ਸ਼ਾਹ ਨਾਲ ਮੁਲਾਕਾਤ ਦੀ ਚਰਚਾ ਤੋਂ ਬਾਅਦ ਕਾਂਗਰਸ ਨੂੰ ਮੁੜ ਯਾਦ ਆਏ ਸਿੱਧੂ
Friday, Nov 01, 2019 - 02:42 PM (IST)

ਚੰਡੀਗੜ੍ਹ—ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੈਬਨਿਟ ਤੋਂ ਅਸਤੀਫਾ ਦੇਣ ਵਾਲੇ ਨਵਜੋਤ ਸਿੰਘ ਸਿੱਧੂ ਦੇ ਪ੍ਰਤੀ ਅਚਾਨਕ ਹੀ ਕਾਂਗਰਸ 'ਚ ਪ੍ਰੇਮ ਉਮੜਨ ਲੱਗਾ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਬਿਆਨ 'ਚ ਕਰਤਾਰਪੁਰ ਕੋਰੀਡੋਰ ਖੁੱਲ੍ਹਣ ਦਾ ਸਾਰਾ ਕ੍ਰੈਡਿਟ ਨਵਜੋਤ ਨੂੰ ਦਿੱਤਾ ਹੈ।
ਪੰਜਾਬ ਦੀ ਸਿਆਸਤ 'ਚ ਵੀਰਵਾਰ ਨੂੰ ਇਹ ਬਦਲੀ ਹੋਈ ਹਵਾ ਉਸ ਸਮੇਂ ਸ਼ੁਰੂ ਹੋਈ ਜਦੋਂ ਸਵੇਰੇ ਸੋਸ਼ਲ ਮੀਡੀਆ 'ਤੇ ਇਹ ਖਬਰ ਵਾਇਰਲ ਹੋਣ ਲੱਗੀ ਕਿ ਨਵਜੋਤ ਸਿੰਘ ਸਿੱਧੂ ਨਵੀਂ ਦਿੱਲੀ 'ਚ ਕੇਂਦਰੀ ਗ੍ਰਹਿ ਮਤੰਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਹੈ ਅਤੇ ਬੈਠਕ 'ਚ ਸ਼ਿਅਦ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਸਬੰਧ ਸੁਧਾਰਨ ਨੂੰ ਲੈ ਕੇ ਚਰਚਾ ਹੋਈ ਹੈ। ਹਾਲਾਂਕਿ ਭਾਜਪਾ ਜਾਂ ਅਕਾਲੀ ਦਲ ਵਲੋਂ ਇਸ ਮੁਲਾਕਾਤ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਇਸ ਦੇ ਕੁਝ ਸਮੇਂ ਬਾਅਦ ਹੀ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਚੰਡੀਗੜ੍ਹ 'ਚ ਕਿਹਾ ਕਿ ਕਰਤਾਰਪੁਰ ਕੋਰੀਡੋਰ ਖੁੱਲ੍ਹਵਾਉਣ 'ਚ ਸਭ ਤੋਂ ਵੱਡਾ ਯੋਗਦਾਨ ਸਿੱਧੂ ਦਾ ਰਿਹਾ ਹੈ, ਜਿਸ ਨੂੰ ਭੁਲਾਇਆ ਨਹੀਂ ਜਾ ਸਕਦਾ। ਜਾਖੜ ਵੀਰਵਾਰ ਨੂੰ ਪੰਜਾਬ ਕਾਂਗਰਸ ਭਵਨ 'ਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸ਼ਰਧਾਂਜਲੀ ਭੇਂਟ ਕਰਨ ਦੇ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਦੂਜੇ ਪਾਸੇ ਡੇਰਾ ਬਾਬਾ ਨਾਨਕ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਜਦੋਂ ਪੱਤਰਕਾਰਾਂ ਨੇ ਸਿੱਧੂ ਨੂੰ ਲੈ ਕੇ ਸਵਾਲ ਕੀਤਾ ਤਾਂ ਉਨ੍ਹਾਂ ਨੇ ਇਸ 'ਤੇ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ। ਸਿੱਧੂ ਨੇ ਵੀ ਵੀਰਵਾਰ ਨੂੰ ਪੱਤਰਕਾਰਾਂ ਤੋਂ ਦੂਰੀ ਬਣਾਈ ਰੱਖੀ।