪਰ ਸਿਆਸਤ ਕਰਨ ਲਈ ਰਗੜੇ ਲਾਉਂਦਿਆਂ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਅਕਾਲੀ ਦਲ ਇਸ ਮਾਮਲੇ 'ਤੇ ਪਾਕਿਸਤਾਨ 'ਚ ਘੱਟ ਗਿਣਤੀਆਂ ਦੀ ਸਥਿਤੀ ਦੀ ਤੁਲਨਾ ਭਾਰਤ 'ਚ ਲਿਆਂਦੇ ਅਸੰਵਿਧਾਨਕ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਨਾਲ ਕਰ ਰਹੇ ਹਨ। ਮੁੱਖ ਮੰਤਰੀ ਨੇ ਅਕਾਲੀਆਂ ਨੂੰ ਕਰੜੇ ਹੱਥੀ ਲੈਂਦਿਆਂ ਕਿਹਾ ਕਿ ਖਾਸ ਕਰਕੇ ਹਰਸਿਮਰਤ ਬਾਦਲ ਆਪਣੀ ਘਿਣਾਉਣੀ ਤੇ ਨਿੰਦਕ ਬਿਆਨਬਾਜ਼ੀ ਨਾਲ ਪਾਕਿਸਤਾਨ 'ਚ ਗੁਰਦੁਆਰਾ ਨਨਕਾਣਾ ਸਾਹਿਬ 'ਤੇ ਹਮਲਾ ਅਤੇ ਸਿੱਖ ਨੌਜਵਾਨ ਦੀ ਮੌਤ ਨੂੰ ਕਾਂਗਰਸ ਪਾਰਟੀ ਵਿਰੁੱਧ ਰਾਜਸੀ ਲੜਾਈ 'ਚ ਹਥਿਆਰ ਵਜੋਂ ਵਰਤ ਰਹੀ ਹੈ।

ਉਨ੍ਹਾਂ ਹਰਸਿਮਰਤ ਵਲੋਂ ਕੀਤੇ ਟਵੀਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਹ ਪਾਕਿਸਤਾਨ 'ਚ ਘੱਟ ਗਿਣਤੀਆਂ 'ਤੇ ਹੁੰਦੇ ਅੱਤਿਆਚਾਰ ਸਬੰਧੀ ਭਾਰਤ 'ਚ ਸੀ. ਏ. ਏ. ਦੀ ਵਕਾਲਤ ਕਰ ਰਹੀ ਹੈ ਅਤੇ ਸੀ. ਏ. ਏ. ਦੀ ਆਲੋਚਨਾ ਕਰਨ ਲਈ ਉਨ੍ਹਾਂ (ਕੈਪਟਨ ਅਮਰਿੰਦਰ ਸਿੰਘ) ਤੇ ਭਾਰਤੀ ਨੈਸ਼ਨਲ ਕਾਂਗਰਸ ਦੇ ਆਗੂਆਂ 'ਤੇ ਹਮਲੇ ਕਰ ਰਹੀ ਹੈ। ਮੁੱਖ ਮੰਤਰੀ ਨੇ ਹਰਸਿਮਰਤ ਵਲੋਂ ਕੀਤੇ ਟਵੀਟ 'ਤੇ ਬੋਲਦਿਆਂ ਕਿਹਾ ਕਿ ਇਹ ਅਗਿਆਨਤਾ ਤੇ ਮੂਰਖਤਾ ਦਾ ਸਿਖਰ ਹੈ। ਉਨ੍ਹਾਂ ਕਿਹਾ ਕਿ ਸੀ. ਏ. ਏ. ਕੌਮੀ ਨਾਗਰਿਕਤਾ ਰਜਿਸਟਰ ਅਜਿਹੇ ਸਾਧਨ ਹਨ, ਜਿਸ ਨਾਲ ਭਾਰਤ ਵਿੱਚ ਘੱਟ ਗਿਣਤੀਆਂ ਨੂੰ ਪਾਕਿਸਤਾਨ ਨਾਲੋਂ ਵੀ ਜ਼ਿਆਦਾ ਸਤਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਨੂੰ ਸੀ. ਏ. ਏ. ਦੇ ਮਾੜੇ ਪ੍ਰਭਾਵਾਂ ਅਤੇ ਇਸ ਦੇ ਨੁਕਸਾਨ ਬਾਰੇ ਭੋਰਾ ਵੀ ਪਤਾ ਨਹੀਂ, ਜਿਹੜਾ ਭਾਰਤ ਦੇ ਧਰਮ ਨਿਰਪੱਖ ਚਰਿੱਤਰ ਨੂੰ ਭਾਰੀ ਨੁਕਸਾਨ ਪਹੁੰਚਾਏਗਾ। ਕੈਪਟਨ ਨੇ ਕਿਹਾ ਕਿ ਪਾਕਿਸਤਾਨ 'ਚ ਸਿੱਖਾਂ ਸਣੇ ਘੱਟ ਗਿਣਤੀਆਂ 'ਤੇ ਹਮਲੇ ਭਾਵੇਂ ਭਿਆਨਕ ਤੇ ਅਣਉਚਿਤ ਹਨ ਪਰ ਇਹ ਹਮਲੇ ਹਾਲੇ ਕਾਫੀ ਹੈਰਾਨ ਕਰਨ ਵਾਲੇ ਨਹੀਂ ਸਨ ਕਿ ਹਰਸਿਮਰਤ ਤੇ ਹੋਰਨਾਂ ਅਕਾਲੀ ਆਗੂਆਂ ਨੇ ਇਨ੍ਹਾਂ ਹਮਲਿਆਂ ਨੂੰ ਸੀ. ਏ. ਏ. ਦਾ ਬਚਾਅ ਕਰਨ ਅਤੇ ਕਾਂਗਰਸ ਪਾਰਟੀ ਉਤੇ ਨਿਸ਼ਾਨਾ ਸੇਧਣ ਲਈ ਵਰਤ ਕੇ ਹੈਰਾਨ ਕਰਨ ਵਾਲੀ ਸਥਿਤੀ 'ਚ ਪਾ ਦਿੱਤਾ।



 


Related News