ਸੰਗਰੂਰ ਜ਼ਿਮਨੀ ਚੋਣ ’ਚ ‘ਆਪ’ ਮਾਰੇਗੀ ਹੈਟ੍ਰਿਕ : ਆਪ ਵਿਧਾਇਕ

06/21/2022 11:28:35 AM

ਮੋਗਾ (ਗੋਪੀ ਰਾਊਕੇ, ਸੰਦੀਪ ਸ਼ਰਮਾ) : ਸੰਗਰੂਰ ਜ਼ਿਮਨੀ ਚੋਣ ’ਤੇ ਗੱਲਬਾਤ ਕਰਦਿਆਂ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਕਿਹਾ ਕਿ ਕੁਝ ਮਹੀਨਿਆਂ ਦੇ ਕਾਰਜਕਾਲ ਦੌਰਾਨ ਸਾਡੀ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੁੱਧ ਵੱਡੀ ਮੁਹਿੰਮ ਚਲਾਈ ਹੈ। ਅਸੀਂ ਭ੍ਰਿਸ਼ਟਾਚਾਰ ਨੂੰ ਖਤਮ ਕਰਾਂਗੇ। ਸਰਕਾਰ ਨੇ ਕਈ ਕ੍ਰਾਂਤੀਕਾਰੀ ਕਦਮ ਚੁੱਕੇ ਹਨ, ਜਿਨ੍ਹਾਂ ’ਤੇ ਸੰਗਰੂਰ ਦੇ ਲੋਕ ਇਕ ਵਾਰ ਫਿਰ ਆਪਣੀ ਮੋਹਰ ਲਾਉਣਗੇ। ਸੰਗਰੂਰ ਦੇ ਲੋਕਾਂ ਨੇ ਹਮੇਸ਼ਾ ਉਨ੍ਹਾਂ ਨੂੰ ਆਪਣਾ ਪਿਆਰ ਦਿਖਾਇਆ ਹੈ ਅਤੇ ਇਸ ਜ਼ਿਮਨੀ ਚੋਣ ਵਿਚ ਵੀ ਲੋਕਾਂ ਦਾ ਪਿਆਰ ਝਲਕੇਗਾ। ਲੋਕ ਸਭਾ ਹਲਕਾ ਸੰਗਰੂਰ ਦੇ ਵੋਟਰ ਲੋਕ ਸਭਾ ਸੰਗਰੂਰ ਦੀ ਜ਼ਿਮਨੀ ਚੋਣ ਵਿਚ ਵੀ ਆਮ ਆਦਮੀ ਪਾਰਟੀ ਨੂੰ ਉਸੇ ਤਰ੍ਹਾਂ ਦਾ ਹੀ ਹੁੰਗਾਰਾ ਦੇਣਗੇ, ਜਿਸ ਤਰ੍ਹਾਂ ਉਨ੍ਹਾਂ ਵਿਧਾਨ ਸਭਾ ਚੋਣਾਂ ਮੌਕੇ ਪਾਰਟੀ ਉਮੀਦਵਾਰਾਂ ਨੂੰ ਜਿਤਾ ਕੇ ਦਿੱਤਾ ਸੀ, ਇਹ ਗੱਲ ਆਮ ਆਦਮੀ ਪਾਰਟੀ ਦੇ ਲੋਕ ਸਭਾ ਸੰਗਰੂਰ ਤੋਂ ਜ਼ਿਮਨੀ ਚੋਣ ਲਈ ਐਲਾਨੇ ਉਮੀਦਵਾਰ ਗੁਰਮੇਲ ਸਿੰਘ ਦੇ ਹੱਕ ’ਚ ਪ੍ਰਚਾਰ ਕਰ ਰਹੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਗੱਲਬਾਤ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਹਨ।

ਆਮ ਆਦਮੀ ਪਾਰਟੀ ਹੋਰਨਾਂ ਸਿਆਸੀ ਪਾਰਟੀਆਂ ਵਾਂਗ ਧਨ ਕੁਬੇਰਾਂ ਨੂੰ ਟਿਕਟਾਂ ਨਾਲ ਨਹੀਂ ਨਿਵਾਜ਼ਦੀ ਸਗੋਂ ਆਮ ਸਾਧਾਰਨ ਪਰਿਵਾਰਾਂ ਦੇ ਇਮਾਨਦਾਰ, ਪੜ੍ਹੇ-ਲਿਖੇ ਅਤੇ ਸਮਾਜ ਪ੍ਰਤੀ ਸੁਹਿਰਦ ਨੌਜਵਾਨਾਂ ਨੂੰ ਸਿਆਸਤ ’ਚ ਉਤਾਰ ਰਹੀ ਤਾਂ ਜੋ ਪੰਜਾਬ ਦੇ ਸਿਆਸੀ ਸੱਭਿਆਚਾਰ ਨੂੰ ਨਵੀਂ ਸੇਧ ਦਿੱਤੀ ਜਾ ਸਕੇ। ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਮੋਗਾ ਵੱਲੋਂ ਭਵਾਨੀਗੜ੍ਹ ਸ਼ਹਿਰ ਦੀ ਕਪਿਲ ਕਲੋਨੀ, ਅਮਰ ਕਲੋਨੀ ਅਤੇ ਜੈਨ ਕਲੋਨੀ ਵਿੱਚ ‘ਆਪ’ ਦੇ ਲੋਕ ਸਭਾ ਉਮੀਦਵਾਰ ਗੁਰਮੇਲ ਸਿੰਘ ਦੇ ਹੱਕ ਵਿਚ ਚੋਣ ਰੈਲੀਆਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸਿਰਫ ਤਿੰਨ ਮਹੀਨਿਆਂ ਦੇ ਅੰਦਰ ਹੀ ਵੱਡੇ ਅਤੇ ਅਹਿਮ ਫੈਸਲੇ ਲਏ ਗਏ ਹਨ।

ਇਸ ਕਾਰਗੁਜ਼ਾਰੀ ਦੇ ਆਧਾਰ ’ਤੇ ਉਨ੍ਹਾਂ ਵੱਲੋਂ ਲੋਕਾਂ ਤੋਂ ਵੋਟਾਂ ਮੰਗੀਆਂ ਜਾ ਰਹੀਆਂ ਹਨ। ਲੋਕ ਇਕ ਵਾਰ ਫਿਰ ਸੰਗਰੂਰ ਸੀਟ ਆਪ ਦੀ ਝੋਲੀ ਪਾਉਣਗੇ। ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਲਈ ‘ਆਪ’ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਦੇ ਹੱਕ ਵਿਚ ਚੋਣ ਪ੍ਰਚਾਰ ਕਰਦਿਆਂ ਆਮ ਆਦਮੀ ਪਾਰਟੀ ਪੰਜਾਬ ਦੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਜ਼ਿਲਾ ਬਰਨਾਲਾ ਦੇ ਵੱਖ-ਵੱਖ ਥਾਵਾਂ ’ਤੇ ਜਾ ਕੇ ਲੋਕਾਂ ਨੂੰ ‘ਆਪ’ ਪਾਰਟੀ ਦੇ ਹੱਕ ਵਿੱਚ ਭੁਗਤਣ ਦੀ ਅਪੀਲ ਕੀਤੀ। ਵਿਧਾਇਕ ਅੰਮ੍ਰਿਤਪਾਲ ਨੇ ‘ਆਪ’ ਦੇ ਜ਼ਿਲਾ ਮੀਡੀਆ ਇੰਚਾਰਜ ਮੋਗਾ ਅਮਨ ਰਖਰਾ ਨਾਲ ਵੱਖ-ਵੱਖ ਥਾਵਾਂ ’ਤੇ ਜਾ ਕੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਜਿੱਥੇ ਲੀਹੋ ਲੱਥੇ ਪੰਜਾਬ ਨੂੰ ਮੁੜ ਲੀਹ ’ਤੇ ਲਿਆਉਣ ਲਈ ਦਿਨ-ਰਾਤ ਇਕ ਕਰ ਕੇ ਮਿਹਨਤ ਕੀਤੀ ਜਾ ਰਹੀ ਹੈ, ਉਥੇ ਬਰਨਾਲਾ ਹਲਕੇ ਦੇ ਵਿਕਾਸ ਲਈ ਵੱਡੇ ਪ੍ਰਾਜੈਕਟ ਉਲੀਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਨੇ ਆਮ ਘਰਾਂ ਦੇ ਨੌਜਵਾਨ ਲੜਕੇ-ਲੜਕੀਆਂ ਨੂੰ ਸਿਆਸਤ ਵਿਚ ਅੱਗੇ ਲਿਆ ਕੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ।

ਉਨ੍ਹਾਂ ਕਿਹਾ ਕਿ ‘ਆਪ’ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਜੋ ਇਕ ਪਿੰਡ ਦੇ ਸਰਪੰਚ ਹਨ, ਨੂੰ ਟਿਕਟ ਦੇ ਕੇ ਪਾਰਟੀ ਨੇ ਜਿੱਥੇ ਆਮ ਵਰਕਰਾਂ ਦੀ ਮਿਹਨਤ ਦੀ ਕਦਰ ਪਾਈ ਹੈ, ਉਥੇ ਲੋਕਾਂ ਨੂੰ ਲੋਕਾਂ ਦੇ ਹੀ ਆਗੂ ਦੇ ਕੇ ਅਹਿਮ ਮਿਸਾਲ ਪੈਦਾ ਕੀਤੀ ਹੈ। ਜ਼ਿਲਾ ਪ੍ਰਧਾਨ ਮੋਗਾ ਹਰਮਨਜੀਤ ਸਿੰਘ ਦਿਦਾਰੇਵਾਲਾ ਨੇ ਕਿਹਾ ਕਿ ਮੀਟਿੰਗਾਂ ਅਤੇ ਡੋਰ-ਟੂ-ਡੋਰ ਕੈਂਪੇਨ ਤੇਜ਼ ਕਰ ਦਿੱਤੀ ਗਈ ਹੈ? ਉਨ੍ਹਾਂ ਦੱਸਿਆ ਕਿ ਲੋਕ ਆਮ ਆਦਮੀ ਪਾਰਟੀ ਦੀ 3 ਮਹੀਨਿਆਂ ਦੀ ਕਾਰਗੁਜ਼ਾਰੀ ਤੋਂ ਖੁਸ਼ ਹਨ ਕਿਉਂਕਿ ਆਮ ਆਦਮੀ ਪਾਰਟੀ ਹਮੇਸ਼ਾ ਮਿਸ਼ਨ ’ਤੇ ਕੰਮ ਕਰਦੀ ਹੈ। ਦੂਜੀਆਂ ਪਾਰਟੀਆਂ ਨੇ ਹਮੇਸ਼ਾ ਕਮਿਸ਼ਨ ’ਤੇ ਕੰਮ ਕੀਤਾ ਹੈ, ਜਿਸ ਕਰ ਕੇ ਪੰਜਾਬ ਦੇ ਲੋਕਾਂ ਨੇ ਪਹਿਲਾਂ ਹੀ ਆਮ ਆਦਮੀ ਪਾਰਟੀ ਦਾ ਪੂਰਾ ਸਮਰਥਨ ਕੀਤਾ ਹੈ ਅਤੇ ਇਸ ਵਾਰ ਸੰਗਰੂਰ ਲੋਕ ਸਭਾ ਸੀਟ ਜਿੱਤਕੇ ਹੈਟ੍ਰਿਕ ਮਰੇਗੀ।


Gurminder Singh

Content Editor

Related News