ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਗ਼ੈਰ-ਕਾਨੂੰਨੀ ਮਾਈਨਿੰਗ ਰੋਕਣ ਲਈ ਚੁੱਕਿਆ ਵੱਡਾ ਕਦਮ
Friday, Mar 25, 2022 - 10:27 PM (IST)
ਚੰਡੀਗੜ੍ਹ (ਬਿਊਰੋ) : ਪੰਜਾਬ ਦੇ ਖਨਨ ਅਤੇ ਭੂ-ਵਿਗਿਆਨ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਸੂਬੇ 'ਚ ਗੈਰ-ਕਾਨੂੰਨੀ ਮਾਈਨਿੰਗ ਨੂੰ ਪੱਕੇ ਤੌਰ ‘ਤੇ ਰੋਕਣ ਲਈ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਸੀਨੀਅਰ ਪੁਲਸ ਕਪਤਾਨਾਂ ਨੂੰ ਲਿਖਤੀ ਹਦਾਇਤ ਕੀਤੀ ਹੈ। ਡਿਪਟੀ ਕਮਿਸ਼ਨਰਾਂ ਨੂੰ ਲਿਖੇ ਪੱਤਰ 'ਚ ਕੈਬਨਿਟ ਮੰਤਰੀ ਨੇ ਸਪੱਸ਼ਟ ਤੌਰ ’ਤੇ ਕਿਹਾ ਹੈ ਕਿ ਇਹ ਗੱਲ ਸਾਫ਼ ਹੈ ਕਿ ਪੰਜਾਬ ਸਰਕਾਰ ਗੈਰ-ਕਾਨੂੰਨੀ ਮਾਈਨਿੰਗ ਦੇ ਖ਼ਿਲਾਫ਼ ਹੈ। ਉਨ੍ਹਾਂ ਕਿਹਾ ਕਿ ਮੇਰੇ ਧਿਆਨ ਵਿਚ ਆਇਆ ਹੈ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਗੈਰ-ਕਾਨੂੰਨੀ ਮਾਈਨਿੰਗ ਚੱਲ ਰਹੀ ਹੈ। ਇਸ ਲਈ ਤੁਹਾਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਆਪਣੇ ਜ਼ਿਲ੍ਹੇ ਦੇ ਮਾਈਨਿੰਗ ਅਫ਼ਸਰ ਤੋਂ ਜਾਣਕਾਰੀ ਲਈ ਜਾਵੇ ਅਤੇ ਅਲਾਟ ਕੀਤੀਆਂ ਖੱਡਾਂ ਦੀ ਨਿਸ਼ਾਨਦੇਹੀ ਕਰਕੇ ਝੰਡਾ ਲਗਾ ਦਿੱਤਾ ਜਾਵੇ ਤਾਂ ਜੋ ਇਹ ਸਪੱਸ਼ਟ ਹੋ ਸਕੇ ਕਿ ਮਾਈਨਿੰਗ ਇਨ੍ਹਾਂ ਥਾਵਾਂ ਤੋਂ ਹੀ ਕੀਤੀ ਜਾਣੀ ਹੈ।
ਇਹ ਵੀ ਪੜ੍ਹੋ : ਤਰਨਤਾਰਨ ਦੇ ਜ਼ਿਲ੍ਹਾ ਖਜ਼ਾਨਾ ਦਫ਼ਤਰ 'ਚ ਬਜ਼ੁਰਗ ਔਰਤ ਨੂੰ ਥਾਣੇਦਾਰ ਨੇ ਮਾਰੇ ਧੱਕੇ
ਇਸ ਤੋਂ ਇਲਾਵਾ ਐੱਸ. ਐੱਸ. ਪੀਜ਼ ਨੂੰ ਲਿਖਿਆ ਗਿਆ ਹੈ ਕਿ ਹਰੇਕ ਜ਼ਿਲ੍ਹੇ 'ਚ ਅਲਾਟ ਕੀਤੀਆਂ ਖੱਡਾਂ ਦੀ ਨਿਸ਼ਾਨਦੇਹੀ ਕਰਨ ਲਈ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਗਿਆ ਹੈ ਤਾਂ ਜੋ ਨਾਜਾਇਜ਼ ਮਾਈਨਿੰਗ ਨੂੰ ਤੁਰੰਤ ਰੋਕਿਆ ਜਾ ਸਕੇ ਪਰ ਫਿਰ ਵੀ ਜੇਕਰ ਕੋਈ ਗੈਰ-ਕਾਨੂੰਨੀ ਮਾਈਨਿੰਗ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਇਸ ਦੀ ਨਿਰੋਲ ਜ਼ਿੰਮੇਵਾਰੀ ਸਬੰਧਿਤ ਐੱਸ. ਐੱਸ. ਪੀ. ਦੀ ਹੋਵੇਗੀ। ਸਾਰੇ ਡਿਪਟੀ ਕਮਿਸ਼ਨਰਾਂ ਤੇ ਐੱਸ. ਐੱਸ. ਪੀਜ਼ ਨੂੰ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਨ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ : ਧੀ ਨੂੰ ਸਹੁਰੇ ਘਰ ਛੱਡ ਕੇ ਆ ਰਹੇ ਪਿਤਾ ਦੀ ਸੜਕ ਹਾਦਸੇ 'ਚ ਮੌਤ
ਜ਼ਿਕਰਯੋਗ ਹੈ ਕਿ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਮਾਈਨਿੰਗ ਵਿਭਾਗ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਸੂਬੇ ਭਰ ਦੀਆਂ ਸਾਰੀਆਂ ਕਾਨੂੰਨੀ ਥਾਵਾਂ ਦੀ ਨਿਸ਼ਾਨਦੇਹੀ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਗੈਰ-ਕਾਨੂੰਨੀ ਮਾਈਨਿੰਗ ਨੂੰ ਠੱਲ੍ਹ ਪਾਉਣ ਨਾਲ ਸਰਕਾਰੀ ਖਜ਼ਾਨੇ ਨੂੰ ਵੱਡਾ ਹੁਲਾਰਾ ਮਿਲੇਗਾ।
ਇਹ ਵੀ ਪੜ੍ਹੋ : ਪੜ੍ਹੋ ਪੰਜਾਬ ਨਾਲ ਸਬੰਧਿਤ ਅੱਜ ਦੀਆਂ ਵੱਡੀਆਂ ਖ਼ਬਰਾਂ