ਕੈਬਨਿਟ ਮੰਤਰੀ ਬਣ ਕੇ ਵੀ ਅਸੰਤੁਸ਼ਟ ਹਰਸਿਮਰਤ ਬਾਦਲ, ਕਿਹਾ— ''ਮੇਰਾ ਤਾਂ ਛੋਟਾ ਜਿਹਾ ਵਿਭਾਗ ਹੈ''
Monday, Aug 14, 2017 - 12:39 PM (IST)
ਬਠਿੰਡਾ— ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਕੇਂਦਰ ਵੱਲੋਂ ਦਿੱਤੇ ਗਏ ਕੇਂਦਰੀ ਫੂਡ ਪ੍ਰੋਸੈਸਿੰਗ ਵਿਭਾਗ ਤੋਂ ਵੀ ਹੁਣ ਅਸਤੁੰਸ਼ਟ ਨਜ਼ਰ ਆ ਰਹੇ ਹਨ। ਇਸ ਦੇ ਸੰਕੇਤ ਉਨ੍ਹਾਂ ਨੇ ਐਤਵਾਰ ਨੂੰ ਬਠਿੰਡਾ ਵਿਖੇ ਪਾਸਪੋਰਟ ਆਫਿਸ ਦੇ ਉਦਘਾਟਨ ਦੌਰਾਨ ਦਿੱਤੇ। ਜਦੋਂ ਉਨ੍ਹਾਂ ਨੂੰ ਪੰਜਾਬ ਦੇ ਵਿਕਾਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਕੋਲ ਤਾਂ ਇਕ ਛੋਟਾ ਜਿਹਾ ਵਿਭਾਗ ਹੈ, ਜਿਸ ਦੇ ਤਹਿਤ ਉਹ ਜਿੰਨਾਂ ਕੁ ਕਰ ਸਕਦੇ ਹਨ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਅਕਾਲੀ ਸਰਕਾਰ ਸਮੇਂ ਬਠਿੰਡਾ ਵਿਚ ਕੀਤੇ ਗਏ ਵਿਕਾਸ ਕਾਰਜਾਂ ਦਾ ਖਾਸ ਤੌਰ 'ਤੇ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਬਠਿੰਡਾ ਵਿਚ ਪਹਿਲਾਂ ਸ਼ਤਾਬਦੀ ਚਲਾਈ ਗਈ ਅਤੇ ਬਾਅਦ ਵਿਚ ਜਹਾਜ਼ ਵੀ ਉਡਾਏ ਗਏ। ਇੱਥੋਂ ਤੱਕ ਕਿ ਬਠਿੰਡਾ ਵਿਚ ਏਮਜ਼ ਹਸਪਤਾਲ ਦਾ ਨਿਰਮਾਣ ਵੀ ਕਰਵਾਇਆ ਗਿਆ।
ਹਰਸਿਮਰਤ ਬਾਦਲ ਨੇ ਕਿਹਾ ਕਿ ਆਪਣੇ ਵਿਭਾਗ ਅਧੀਨ ਉਸ ਨੇ ਬਠਿੰਡਾ ਵਿਚ ਕਈ ਵੱਡੇ ਪ੍ਰਾਜੈਕਟ ਸ਼ੁਰੂ ਕੀਤੇ। ਉਨ੍ਹਾਂ ਵਿੱਤ ਮੰਤਰੀ ਮਨਪ੍ਰੀਤ ਬਾਦਲ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਦਾ ਆਪਣਾ ਇਲਾਕਾ ਹੋਣ ਦੇ ਬਾਵਜੂਦ ਉਹ ਬਠਿੰਡਾ ਦਾ ਵਿਕਾਸ ਕਰਨ ਤੋਂ ਦੂਰ ਭੱਜ ਰਹੇ ਹਨ। ਇੰਨਾਂ ਹੀ ਨਹੀਂ ਹਰਸਿਮਰਤ ਨੇ ਕਿਹਾ ਕਿ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਪੰਜਾਬ ਦਾ ਮੁੱਖ ਮੰਤਰੀ ਬਣਨ ਦੇ ਸੁਪਨੇ ਦੇਖ ਰਹੇ ਹਨ। ਕੇਂਦਰੀ ਮੰਤਰੀ ਨੇ ਕਿਹਾ ਕਿ ਕਾਂਗਰਸ ਵੱਲੋਂ ਕਿਸਾਨਾਂ ਦੀ ਕਰਜ਼ਾ ਮੁਆਫੀ ਦਾ ਐਲਾਨ ਮਹਿਜ਼ ਇਕ ਡਰਾਮਾ ਹੈ। ਉਨ੍ਹਾਂ ਕਿਹਾ ਕਿ ਨਾ ਹੀ ਕੈਪਟਨ ਸਰਕਾਰ ਨੇ ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ ਅਤੇ ਨਾ ਹੀ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀ ਦਿੱਤੀ ਗਈ।
