ਕੈਨੇਡਾ 'ਚ ਬਿਨਾਂ ਇਜਾਜ਼ਤ ਛਾਪੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ, ਸਿੱਖਾਂ 'ਚ ਰੋਸ

Saturday, Aug 22, 2020 - 08:00 AM (IST)

ਕੈਨੇਡਾ 'ਚ ਬਿਨਾਂ ਇਜਾਜ਼ਤ ਛਾਪੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ, ਸਿੱਖਾਂ 'ਚ ਰੋਸ

ਅੰਮ੍ਰਿਤਸਰ/ਬ੍ਰਿਟਿਸ਼ ਕੋਲੰਬੀਆ- ਕੈਨੇਡਾ ਵਿਚ ਸਤਨਾਮ ਐਜੂਕੇਸ਼ਨ ਟਰਸੱਟ ਵਲੋਂ ਆਪਣੇ ਤੌਰ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬਿਨਾਂ ਆਗਿਆ ਦੇ ਛਾਪਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਨਾਲ ਸਿੱਖ ਸੰਗਤਾਂ ਵਿਚ ਰੋਸ ਹੈ ਕਿਉਂਕਿ ਇਸ ਦੀ ਇਜਾਜ਼ਤ ਕਿਸੇ ਵੀ ਵਿਅਕਤੀ ਨੂੰ ਨਹੀਂ ਹੈ। ਇਸ ਮਾਮਲੇ 'ਤੇ ਸ਼੍ਰੋਮਣੀ ਕਮੇਟੀ ਦਾ ਕਹਿਣਾ ਹੈ ਕਿ ਕੈਨੇਡਾ ਵਿਚ ਪਾਵਨ ਸਰੂਪ ਛਾਪਣ ਬਾਰੇ ਕਿਸੇ ਨੂੰ ਪ੍ਰਵਾਨਗੀ ਨਹੀਂ ਦਿੱਤੀ ਗਈ। ਜਨਰਲ ਸਕੱਤਰ ਹਰਜਿੰਦਰ ਸਿੰਘ ਧਾਮੀ ਨੇ ਆਖਿਆ ਕਿ ਸਿੱਖ ਸੰਸਥਾ ਨੇ ਇਸ ਸਬੰਧੀ ਇਜਾਜ਼ਤ ਨਹੀਂ ਦਿੱਤੀ ਤੇ ਉਨ੍ਹਾਂ ਨੂੰ ਪੁੱਛੇ ਬਿਨਾ ਇਸ ਸਭ ਕੰਮ ਹੋਇਆ ਹੈ। ਹਾਲਾਂਕਿ ਸਤਨਾਮ ਟਰੱਸਟ ਦੇ ਨੁਮਾਇੰਦੇ ਆਖ ਰਹੇ ਹਨ ਕਿ ਉਨ੍ਹਾਂ ਕੋਲ ਸ਼੍ਰੋਮਣੀ ਕਮੇਟੀ ਵਲੋਂ ਦਿੱਤੀ ਹੋਈ ਲਿਖਤੀ ਪ੍ਰਵਾਨਗੀ ਹੈ ਪਰ ਇਹ ਦਾਅਵਾ ਝੂਠਾ ਦੱਸਿਆ ਜਾ ਰਿਹਾ ਹੈ। 

ਇਸ ਦੌਰਾਨ ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ ਨੇ ਵੀ ਸਤਨਾਮ ਟਰੱਸਟ ਨੂੰ ਪੱਤਰ ਭੇਜ ਕੇ ਆਖਿਆ ਹੈ ਕਿ ਇਹ ਕਾਰਵਾਈ ਹੁਕਮਨਾਮੇ ਦੀ ਉਲੰਘਣਾ ਹੈ ਅਤੇ ਸ੍ਰੀ ਅਕਾਲ ਤਖ਼ਤ ਨੂੰ ਚੁਣੌਤੀ ਹੈ। ਗੌਰਤਲਬ ਹੈ ਕਿ ਸ੍ਰੀ ਅਕਾਲ ਤਖ਼ਤ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਛਾਪਣ ਦਾ ਅਧਿਕਾਰ ਸਿਰਫ ਸ਼੍ਰੋਮਣੀ ਕਮੇਟੀ ਨੂੰ ਹੀ ਦਿੱਤਾ ਗਿਆ ਹੈ ਜਿਸ ਵਿਚ ਹੁਕਮ ਦਿੱਤਾ ਗਿਆ ਹੈ ਕਿ ਕੋਈ ਵੀ ਇਹ ਕੰਮ ਨਿੱਜੀ ਤੌਰ ’ਤੇ ਨਹੀਂ ਕਰ ਸਕਦਾ। 

ਸ਼੍ਰੋਮਣੀ ਕਮੇਟੀ ਵਲੋਂ ਕੈਨੇਡਾ ਵਿਚ ਪਾਵਨ ਸਰੂਪ ਛਾਪਣ ਬਾਰੇ ਫਿਲਹਾਲ ਗੱਲ ਚੱਲ ਰਹੀ ਹੈ ਪਰ ਅਜਿਹੇ ਢੰਗ ਨਾਲ ਸਰੂਪ ਛਾਪਣ ਨਾਲ ਇਸ ਦਾ ਕੋਈ ਸਬੰਧ ਨਹੀਂ ਹੈ।  ਉਨ੍ਹਾਂ ਆਖਿਆ ਕਿ ਗੁਰਦੁਆਰਾ ਕੌਂਸਲ ਵਲੋਂ ਮੀਟਿੰਗ ਕਰਕੇ ਫੈਸਲਾ ਕੀਤਾ ਗਿਆ ਹੈ ਕਿ ਜਿੰਨੇ ਵੀ ਸਰੂਪ ਹੁਣ ਤਕ ਛਾਪੇ ਗਏ ਹਨ, ਉਨ੍ਹਾਂ ਨੂੰ 22 ਅਗਸਤ ਦੀ ਸ਼ਾਮ ਤਕ ਗੁਰੂ ਨਾਨਕ ਸਿੱਖ ਗੁਰਦੁਆਰਾ ਵਿਖੇ ਪਹੁੰਚਾ ਦਿੱਤਾ ਜਾਵੇ। ਇਸ ਦੇ ਨਾਲ ਛਪਾਈ ਨਾਲ ਸਬੰਧਤ ਸਾਰਾ ਸਮਾਨ ਵੀ ਪਹੁੰਚਾਇਆ ਜਾਵੇ। ਰਿਪੋਰਟਾਂ ਮੁਤਾਬਕ ਕੈਨੇਡਾ ਦੇ ਟਰਸੱਟ ਵਲੋਂ ਹੁਣ ਤਕ 20 ਸਰੂਪ ਛਾਪੇ ਗਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਅਤਿ ਆਧੁਨਿਕ ਮਸ਼ੀਨਰੀ ਅਤੇ ਛਪਾਈ ਤਕਨੀਕ ਹੈ। 
ਦੱਸ ਦਈਏ ਕਿ 9 ਅਪ੍ਰੈਲ, 1998 ਨੂੰ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਭਾਈ ਰਣਜੀਤ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਅਤੇ ਗੁਟਕਾ ਦੀ ਛਪਾਈ 'ਤੇ ਪਾਬੰਦੀ ਲਗਾਉਣ ਲਈ ਹੁਕਮ ਜਾਰੀ ਕੀਤਾ ਸੀ।


author

Lalita Mam

Content Editor

Related News