ਪੰਜਾਬ ਨਿਵੇਸ਼ਕਾਰ ਸਿਖਰ ਸੰਮੇਲਨ 5 ਅਤੇ 6 ਨੂੰ : ਮੁੱਖ ਮੰਤਰੀ

11/21/2019 5:00:28 PM

ਜਲੰਧਰ (ਧਵਨ) : ਸੂਬਾ ਸਰਕਾਰ ਵੱਲੋਂ ਪੰਜਾਬ ਨਿਵੇਸ਼ਕਾਰ ਸਿਖਰ ਸੰਮੇਲਨ ਦਾ ਆਯੋਜਨ 5 ਅਤੇ 6 ਦਸੰਬਰ ਨੂੰ ਮੋਹਾਲੀ 'ਚ ਕੀਤਾ ਜਾ ਰਿਹਾ ਹੈ, ਜਿਸ ਰਾਹੀਂ ਸੂਬੇ 'ਚ ਪੂੰਜੀ ਨਿਵੇਸ਼ ਦੇ ਨਵੇਂ ਰਾਹ ਖੁੱਲ੍ਹਣਗੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸੂਬੇ 'ਚ ਪੂੰਜੀ ਨਿਵੇਸ਼ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਲਈ ਕੌਮਾਂਤਰੀ ਸਨਅਤੀ ਆਗੂਆਂ ਨੂੰ ਇਕ ਮੰਚ 'ਤੇ ਇਕੱਠੇ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਸੂਬਾ ਸਰਕਾਰ ਵੱਲੋਂ ਪੰਜਾਬ 'ਚ ਪੂੰਜੀ ਨਿਵੇਸ਼ ਕਰਨ ਦੇ ਬਿਹਤਰੀਨ ਅਵਸਰ ਮੁਹੱਈਆ ਕਰਵਾਏ ਜਾਣਗੇ। ਇਸ ਲਈ ਉਨ੍ਹਾਂ ਨੇ ਸਨਅਤਕਾਰਾਂ ਨੂੰ ਇਸ ਮੈਗਾ ਈਵੈਂਟ ਦਾ ਹਿੱਸਾ ਬਣਨ ਲਈ ਵੱਧ-ਚੜ੍ਹ ਕੇ ਭਾਗ ਲੈਣ ਦਾ ਹੋਕਾ ਦਿੱਤਾ। ਉਨ੍ਹਾਂ ਕਿਹਾ ਕਿ ਨਿਵੇਸ਼ਕਾਰ ਸਿਖਰ ਸੰਮੇਲਨ ਦਾ ਮੁੱਖ ਮੰਤਵ ਦੇਸ਼-ਵਿਦੇਸ਼ ਦੇ ਵੱਡੇ ਅਤੇ ਦਰਮਿਆਨੇ ਸਨਅਤਕਾਰਾਂ ਨੂੰ ਇਹ ਦੱਸਣਾ ਹੈ ਕਿ ਸੂਬਾ ਸਰਕਾਰ ਉਨ੍ਹਾਂ ਨੂੰ ਨਵੇਂ ਨਿਵੇਸ਼ ਲਈ ਹਰ ਸੰਭਵ ਸਹਿਯੋਗ ਦੇਣ ਲਈ ਤਿਆਰ ਹੈ। ਇਸ ਲਈ ਸੂਬੇ ਦੇ ਹਾਲਾਤ ਨੂੰ ਵੇਖਦਿਆਂ ਕੰਪਨੀਆਂ ਨੂੰ ਪੂੰਜੀ ਨਿਵੇਸ਼ ਲਈ ਅੱਗੇ ਆਉਣਾ ਚਾਹੀਦਾ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਦੋ-ਤਿੰਨ ਮਹੀਨਿਆਂ ਤੋਂ ਸਰਕਾਰ ਵੱਲੋਂ ਨਿਵੇਸ਼ਕਾਰ ਸਿਖਰ ਸੰਮੇਲਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਸਬੰਧ 'ਚ ਸੀਨੀਅਰ ਮੰਤਰੀਆਂ ਵੱਲੋਂ ਦਿੱਲੀ, ਮੁੰਬਈ ਅਤੇ ਹੋਰਨਾਂ ਥਾਵਾਂ 'ਤੇ ਮੀਟਿੰਗਾਂ ਵੀ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਪਹਿਲੇ ਦੋ ਸਾਲਾਂ ਦੌਰਾਨ 50,000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰਾਜੈਕਟਾਂ ਨੂੰ ਹਰੀ ਝੰਡੀ ਮਿਲੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸਿਖਰ ਸੰਮੇਲਨ 'ਚ ਵੱਡੇ ਸਨਅਤਕਾਰਾਂ ਨੂੰ ਖੁੱਲ੍ਹ ਕੇ ਆਪਣੇ ਵਿਚਾਰ ਰੱਖਣ ਦਾ ਮੌਕਾ ਦਿੱਤਾ ਜਾਵੇਗਾ। ਸਰਕਾਰ ਉਨ੍ਹਾਂ ਦੀਆਂ ਗੱਲਾਂ ਨੂੰ ਸੁਣੇਗੀ ਅਤੇ ਮਗਰੋਂ ਉਸ ਦੇ ਅਨੁਸਾਰ ਜ਼ਰੂਰਤ ਪੈਣ 'ਤੇ ਨੀਤੀਆਂ 'ਚ ਸੋਧ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਸਿਖਰ ਸੰਮੇਲਨ ਪੰਜਾਬ ਦੇ ਸਨਅਤੀ ਵਿਕਾਸ 'ਚ ਇਕ ਨਵਾਂ ਮੀਲ ਪੱਥਰ ਸਾਬਿਤ ਹੋਣ ਜਾ ਰਿਹਾ ਹੈ। ਦੂਜੇ ਪਾਸੇ ਸਨਅਤੀ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀ ਰਾਇ ਹੈ ਕਿ ਸਾਬਕਾ ਸਰਕਾਰ ਦੇ ਸਮੇਂ ਵੀ ਪੂੰਜੀ ਨਿਵੇਸ਼ ਸਿਖਰ ਸੰਮੇਲਨ ਹੋਇਆ ਸੀ, ਜਿਸ ਦੌਰਾਨ 128 ਸਮਝੌਤਿਆਂ 'ਤੇ ਦਸਤਖ਼ਤ ਹੋਏ ਸਨ ਪਰ ਇਨ੍ਹਾਂ 'ਚੋਂ ਕਈ ਸਮਝੌਤਿਆਂ 'ਤੇ ਅੱਗੋਂ ਕੰਪਨੀਆਂ ਨੇ ਕੰਮ ਸ਼ੁਰੂ ਹੀ ਨਹੀਂ ਕੀਤੇ। ਇਸ ਲਈ ਕੈਪਟਨ ਸਰਕਾਰ ਦੀਆਂ ਕੋਸ਼ਿਸ਼ਾਂ ਇਹੋ ਰਹਿਣਗੀਆਂ ਕਿ ਨਿਵੇਸ਼ਕਾਰ ਸਿਖਰ ਸੰਮੇਲਨ 'ਚ ਐੱਮ.ਓ.ਯੂ. 'ਤੇ ਦਸਤਖ਼ਤ ਕਰਨ 'ਤੇ ਧਿਆਨ ਦੇਣ ਦੀ ਬਜਾਏ ਕੰਪਨੀਆਂ ਨੂੰ ਅਸਲ 'ਚ ਪੰਜਾਬ 'ਚ ਪੂੰਜੀ ਨਿਵੇਸ਼ ਕਰਨ ਲਈ ਸੱਦਿਆ ਜਾਵੇਗਾ।


Gurminder Singh

Content Editor

Related News