ਕੈਪਟਨ ਅਮਰਿੰਦਰ ਸਿੰਘ ਬਣੇ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ
Saturday, Feb 08, 2020 - 06:51 PM (IST)
ਸ੍ਰੀ ਮੁਕਤਸਰ ਸਾਹਿਬ (ਰਿਣੀ) : ਇਹ ਗੱਲ ਹਾਸੋਹੀਣੀ ਹੈ ਪਰ ਇਨ੍ਹੀਂ ਦਿਨੀਂ ਸ੍ਰੀ ਮੁਕਤਸਰ ਸਾਹਿਬ ਵਿਚ ਚਰਚਾ ਵਿਚ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਸ੍ਰੀ ਮੁਕਤਸਰ ਸਾਹਿਬ ਦਾ ਡਿਪਟੀ ਕਮਿਸ਼ਨਰ ਲਾ ਦਿੱਤਾ ਗਿਆ ਹੈ। ਅਜਿਹਾ ਹੀ ਕੁਝ ਦਰਸਾ ਰਿਹਾ ਹੈ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਵਿਹੜੇ 'ਚ ਸਿਹਤ ਵਿਭਾਗ ਵੱਲੋਂ ਲੱਗਾ ਇਕ ਵੱਡਾ ਹੋਰਡਿੰਗ ਬੋਰਡ। ਵੱਖ-ਵੱਖ ਵਿਭਾਗਾਂ ਵੱਲੋਂ ਅਕਸਰ ਹੀ ਲੋਕ ਭਲਾਈ ਦੀਆਂ ਸਕੀਮਾਂ ਦੇ ਪ੍ਰਚਾਰ ਲਈ ਵੱਡੇ ਹੋਰਡਿੰਗ ਬੋਰਡ ਲਾਏ ਜਾਂਦੇ ਹਨ। ਅਜਿਹੇ ਹੀ ਬੋਰਡ ਸਿਹਤ ਵਿਭਾਗ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਲਾਏ ਗਏ ਹਨ। ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਵਿਹੜੇ ਵਿਚ ਸੇਵਾ ਕੇਂਦਰ ਦੇ ਗੇਟ ਨਾਲ ਲੱਗਾ ਇਕ ਹੋਰਡਿੰਗ ਅੱਜ ਸੋਸ਼ਲ ਮੀਡੀਆਂ 'ਤੇ ਛਾਇਆ ਹੋਇਆ ਹੈ।
ਦਰਅਸਲ ਆਯੂਸ਼ਮਾਨ ਸਕੀਮ ਦਾ ਪ੍ਰਚਾਰ ਕਰਦੇ ਇਸ ਹੋਰਡਿੰਗ ਬੋਰਡ ਦੇ ਇਕ ਪਾਸੇ ਲੱਗੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਸਵੀਰ 'ਤੇ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਲਿਖਿਆ ਗਿਆ ਹੈ। ਇਸ ਬੋਰਡ ਨੂੰ ਵੇਖ ਲੋਕ ਵੀ ਹੈਰਾਨ ਹਨ। ਬੋਰਡ ਪਿਛਲੇ ਕਈ ਦਿਨਾਂ ਤੋਂ ਇੰਝ ਹੀ ਲੱਗਾ ਹੋਇਆ ਹੈ ਅਤੇ ਇਸ ਮਿੰਨੀ ਸੱਕਤਰੇਤ ਵਿਚ ਹੀ ਡਿਪਟੀ ਕਮਿਸ਼ਨਰ ਸਮੇਤ ਬਹੁਤ ਸਾਰੇ ਸਰਕਾਰੀ ਅਧਿਕਾਰੀਆਂ ਦੇ ਦਫ਼ਤਰ ਹਨ ਪਰ ਇੱਥੋਂ ਗੁਜ਼ਰਦੇ ਸਮੇਂ ਕਿਸੇ ਨੇ ਇਸ ਬੋਰਡ ਵੱਲ ਧਿਆਨ ਨਹੀਂ ਦਿੱਤਾ। ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਇਹ ਬੋਰਡ ਚਰਚਾ ਦਾ ਵਿਸ਼ਾ ਬਣ ਗਿਆ ਹੈ। ਉਧਰ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਦਾ ਕਹਿਣਾ ਹੈ ਕਿ ਇਹ ਗਲਤੀ ਬੋਰਡ ਬਣਾਉਣ ਵਾਲੇ ਤੋਂ ਹੋਈ ਹੈ ਅਤੇ ਇਹ ਜਲਦ ਹੀ ਦਰੁਸਤ ਕਰ ਦਿੱਤੀ ਜਾਵੇਗੀ।