ਸ੍ਰੀ ਅਕਾਲ ਤਖਤ ਸਾਹਿਬ ਬਾਰੇ ਹਰਸਿਮਰਤ ਦੇ ਭੜਕਾਊ ਬਿਆਨ ਦਾ ਕੈਪਟਨ ਨੇ ਲਿਆ ਗੰਭੀਰ ਨੋਟਿਸ
Wednesday, Sep 11, 2019 - 01:29 PM (IST)
ਜਲੰਧਰ (ਧਵਨ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਉਸ ਭੜਕਾਊ ਅਤੇ ਗੈਰ-ਜ਼ਿੰਮੇਵਾਰਾਨਾ ਬਿਆਨ ਦੀ ਤਿੱਖੇ ਸ਼ਬਦਾਂ 'ਚ ਆਲੋਚਨਾ ਕੀਤੀ ਹੈ, ਜਿਸ 'ਚ ਉਨ੍ਹਾਂ ਕਾਂਗਰਸ ਸਰਕਾਰ 'ਤੇ ਦੋਸ਼ ਲਾਇਆ ਸੀ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਅਧਿਕਾਰ ਖੇਤਰ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਿੱਖਾਂ ਦੇ ਸਰਵਉੱਚ ਧਾਰਮਿਕ ਅਸਥਾਨ ਬਾਰੇ ਕੋਈ ਵੀ ਸੱਚਾ ਸਿੱਖ ਅਜਿਹਾ ਸੋਚ ਹੀ ਨਹੀਂ ਸਕਦਾ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਖੁਦ ਗਲਤ ਬਿਆਨਬਾਜ਼ੀ ਕਰ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਅਧਿਕਾਰ ਖੇਤਰ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਹਰਸਿਮਰਤ ਨੂੰ ਕਿਸੇ ਵੀ ਗੱਲ ਦੀ ਜਾਣਕਾਰੀ ਨਹੀਂ ਹੈ।
ਉਨ੍ਹਾਂ ਨੂੰ ਗੈਰ-ਜ਼ਿੰਮੇਵਾਰਾਨਾ ਬਿਆਨ ਦੇਣ ਦੀ ਆਦਤ ਹੈ। ਕੈਪਟਨ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਉਨ੍ਹਾਂ ਦੀ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ ਕਿਉਂਕਿ ਇਹ ਇਕ ਇਤਿਹਾਸਕ ਮੌਕਾ ਹੈ। ਉਨ੍ਹਾਂ ਕਿਹਾ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਂਝੀ ਉਤਸਵ ਕਮੇਟੀ ਦੇ ਪ੍ਰਸਤਾਵ ਨੂੰ ਵੀ ਪ੍ਰਵਾਨ ਕਰਦੇ ਹਨ। ਪ੍ਰਸਤਾਵ ਮੁਤਾਬਕ ਸਰਕਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਵਿਦਵਾਨਾਂ 'ਚੋਂ 2-2 ਮੈਂਬਰਾਂ ਨੂੰ ਕਮੇਟੀ 'ਚ ਸ਼ਾਮਲ ਕੀਤਾ ਜਾਣਾ ਹੈ ਤਾਂ ਜੋ ਇਸ ਮੁੱਦੇ 'ਤੇ ਸਹਿਮਤੀ ਬਣਾਈ ਜਾ ਸਕੇ। ਉਨ੍ਹਾਂ ਹਰਸਿਮਰਤ 'ਤੇ ਵਰ੍ਹਦਿਆ ਕਿਹਾ ਕਿ ਕੇਂਦਰੀ ਮੰਤਰੀ ਦਾ ਕਹਿਣਾ ਹੈ ਕਿ ਪੰਜਾਬ ਨੂੰ ਕਿਸੇ ਵੀ ਖੇਤੀ ਪ੍ਰਾਜੈਕਟ ਦੀ ਲੋੜ ਨਹੀਂ। ਮੁੱਖ ਮੰਤਰੀ ਨੇ ਕਿਹਾ ਕਿ ਮੈਨੂੰ ਸਮਝ ਨਹੀਂ ਆਉਂਦੀ ਕਿ ਹਰਸਿਮਰਤ ਦਿੱਲੀ 'ਚ ਬੈਠ ਕੇ ਪੰਜਾਬ ਸਬੰਧੀ ਜ਼ਮੀਨੀ ਸੱਚਾਈ ਦੀ ਜਾਣਕਾਰੀ ਕਿਉਂ ਨਹੀਂ ਰੱਖਦੀ? ਪੰਜਾਬ ਇਕ ਖੇਤੀਬਾੜੀ ਪ੍ਰਧਾਨ ਸੂਬਾ ਹੈ। ਇਥੇ ਖੇਤੀ ਪ੍ਰਾਜੈਕਟਾਂ ਦੀ ਲੋੜ ਹੈ। ਧਰਮ ਹਮੇਸ਼ਾ ਸਿਆਸਤ ਤੋਂ ਉਪਰ ਹੁੰਦਾ ਹੈ। ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਚ ਸਿਆਸਤ ਨੂੰ ਨਾ ਘਸੀਟਣ ਦੀ ਸਭ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਐੱਸ. ਜੀ. ਪੀ. ਸੀ. ਨੂੰ ਸਭ ਧਾਰਮਿਕ ਸਮਾਰੋਹ ਗੁਰਦੁਆਰਿਆਂ ਅੰਦਰ ਕਰਨ ਲਈ ਹਮਾਇਤ ਦੇਵੇਗੀ। ਗੁਰਦੁਆਰਿਆਂ ਤੋਂ ਬਾਹਰ ਹੋਣ ਵਾਲੇ ਸਮਾਰੋਹ ਸਰਕਾਰ ਵਲੋਂ ਆਯੋਜਿਤ ਕੀਤੇ ਜਾਣਗੇ।
ਉਨ੍ਹਾਂ ਸ਼੍ਰੋਮਣੀ ਅਕਾਲੀ ਦਲ 'ਤੇ ਹਮਲੇ ਬੋਲਦਿਆਂ ਕਿਹਾ ਕਿ ਉਹ ਬਰਗਾੜੀ ਜਾਂਚ ਨੂੰ ਸੀ. ਬੀ. ਆਈ. ਰਾਹੀਂ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਸੂਬਾਈ ਵਿਧਾਨ ਸਭਾ ਨੇ ਸਰਬਸੰਮਤੀ ਨਾਲ ਮਤਾ ਪਾਸ ਕਰ ਕੇ ਸੀ. ਬੀ. ਆਈ. ਕੋਲੋਂ ਜਾਂਚ ਦਾ ਕੰਮ ਵਾਪਸ ਲੈ ਕੇ ਐੱਸ. ਆਈ. ਟੀ. ਦੇ ਹਵਾਲੇ ਕਰਨ ਦਾ ਫੈਸਲਾ ਲਿਆ ਸੀ। ਉਨ੍ਹਾਂ ਕਿਹਾ ਕਿ ਸੀ. ਬੀ. ਆਈ. ਡਿਪਾਰਟਮੈਂਟ ਆਫ ਪਰਸੋਨਲ ਅਧੀਨ ਆਉਂਦੀ ਹੈ। ਉਹ ਕੇਂਦਰੀ ਗ੍ਰਹਿ ਮੰਤਰਾਲਾ ਅਧੀਨ ਕੰਮ ਨਹੀਂ ਕਰਦੀ। ਬਾਦਲਾਂ ਵਲੋਂ ਨਿਆਂ ਦੇ ਰਾਹ ਵਿਚ ਰੋੜੇ ਅਟਕਾਏ ਜਾ ਰਹੇ ਹਨ। ਬਾਦਲਾਂ ਨੂੰ ਬਰਗਾੜੀ ਕਾਂਡ ਨੂੰ ਲੈ ਕੇ ਐੱਸ. ਆਈ. ਟੀ. ਤੋਂ ਜਾਂਚ 'ਤੇ ਇਤਰਾਜ਼ ਕਿਉਂ ਹੈ? ਉਨ੍ਹਾਂ ਆਪਣੇ ਸਮੇਂ 'ਚ ਐੱਸ. ਆਈ. ਟੀ. ਦਾ ਗਠਨ ਕਿਉਂ ਨਹੀਂ ਕੀਤਾ ਸੀ? ਉਨ੍ਹਾਂ ਇਹ ਮਾਮਲਾ ਜਾਂਚ ਲਈ ਸੀ. ਬੀ. ਆਈ. ਨੂੰ ਕਿਉਂ ਸੌਂਪਿਆ ਸੀ?
ਸਿਆਸੀ ਸਲਾਹਕਾਰਾਂ ਦੀ ਨਿਯੁਕਤੀ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਲਈ ਸਭ ਖੇਤਰਾਂ ਦੇ ਲੋਕਾਂ ਨਾਲ ਤਾਲਮੇਲ ਬਿਠਾਉਣਾ ਸੰਭਵ ਨਹੀਂ ਕਿਉਂਕਿ ਪੰਜਾਬ ਇਕ ਵੱਡਾ ਸੂਬਾ ਹੈ। ਨੀਤੀ ਨਿਰਧਾਰਨ ਅਤੇ ਲੋਕਾਂ ਤੇ ਨੌਜਵਾਨਾਂ ਨਾਲ ਸੰਪਰਕ ਰੱਖਣ ਲਈ ਆਪਣੀ ਮਦਦ ਲਈ ਕੁਝ ਸਲਾਹਕਾਰ ਉਨ੍ਹਾਂ ਨਿਯੁਕਤ ਕੀਤੇ ਹਨ। ਗੈਰ-ਕਾਨੂੰਨੀ ਖਨਨ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਕੰਟਰੋਲ ਵਿਚ ਹੈ। ਇਸ ਸਾਲ ਹੁਣ ਤੱਕ ਰੇਤ ਦੀਆਂ ਖੱਡਾਂ ਦੀ ਨੀਲਾਮੀ ਤੋਂ 306 ਕਰੋੜ ਰੁਪਏ ਹਾਸਲ ਹੋ ਚੁੱਕੇ ਹਨ।
ਮੁੱਖ ਮੰਤਰੀ ਨੇ ਪ੍ਰਕਾਸ਼ ਪੁਰਬ ਸਮਾਰੋਹ ਵਾਲੀ ਥਾਂ ਦਾ ਕੀਤਾ ਦੌਰਾ
ਮੁੱਖ ਮੰਤਰੀ ਕੈਪਟਨ ਅਮਰਿੰਦਰ ਿਸੰਘ ਨੇ ਮੰਗਲਵਾਰ ਆਪਣੇ ਕੁਝ ਸਾਥੀ ਮੰਤਰੀਆਂ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਏ ਜਾਣ ਲਈ ਪਿੰਡ ਮਾਛੀਜੋਆ ਦਾ ਦੌਰਾ ਕੀਤਾ। ਇਥੇ ਹੀ ਮੁੱਖ ਪੰਡਾਲ ਲਾਇਆ ਜਾਣਾ ਹੈ। ਉਨ੍ਹਾਂ ਪਵਿੱਤਰ ਵੇਈਂ 'ਤੇ ਉਸਾਰੀ ਅਧੀਨ 7 ਪੁਲਾਂ ਦਾ ਵੀ ਦੌਰਾ ਕੀਤਾ। ਇਨ੍ਹਾਂ 'ਤੇ ਸੂਬਾ ਸਰਕਾਰ ਵਲੋਂ ਲਗਭਗ 12 ਕਰੋੜ ਰੁਪਏ ਦੀ ਰਕਮ ਖਰਚੀ ਜਾ ਰਹੀ ਹੈ। ਇਨ੍ਹਾਂ ਦਾ ਕੰਮ ਅਗਲੇ ਮਹੀਨੇ ਤੱਕ ਮੁਕੰਮਲ ਹੋ ਜਾਏਗਾ। ਸਮਾਰੋਹ ਵਾਲੀ ਥਾਂ 'ਤੇ ਵਾਟਰ ਪਰੂਫ ਪੰਡਾਲ ਲਾਇਆ ਜਾਵੇਗਾ। ਸੁਲਤਾਨਪੁਰ ਲੋਧੀ ਨੂੰ ਖੂਬਸੂਰਤ ਬਣਾਉਣ ਲਈ ਸੜਕਾਂ ਨੂੰ ਚੌੜਾ ਕੀਤਾ ਜਾ ਿਰਹਾ ਹੈ। ਨਵਾਂ ਬੱਸ ਅੱਡਾ ਅਤੇ ਸਰਕਟ ਹਾਊਸ ਬਣਾਇਆ ਜਾ ਰਿਹਾ ਹੈ।