ਕੈਪਟਨ ਅਮਰਿੰਦਰ ਸਿੰਘ 15 ਅਗਸਤ ਨੂੰ ਰੱਖਣਗੇ ਹੁਸ਼ਿਆਰਪੁਰ ਕੈਂਸਰ ਸੈਂਟਰ ਦਾ ਨੀਂਹ-ਪੱਥਰ

Tuesday, Jul 30, 2019 - 08:08 PM (IST)

ਕੈਪਟਨ ਅਮਰਿੰਦਰ ਸਿੰਘ 15 ਅਗਸਤ ਨੂੰ ਰੱਖਣਗੇ ਹੁਸ਼ਿਆਰਪੁਰ ਕੈਂਸਰ ਸੈਂਟਰ ਦਾ ਨੀਂਹ-ਪੱਥਰ

ਚੰਡੀਗੜ੍ਹ,(ਅਸ਼ਵਨੀ): ਕੈਂਸਰ ਵਿਰੁਧ ਲੜਾਈ ਵਾਸਤੇ ਹੋਰ ਮਜ਼ਬੂਤੀ ਪ੍ਰਦਾਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੁਸ਼ਿਆਰਪੁਰ ਵਿਖੇ ਕੈਂਸਰ ਕੇਅਰ ਸੈਂਟਰ ਦਾ ਨੀਂਹ ਪੱਥਰ ਰੱਖਣ ਲਈ 15 ਅਗਸਤ ਦੀ ਸਮੇਂ ਸੀਮਾ ਨਿਰਧਾਰਤ ਕੀਤੀ ਹੈ। ਸੂਬਾ ਸਰਕਾਰ ਨੇ ਪਹਿਲਾਂ ਹੀ ਇਸ ਉਚ ਪੱਧਰੀ ਕੈਂਸਰ ਟ੍ਰੀਟਮੈਂਟ ਸੈਂਟਰ ਵਾਸਤੇ 45 ਕਰੋੜ ਰੁਪਏ ਦੀ ਬਜਟ ਵਿਵਸਥਾ ਕਰ ਦਿੱਤੀ ਹੈ। ਕੈਪਟਨ ਨੇ ਹੋਮੀ ਭਾਭਾ ਕੈਂਸਰ ਹਸਪਤਾਲ ਸੰਗਰੂਰ ਤੇ ਐਡਵਾਂਸ ਕੈਂਸਰ ਡਾਇਗਨੌਸਟਿਕ ਐਂਡ ਟ੍ਰੀਟਮੈਂਟ ਰਿਸਰਚ ਸੈਂਟਰ ਬਠਿੰਡਾ ਵਿਖੇ ਬੁਨਿਆਦੀ ਢਾਂਚੇ ਦਾ ਪੱਧਰ ਉਚਾ ਚੁੱਕਣ ਲਈ 174.48 ਕਰੋੜ ਰੁਪਏ ਦੇ ਕਾਰਜਾਂ ਨੂੰ ਵੀ ਹਰੀ ਝੰਡੀ ਦੇ ਦਿੱਤੀ ਹੈ।

ਸਟੇਟ ਕੈਂਸਰ ਐਂਡ ਡਰੱਗ ਡੀ ਐਡਿਕਸ਼ਨ ਇਨਫ੍ਰਾਸਟ੍ਰਕਚਰ ਬੋਰਡ (ਸੀ. ਏ. ਡੀ. ਏ.) ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੈਪਟਨ ਅਮਰਿੰਦਰ ਨੇ ਲੋੜੀਂਦੇ ਫੰਡ ਤੁਰੰਤ ਜਾਰੀ ਕਰਨ ਨੂੰ ਯਕੀਨੀ ਬਣਾਉਣ ਲਈ ਵਿੱਤ ਵਿਭਾਗ ਲਈ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਇਨ੍ਹਾਂ ਪ੍ਰੋਜੈਕਟਾਂ ਦਾ ਕੰਮ ਨਿਰਧਾਰਤ ਸਮੇਂ 'ਚ ਮੁਕੰਮਲ ਕਰਨ ਲਈ ਫੰਡਾਂ ਦੀ ਨਿਯਮਤ ਉਪਲਬਧਤਾ ਯਕੀਨੀ ਬਣਾਉਣ ਵਾਸਤੇ ਵੀ ਵਿੱਤ ਵਿਭਾਗ ਨੂੰ ਕਿਹਾ ਹੈ। ਮੁੱਖ ਮੰਤਰੀ ਨੇ ਹੋਰਨਾਂ ਪ੍ਰੋਜੈਕਟਾਂ ਨੂੰ ਵੀ ਸਮੇਂ ਸਿਰ ਮੁਕੰਮਲ ਕਰਨ ਲਈ ਪ੍ਰਮੁੱਖ ਸਕੱਤਰ ਸਿਹਤ ਨੂੰ ਇਨ੍ਹਾਂ ਦੀ ਪ੍ਰਗਤੀ 'ਤੇ ਨਿਯਮਤ ਨਿਗਰਾਨੀ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਕੈਂਸਰ ਨਾਲ ਪੀੜਤ ਮਰੀਜ਼ਾਂ ਨੂੰ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਲਈ ਸੀ. ਏ. ਡੀ. ਏ. ਫੰਡ ਕੇਵਲ ਇਨ੍ਹਾਂ ਵਾਸਤੇ ਹੀ ਵਰਤੇ ਜਾਣ ਦਾ ਨਿਰਦੇਸ਼ ਦਿੰਦੇ ਹੋਏ ਮੁੱਖ ਮੰਤਰੀ ਨੇ ਇਨ੍ਹਾਂ ਫੰਡਾਂ ਨੂੰ ਕਿਸੇ ਹੋਰ ਪਾਸੇ ਲਾਉਣ ਵਿਰੁੱਧ ਸਖ਼ਤ ਚਿਤਾਵਨੀ ਦਿੱਤੀ ਹੈ।


Related News