ਕੋਰੋਨਾ ਕਾਰਨ ਅਨਾਥ ਹੋਏ ਬੱਚਿਆਂ ਲਈ ਸਹਾਰਾ ਬਣਨਗੇ ਕੈਪਟਨ, ਮੁਫ਼ਤ ਸਿੱਖਿਆ ਸਮੇਤ ਕੀਤੇ ਕਈ ਵੱਡੇ ਐਲਾਨ

Friday, May 21, 2021 - 04:45 AM (IST)

ਕੋਰੋਨਾ ਕਾਰਨ ਅਨਾਥ ਹੋਏ ਬੱਚਿਆਂ ਲਈ ਸਹਾਰਾ ਬਣਨਗੇ ਕੈਪਟਨ, ਮੁਫ਼ਤ ਸਿੱਖਿਆ ਸਮੇਤ ਕੀਤੇ ਕਈ ਵੱਡੇ ਐਲਾਨ

ਚੰਡੀਗੜ੍ਹ : ਕੋਰੋਨਾ ਵਾਇਰਸ ਦਾ ਕਹਿਰ ਪੂਰੇ ਦੇਸ਼ ਵਿੱਚ ਤਬਾਹੀ ਮਚਾ ਰਿਹਾ ਹੈ। ਇਸ ਮਹਾਮਾਰੀ ਕਾਰਨ ਕਈ ਲੋਕ ਆਪਣਿਆਂ ਤੋਂ ਦੂਰ ਹੋ ਗਏ ਅਤੇ ਕਈ ਬੱਚੇ ਆਪਣੇ ਮਾਤਾ ਪਿਤਾ ਨੂੰ ਗੁਆ ਚੁੱਕੇ ਹਨ। ਅਜਿਹੇ ਵਿੱਚ ਦਿੱਲੀ ਦੇ ਸੀ.ਐੱਮ. ਅਰਵਿੰਦ ਕੇਜਰੀਵਾਲ ਨੇ ਬੀਤੇ ਦਿਨੀਂ ਐਲਾਨ ਕੀਤਾ ਸੀ ਕਿ ਉਹ ਕੋਰੋਨਾ ਨਾਲ ਮਰਨ ਵਾਲੇ ਮਰੀਜ਼ਾਂ ਦੇ ਪਰਿਵਾਰਾਂ ਨੂੰ 50-50 ਹਜ਼ਾਰ ਰੁਪਏ ਦੇਣਗੇ ਅਤੇ ਨਾਲ ਹੀ ਅਨਾਥ ਅਤੇ ਬੇਸਹਾਰਾ ਹੋ ਚੁੱਕੇ ਬੱਚਿਆਂ ਨੂੰ 2500-2500 ਰੁਪਏ ਦੇਣਗੇ। ਹੁਣ ਪੰਜਾਬ ਦੇ ਸੀ.ਐੱਮ. ਕੈਪਟਨ ਅਮਰਿੰਦਰ ਸਿੰਘ ਵੀ ਅਰਵਿੰਦ ਕੇਜਰੀਵਾਲ ਦੀ ਰਾਹ ਤੇ ਚੱਲ ਪਏ ਹਨ ਅਤੇ ਉਨ੍ਹਾਂ ਨੇ ਵੀ ਉਹੋ ਜਿਹਾ ਹੀ ਐਲਾਨ ਕੀਤਾ ਹੈ। 

ਪੰਜਾਬ ਸਰਕਾਰ ਦੁਆਰਾ ਕੋਵਿਡ ਮਹਾਮਾਰੀ ਵਿੱਚ ਬੇਸਹਾਰਾ ਹੋਏ ਸਾਰੇ ਬੱਚਿਆਂ ਦੇ ਨਾਲ-ਨਾਲ ਕਮਾਉਣ ਵਾਲੇ ਮੈਂਬਰ ਗੁਆ ਚੁੱਕੇ ਸਾਰੇ ਪਰਿਵਾਰਾਂ ਨੂੰ 1 ਜੁਲਾਈ, 2021 ਤੋਂ 1500 ਰੁਪਏ ਪ੍ਰਤੀ ਮਹੀਨਾ ਸਾਮਾਜਿਕ ਸੁਰੱਖਿਆ ਪੈਨਸ਼ਨ ਅਤੇ ਸਰਕਾਰੀ ਸੰਸਥਾਵਾਂ ਵਿੱਚ ਗ੍ਰੈਜੂਏਸ਼ਨ ਤੱਕ ਮੁਫਤ ਸਿੱਖਿਆ ਉਪਲੱਬਧ ਕਰਵਾਈ ਜਾਵੇਗੀ।  ਬੇਸਹਾਰਾ ਬੱਚਿਆਂ ਨੂੰ 21 ਸਾਲ ਦੀ ਉਮਰ ਹੋਣ ਤੱਕ ਇਹ ਰਾਹਤ ਉਪਲੱਬਧ ਕਰਵਾਈ ਜਾਵੇਗੀ।  

ਕੋਵਿਡ ਦੀ ਸਥਿਤੀ ਦੀ ਸਮੀਖਿਆ ਲਈ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪੀੜਤ ਵਿਅਕਤੀ ਇੱਕ ਜੁਲਾਈ ਤੋਂ ਅਸ਼ੀਰਵਾਦ ਸਕੀਮ ਦੇ ਤਹਿਤ 51000 ਰੁਪਏ ਦੀ ਰਾਸ਼ੀ ਦੇ ਯੋਗ ਹੋਣਗੇ ਅਤੇ ਰਾਜ ਦੀ ਸਮਾਰਟ ਰਾਸ਼ਨ ਕਾਰਡ ਸਕੀਮ ਦੇ ਤਹਿਤ ਮੁਫਤ ਰਾਸ਼ਨ ਦੇ ਵੀ ਹੱਕਦਾਰ ਹੋਣਗੇ ਅਤੇ ਇਸ ਤੋਂ ਇਲਾਵਾ ਸਰਬੱਤ ਸਿਹਤ ਬੀਮਾ ਯੋਜਨਾ ਦੇ ਦਾਇਰੇ ਵਿੱਚ ਵੀ ਆਣਗੇ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਪੀੜਤ ਪਰਿਵਾਰਿਕ ਮੈਬਰਾਂ ਨੂੰ ‘ਘਰ-ਘਰ ਰੁਜ਼ਗਾਰ ਅਤੇ ਕੰਮ-ਕਾਜ ਮਿਸ਼ਨ’ ਦੇ ਅਨੁਸਾਰ ਉਪਯੁਕਤ ਨੌਕਰੀ ਦਿਵਾਉਣ ਵਿੱਚ ਸਹਾਇਤਾ ਕਰੇਗੀ। 

ਮੁੱਖ ਮੰਤਰੀ ਨੇ ਸਾਮਾਜਿਕ ਸੁਰੱਖਿਆ ਅਤੇ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਦੀ ਅਗਵਾਈ ਵਿੱਚ ਨਿਗਰਾਨੀ ਕਮੇਟੀ ਦੇ ਗਠਨ ਦਾ ਐਲਾਨ ਕੀਤਾ ਹੈ ਜੋ ਹਰ ਮਾਮਲੇ ਵਿੱਚ ਰਾਹਤ ਕੰਮਾਂ ਅਤੇ ਤਰੱਕੀ ਦੀ ਸਮੀਖਿਆ ਕਰੇਗੀ। ਇਹ ਕਮੇਟੀ ਇੱਕ ਮਹੀਨੇ ਵਿੱਚ ਘੱਟੋਂ-ਘੱਟ ਇੱਕ ਵਾਰ ਮੀਟਿੰਗ ਕਰੇਗੀ। ਸਾਮਾਜਿਕ ਸੁਰੱਖਿਆ ਅਤੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਕੋਵਿਡ ਪੀੜਤ ਵਿਅਕਤੀਆਂ ਲਈ ਰਾਹਤ ਕੰਮਾਂ ਨੂੰ ਅਮਲ ਵਿੱਚ ਲਿਆਉਣ ਲਈ ਨੋਡਲ ਵਿਭਾਗ ਹੋਵੇਗਾ। ਇਹ ਕਮੇਟੀ ਅਜਿਹੇ ਸਾਰੇ ਪ੍ਰਭਾਵਿਤ ਵਿਅਕਤੀਆਂ ਦਾ ਰਿਕਾਰਡ ਰੱਖੇਗੀ ਅਤੇ ਉਨ੍ਹਾਂ ਨੂੰ ਦਿੱਤੀ ਜਾ ਰਹੀ ਰਾਹਤ ਬਾਰੇ ਜਾਣੂ ਕਰਵਾਏਗੀ। ਇਸ ਤੋਂ ਇਲਾਵਾ ਇਹ ਕਮੇਟੀ ਜ਼ਰੂਰੀ ਰਾਹਤ ਉਪਲੱਬਧ ਨਹੀਂ ਹੋਣ ਤੱਕ ਸਬੰਧਤ ਵਿਭਾਗਾਂ ਨਾਲ ਤਾਲਮੇਲ ਕਰੇਗੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News