ਕੈਪਟਨ ਅਮਰਿੰਦਰ ਸਿੰਘ ਨਾਲ ਆਈ ਤਲਖ਼ੀ ਦਰਮਿਆਨ ਨਵਜੋਤ ਸਿੱਧੂ ਨੇ ਫਿਰ ਦਿੱਤਾ ਵੱਡਾ ਬਿਆਨ
Tuesday, Apr 27, 2021 - 06:36 PM (IST)
ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਆਈ ਤਲਖ਼ੀ ਦਰਮਿਆਨ ਸਾਬਕਾ ਮੰਤਰੀ ਨਵਜੋਤ ਸਿੱਧੂ ਨੇ ਸੋਸ਼ਲ ਮੀਡੀਆ ’ਤੇ ਆਖਿਆ ਹੈ ਕਿ ਪੰਜਾਬ ਦੀ ਚੇਤਨਤਾ ਨੂੰ ਭਟਕਾਉਣ ਦੇ ਸਭ ਯਤਨ ਅਸਫ਼ਲ ਹੋਣਗੇ। ਪੰਜਾਬ ਮੇਰੀ ਰੂਹ ਹੈ ਤੇ ਪੰਜਾਬ ਦੀ ਰੂਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਾਡੀ ਲੜਾਈ ਇਨਸਾਫ਼ ਅਤੇ ਦੋਸ਼ੀਆਂ ਨੂੰ ਦੰਡ ਦਵਾਉਣ ਦੀ ਹੈ। ਇਸ ਲੜਾਈ ਵਿਚ ਕਿਸੇ ਵਿਧਾਨ ਸਭਾ ਸੀਟ ਬਾਰੇ ਵਿਚਾਰ ਕਰਨਾ ਕੋਈ ਅਹਿਮੀਅਤ ਨਹੀਂ ਰੱਖਦਾ। ਸਿਆਸੀ ਮਾਹਿਰਾਂ ਵਲੋਂ ਨਵਜੋਤ ਸਿੱਧੂ ਵਲੋਂ ਸੋਸ਼ਲ ਮੀਡੀਆ ’ਤੇ ਦਿੱਤੇ ਇਸ ਬਿਆਨ ਨੂੰ ਮੁੱਖ ਮੰਤਰੀ ਦੀ ਉਸ ਚੁਣੌਤੀ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ, ਜਿਸ ਵਿਚ ਉਨ੍ਹਾਂ ਸਿੱਧੂ ਨੂੰ ਪਟਿਆਲਾ ਤੋਂ ਚੋਣ ਲੜਨ ’ਤੇ ਜ਼ਮਾਨਤ ਜ਼ਬਤ ਹੋਣ ਦੀ ਗੱਲ ਆਖੀ ਸੀ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੇ ਬਿਆਨਾਂ ’ਤੇ ਕੈਪਟਨ ਵਲੋਂ ਹੁਣ ਤਕ ਦਾ ਸਭ ਤੋਂ ਵੱਡਾ ਹਮਲਾ, ਦਿੱਤੀ ਚੋਣ ਲੜਨ ਦੀ ਚੁਣੌਤੀ
ਇਥੇ ਇਹ ਵੀ ਖ਼ਾਸ ਤੌਰ ’ਤੇ ਦੱਸਣਯੋਗ ਹੈ ਕਿ ਨਵਜੋਤ ਸਿੱਧੂ ਦੇ ਇਸ ਬਿਆਨ ਤੋਂ ਮਹਿਜ਼ ਕੁੱਝ ਘੰਟੇ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ’ਤੇ ਵੱਡਾ ਹਮਲਾ ਬੋਲਦੇ ਹੋਏ ਉਨ੍ਹਾਂ ਨੂੰ ਪਟਿਆਲਾ ਤੋਂ ਚੋਣ ਲੜਨ ਦੀ ਚੁਣੌਤੀ ਦਿੱਤੀ ਸੀ। ਦਰਅਸਲ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਹੈ ਕਿ ਨਵਜੋਤ ਸਿੱਧੂ ਕਿਸੇ ਹੋਰ ਪਾਰਟੀ ਵਿਚ ਜਾਣ ਦੀ ਤਿਆਰੀ ਵਿਚ ਹੈ। ਉਨ੍ਹਾਂ ਕਿਹਾ ਕਿ ਜਦੋਂ ਕੋਈ ਵਿਧਾਇਕ ਆਪਣੇ ਹੀ ਮੁੱਖ ਮੰਤਰੀ ਖ਼ਿਲਾਫ਼ ਬੋਲਣਾ ਸ਼ੁਰੂ ਕਰ ਦਿੰਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਉਹ ਕਿਸੇ ਹੋਰ ਪਾਰਟੀ ਵਿਚ ਜਾਣ ਦੀ ਤਿਆਰੀ ’ਚ ਹੈ।
ਇਹ ਵੀ ਪੜ੍ਹੋ : ਸੂਬਾ ਸਰਕਾਰ ਦੀਆਂ ਨਵੀਂਆਂ ਪਾਬੰਦੀਆਂ, ਪੰਜਾਬ ਦੇ ਨਿੱਜੀ ਦਫ਼ਤਰਾਂ ਨੂੰ ਸਿਰਫ਼ ਘਰੋਂ ਕੰਮ ਕਰਨ ਦੇ ਹੁਕਮ
ਮੁੱਖ ਮੰਤਰੀ ਨੇ ਇਕ ਟੀ. ਵੀ. ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਨਵਜੋਤ ਸਿੱਧੂ ਨੂੰ ਪਟਿਆਲਾ ਤੋਂ ਚੋਣ ਲੜਨ ਦੀ ਚੁਣੌਤੀ ਦਿੰਦਿਆਂ ਕਿਹਾ ਕਿ ਜੇ ਉਹ ਉਨ੍ਹਾਂ ਦੇ ਖ਼ਿਲਾਫ਼ ਚੋਣ ਲੜਨੀ ਚਾਹੁੰਦਾ ਹੈ ਤਾਂ ਸ਼ੌਂਕ ਨਾਲ ਲੜੇ ਪਰ ਪਿਛਲੀਆਂ ਚੋਣਾਂ ਵਿਚ ਜਿਹੜਾ ਹਾਲ ਜੇ. ਜੇ. ਸਿੰਘ ਦਾ ਹੋਇਆ ਸੀ ਉਹ ਨਾ ਭੁੱਲੇ। ਉਨ੍ਹਾਂ ਕਿਹਾ ਕਿ ਸਿੱਧੂ ਪਟਿਆਲਾ ਤੋਂ ਚੋਣ ਲੜ ਕੇ ਦੇਖ ਲਵੇ ਜੇ. ਜੇ. ਸਿੰਘ ਵਾਂਗ ਉਸ ਦੀ ਵੀ ਜ਼ਮਾਨਤ ਜ਼ਬਤ ਹੋ ਜਾਵੇਗੀ।
ਇਹ ਵੀ ਪੜ੍ਹੋ : ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਕਰਕੇ ਪ੍ਰਾਈਵੇਟ ਸਕੂਲ ਖ਼ਿਲਾਫ਼ ਸਰਕਾਰ ਦੀ ਵੱਡੀ ਕਾਰਵਾਈ, ਐੱਨ. ਓ. ਸੀ. ਰੱਦ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?