ਸ੍ਰੀ ਗੁਟਕਾ ਸਾਹਿਬ ਦੀਆਂ ਝੂਠੀਆਂ ਸੌਂਹਾਂ ਖਾ ਕੇ ਸੱਤਾ ’ਚ ਆਈ ਕੈਪਟਨ ਸਰਕਾਰ ਨੇ ਪੰਜਾਬ ਨੂੰ ਲੁੱਟਿਆ : ਸੁਖਬੀਰ
Wednesday, Aug 25, 2021 - 11:46 AM (IST)

ਗਿੱਦੜਬਾਹਾ/ਦੋਦਾ (ਬਿਊਰੋ) : ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸ਼ੁਰੂ ਕੀਤੀ ਗਈ ‘ਗੱਲ ਪੰਜਾਬ ਦੀ’ ਯਾਤਰਾ ਦੌਰਾਨ 5ਵੇਂ ਦਿਨ ਵਰਕਰ ਮੀਟਿੰਗ ਲਈ ਗਿੱਦੜਬਾਹਾ ਪੁੱਜੇ, ਜਿੱਥੇ ਕਿਸਾਨਾਂ ਵਲੋਂ ਉਨ੍ਹਾਂ ਦਾ ਵਿਰੋਧ ਕੀਤਾ ਗਿਆ। ਅਕਾਲੀ ਵਰਕਰਾਂ ਨੇ ਹਲਕਾ ਇੰਚਾਰਜ ਹਰਦੀਪ ਸਿੰਘ ਡਿੰਪੀ ਢਿੱਲੋਂ ਦੀ ਅਗਵਾਈ ’ਚ ਸੁਖਬੀਰ ਸਿੰਘ ਬਾਦਲ ਦਾ ਸਥਾਨਕ ਲੰਬੀ ਵਾਲਾ ਫਾਟਕ ’ਤੇ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਪਾਰਟੀ ਦੇ ਝੰਡੇ ਲੱਗੇ ਮੋਟਰਸਾਈਕਲਾਂ ਦੇ ਕਾਫ਼ਲੇ ਨਾਲ ਮੀਟਿੰਗ ਵਾਲੀ ਜਗ੍ਹਾ ਬਠਿੰਡਾ ਰੋਡ ਸਥਿਤ ਮੱਕੜ ਪੈਲੇਸ ਵਿਖੇ ਲੈ ਗਏ। ਇਸ ਮੌਕੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿਚ 6 ਮਹੀਨਿਆਂ ਤੋਂ ਵੀ ਘੱਟ ਦਾ ਸਮਾਂ ਰਹਿ ਗਿਆ ਹੈ, ਇਸ ਲਈ ਪੰਜਾਬ ਦੇ ਲੋਕਾਂ ਨੂੰ ਇਹ ਸੋਚ ਸਮਝ ਕੇ ਫੈਸਲਾ ਕਰਨਾ ਪਵੇਗਾ ਕਿ ਉਨ੍ਹਾਂ ਦੀ ਹਿਤੈਸ਼ੀ ਪਾਰਟੀ ਕਿਹੜੀ ਹੈ। ਉਨ੍ਹਾਂ ਕਿਹਾ ਇਕ ਪਾਸੇ ਸ੍ਰੀ ਗੁਟਕਾ ਸਾਹਿਬ ਦੀਆਂ ਝੂਠੀਆਂ ਸੌਂਹਾਂ ਖਾ ਕੇ ਸੱਤਾ ਵਿਚ ਆਈ ਕੈਪਟਨ ਸਰਕਾਰ ਹੈ, ਜਿਸ ਨੇ ਸਾਢੇ 4 ਸਾਲਾਂ ਵਿਚ ਪੰਜਾਬ ਨੂੰ ਲੁੱਟਣ ਅਤੇ ਵਰਕਰਾਂ ਤੇ ਝੂਠੇ ਪਰਚੇ ਦਰਜ ਕਰਨ ਤੋਂ ਇਲਾਵਾ ਕੋਈ ਕੰਮ ਨਹੀਂ ਕੀਤਾ, ਦੂਜੇ ਪਾਸੇ ਆਮ ਆਦਮੀ ਪਾਰਟੀ ਹੈ, ਜਿਸ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਕਿਸੇ ਵੀ ਪਾਰਟੀ ਨਾਲ ਸਮਝੌਤਾ ਨਾ ਕਰਨ ਦੀ ਸੌਂਹ ਖਾ ਕੇ ਪਿਛਲੀਆਂ ਚੋਣਾ ਦੌਰਾਨ ਕਾਂਗਰਸ ਪਾਰਟੀ ਨਾਲ ਅੰਦਰੂਨੀ ਗੱਠਜੋੜ ਕਰ ਕੇ ਦਿੱਲੀ ਦੀ ਸੱਤਾ ’ਤੇ ਕਬਜ਼ਾ ਕੀਤਾ ਜਦੋਂਕਿ ਤੀਜੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ, ਜਿਸ ਨੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਦਾ ਵਿਕਾਸ ਕੀਤਾ। ਜਦੋਂ ਵੀ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਬਣੀ ਹੈ, ਉਦੋਂ ਹੀ ਪੰਜਾਬ ਦਾ ਵਿਕਾਸ ਹੋਇਆ ਹੈ।
ਇਹ ਵੀ ਪੜ੍ਹੋ : ਸ਼੍ਰੋਅਦ ਦਾ ਹਮਲਾ, ਪੰਜਾਬ ਕਾਂਗਰਸ ਭਵਨ ਬਣਿਆ ਪਾਕਿਸਤਾਨ ਦੀ ਆਈ. ਐੱਸ. ਆਈ. ਦਾ ਉਪ ਦਫ਼ਤਰ
ਇਕਜੁਟ ਹੋ ਕੇ ਪਾਰਟੀ ਵਰਕਰ ਕੰਮ ਕਰਨ : ਡਿੰਪੀ ਢਿੱਲੋਂ
ਇਸ ਮੌਕੇ ਸੁਖਬੀਰ ਬਾਦਲ ਨੇ ਹਲਕਾ ਇੰਚਾਰਜ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਗਿੱਦੜਬਾਹਾ ਤੋਂ ਅਕਾਲੀ-ਬਸਪਾ ਦਾ ਉਮੀਦਵਾਰ ਐਲਾਨਦਿਆਂ ਵਰਕਰਾਂ ਨੂੰ ਡਿੰਪੀ ਢਿੱਲੋਂ ਨੂੰ ਵੱਡੀ ਗਿਣਤੀ ਵਿਚ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕੀਤੀ। ਇਸ ਮੌਕੇ ਹਲਕਾ ਇੰਚਾਰਜ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਅਕਾਲੀ-ਬਸਪਾ ਵਰਕਰਾਂ ਨੂੰ ਕਾਂਗਰਸ ਪਾਰਟੀ ਦੀ ਧੱਕੇਸ਼ਾਹੀ ਨੂੰ ਠੱਲ੍ਹ ਪਾਉਣ ਲਈ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ-ਬਸਪਾ ਦੀ ਸਰਕਾਰ ਬਣਾਉਣ ਦੀ ਅਪੀਲ ਕਰਦਿਆਂ ਇਕਜੁਟ ਹੋ ਕੇ ਪਾਰਟੀ ਲਈ ਕੰਮ ਕਰਨ ਅਤੇ ਪਾਰਟੀ ਵਲੋਂ ਉਨ੍ਹਾਂ ਨੂੰ ਗਿੱਦੜਬਾਹਾ ਤੋਂ ਉਮੀਦਵਾਰ ਐਲਾਨੇ ਜਾਣ ’ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦਾ ਧੰਨਵਾਦ ਕੀਤਾ।
ਇਸ ਮੌਕੇ ਸੰਦੀਪ ਸਿੰਘ ਸੰਨੀ ਢਿੱਲੋਂ, ਸ਼ਹਿਰ ਜ਼ਿਲਾ ਪ੍ਰਧਾਨ ਅਮਿਤ ਕੁਮਾਰ ਸਿੰਪੀ ਬਾਂਸਲ, ਸੀਨੀਅਰ ਅਕਾਲੀ ਆਗੂ ਅਸ਼ੋਕ ਕੁਮਾਰ ਬੁੱਟਰ, ਸ਼ਹਿਰੀ ਇੰਚਾਰਜ ਪੈਵੀ ਢਿੱਲੋਂ, ਅਭੈ ਢਿੱਲੋਂ ਕੌਮੀ ਜਰਨਲ ਸਕੱਤਰ ਯੂਥ ਅਕਾਲੀ ਦਲ, ਬਾਰ ਪ੍ਰਧਾਨ ਐਡਵੋਕੇਟ ਕੁਲਜਿੰਦਰ ਸਿੰਘ ਸੰਧੂ, ਨਵੀਂ ਬਰਾੜ, ਜਗਤਾਰ ਧਾਲੀਵਾਲ, ਜਗਨੰਦਨ ਗਿੱਲ, ਰੈਸਟੀ ਰੰਧਾਵਾ, ਜਥੇਦਾਰ ਚਰਨਜੀਤ ਸਿੰਘ ਭੁੰਦੜ, ਜਥੇਦਾਰ ਹਰਵਿੰਦਰ ਸਿੰਘ ਕਾਕਾ, ਜਥੇਦਾਰ ਮਧੋਦਾਸ ਸਿੰਘ ਖਾਲਸਾ, ਕੁਲਵਿੰਦਰ ਢਿੱਲੋਂ, ਡਾ. ਵਰਿੰਦਰਪਾਲ, ਸੁਭਾਸ ਜੈਨ ਲਿੱਲੀ ਆਦਿ ਵੀ ਮੌਜੂਦ ਸਨ।
ਇਹ ਵੀ ਪੜ੍ਹੋ : ਸਿੱਧੂ ਦੇ ਸਲਾਹਕਾਰਾਂ ਖ਼ਿਲਾਫ਼ ਬੋਲਣ ਤੋਂ ਪਹਿਲਾਂ ਕੈਪਟਨ ਪੰਜਾਬ ਦੀ ਜਨਤਾ ਨੂੰ ਆਪਣੇ ਸਲਾਹਕਾਰਾਂ ਦਾ ਹਿਸਾਬ ਦੇਵੇ : ਬੀਰ ਦਵਿੰਦਰ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ