ਕੈਪਟਨ ਨੇ ਪੰਜਾਬੀ ਯੂਨੀਵਰਸਿਟੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਨੇਪਾਲ ਉਦਾਸੀ ਬਾਰੇ ਖੋਜ ਲਈ ਕਿਹਾ

10/15/2019 2:26:45 PM

ਚੰਡੀਗੜ੍ਹ (ਅਸ਼ਵਨੀ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਪਹਿਲੇ ਸਿੱਖ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਨੇਪਾਲ ਦੀ ਪਵਿੱਤਰ ਉਦਾਸੀ 'ਤੇ ਵੱਡੇ ਪੱਧਰ 'ਤੇ ਖੋਜ ਕਰਨ ਲਈ ਆਖਿਆ। ਇਥੇ ਪੰਜਾਬ ਭਵਨ ਵਿਖੇ ਨੇਪਾਲ ਦੀ ਸਿੱਖ ਵਿਰਾਸਤ ਦੀ ਪੇਸ਼ਕਾਰੀ ਦੌਰਾਨ ਨੇਪਾਲ ਦੇ ਸਫੀਰ (ਨੇਪਾਲ ਦੇ ਭਾਰਤੀ ਰਾਜਦੂਤ), ਸਿੱਖ ਬੁੱਧੀਜੀਵੀਆਂ, ਸਿੱਖਿਆ ਸ਼ਾਸਤਰੀਆਂ ਅਤੇ ਵਿਦਵਾਨਾਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਨੇਪਾਲ ਦਾ ਸਿੱਖਾਂ ਨਾਲ ਮਜ਼ਬੂਤ ਰਿਸ਼ਤਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਉਦਾਸੀ ਦੌਰਾਨ ਇਸ ਪਵਿੱਤਰ ਧਰਤੀ ਨੂੰ ਭਾਗ ਲਾਏ, ਜਿਸ ਦਾ ਉਦੇਸ਼ ਦੁੱਖ ਤਕਲੀਫਾਂ ਤੋਂ ਮਨੁੱਖਤਾ ਦਾ ਕਲਿਆਣ ਕਰਨਾ ਸੀ।

ਮੁੱਖ ਮੰਤਰੀ ਨੇ ਸੁਝਾਅ ਦਿੱਤਾ ਕਿ ਇਸ ਸਬੰਧੀ ਹੋਰ ਖੋਜ ਕਰਨ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਨੇਪਾਲ ਦੀ ਪਵਿੱਤਰ ਉਦਾਸੀ ਦੇ ਨਵੇਂ ਪੱਖ ਉਭਰ ਕੇ ਸਾਹਮਣੇ ਆਉਣਗੇ। ਇਸ ਮੌਕੇ ਮੁੱਖ ਮੰਤਰੀ ਨੇ ਨੇਪਾਲ 'ਚ ਵਸਦੇ ਪੰਜਾਬੀ ਭਾਈਚਾਰੇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਵਿਖੇ ਨਵੰਬਰ ਮਹੀਨੇ 'ਚ ਕਰਵਾਏ ਜਾ ਰਹੇ ਸਮਾਗਮਾਂ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਸ ਤੋਂ ਪਹਿਲਾਂ ਨੇਪਾਲ ਦੇ ਭਾਰਤੀ ਰਾਜਦੂਤ ਮਾਜੀਵ ਪੁਰੀ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਹੋਣ ਕਰ ਕੇ ਨੇਪਾਲ ਦੀ ਸਿੱਖ ਵਿਰਾਸਤ ਨੂੰ ਪ੍ਰਕਾਸ਼ਿਤ ਕਰਨ ਦਾ ਦੂਤ ਘਰ ਨੂੰ ਇਕ ਵਿਸ਼ੇਸ਼ ਮੌਕਾ ਪ੍ਰਦਾਨ ਕੀਤਾ। ਇਹ ਕਿਤਾਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਨੇਪਾਲ ਯਾਤਰਾ ਨਾਲ ਸਬੰਧਤ ਅਸਥਾਨਾਂ, ਮਹਾਨ ਸਿੱਖ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਦੌਰਾਨ ਹੋਏ ਵਿਚਾਰ-ਵਟਾਂਦਰੇ ਅਤੇ ਆਧੁਨਿਕ ਸਮਿਆਂ ਨਾਲ ਸਬੰਧਤ ਜਾਣਕਾਰੀ 'ਤੇ ਆਧਾਰਤ ਹੈ।

ਇਸ ਮੌਕੇ ਦੋਵੇਂ ਸਫ਼ੀਰਾਂ ਨੇ ਪਿਆਰ ਤੇ ਸਨੇਹ ਵਜੋਂ ਨੇਪਾਲ ਦੀ ਸਿੱਖ ਵਿਰਾਸਤ ਦੀ ਪ੍ਰਕਾਸ਼ਨਾ ਦਾ ਸੈੱਟ ਅਤੇ ਯਾਦਗਾਰੀ ਸਿੱਕੇ ਭੇਟ ਕੀਤੇ। ਇਸ ਦੇ ਇਵਜ਼ ਵਿਚ ਸਨੇਹ ਪ੍ਰਗਟਾਉਂਦਿਆਂ ਮੁੱਖ ਮੰਤਰੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਚੱਲ ਰਹੇ ਸਮਾਗਮਾਂ ਬਾਰੇ ਯਾਦਗਾਰੀ ਪੁਸਤਕਾਂ ਦਾ ਇਕ ਸੈੱਟ ਵੀ ਸੌਂਪਿਆ। ਇਸ ਮੌਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸੱਭਿਆਚਾਰਕ ਮਾਮਲਿਆਂ ਤੇ ਸੈਰ ਸਪਾਟਾ ਮੰਤਰੀ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਤੋਂ ਇਲਾਵਾ ਸੀਨੀਅਰ ਸਿਵਲ ਤੇ ਪੁਲਸ ਅਧਿਕਾਰੀ ਹਾਜ਼ਰ ਸਨ।


Anuradha

Content Editor

Related News