ਬਸਪਾ ਦੀ ਸੀਨੀਅਰ ਲੀਡਰਸ਼ਿਪ ਦੇ ਅਸਤੀਫਿਆਂ ਦਾ ਦੌਰ ਜਾਰੀ, ਸੁਖਵਿੰਦਰ ਕੋਟਲੀ ਨੇ ਵੀ ਛੱਡਿਆ ਅਹੁਦਾ

12/31/2019 10:52:05 PM

ਜਲੰਧਰ,(ਮਹੇਸ਼)-ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੀਨੀਅਰ ਲੀਡਰਾਂ ਵਲੋਂ ਲਗਾਤਾਰ ਆਪਣੇ ਅਹੁਦਿਆਂ ਤੋਂ ਦਿੱਤੇ ਜਾ ਰਹੇ ਅਸਤੀਫੇ ਇਹ ਸਾਫ ਜ਼ਾਹਰ ਕਰ ਰਹੇ ਹਨ ਕਿ ਪਾਰਟੀ ਅੰਦਰ ਸਭ ਕੁਝ ਸਹੀ ਨਹੀਂ ਹੈ। ਪਹਿਲਾਂ ਸੰਗਰੂਰ ਲੋਕ ਸਭਾ ਹਲਕੇ ਦੇ ਨਾਲ ਸਬੰਧਤ ਡਾ. ਮੱਖਣ ਸਿੰਘ, ਮੁੱਖ ਜ਼ੋਨ ਇੰਚਾਰਜ ਚਮਕੌਰ ਸਿੰਘ ਵੀਰ, ਜ਼ੋਨ ਇੰਚਾਰਜ ਮੋਤੀ ਲਾਲ ਛਾਛੀਆ ਅਤੇ ਨੌਜਵਾਨ ਆਗੂ ਕੁਲਵੰਤ ਸਿੰਘ ਟਿੱਬਾ ਸਮੇਤ ਇਕ ਦਰਜਨ ਤੋਂ ਵੱਧ ਕੱਦਾਵਾਰ ਬਸਪਾ ਆਗੂਆਂ ਵਲੋਂ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਦਿੱਤੇ ਗਏ। ਹੁਣ ਦੁਆਬੇ ਦੇ ਕੱਦਾਵਾਰ ਅਤੇ ਚਰਚਿਤ ਦਲਿਤ ਆਗੂ ਸੁਖਵਿੰਦਰ ਕੋਟਲੀ ਨੇ ਵੀ ਅੱਜ ਸੂਬੇ ਦੇ ਸਕੱਤਰ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ, ਜੋ ਕਿ ਸੂਬਾ ਪ੍ਰਧਾਨ ਨੂੰ ਲਿਖਤੀ ਰੂਪ 'ਚ ਭੇਜ ਵੀ ਦਿੱਤਾ ਗਿਆ ਹੈ। ਦਲਿਤ ਮੁੱਦਿਆਂ 'ਤੇ ਹਮੇਸ਼ਾ ਸੰਘਰਸ਼ਸ਼ੀਲ ਰਹਿਣ ਵਾਲੇ ਸੁਖਵਿੰਦਰ ਕੋਟਲੀ ਪੰਜਵੀਂ ਵਾਰ ਆਪਣੇ ਪਿੰਡ ਕੋਟਲੀ ਥਾਨ ਸਿੰਘ ਦੇ ਸਰਪੰਚ ਚੱਲ ਰਹੇ ਹਨ ਅਤੇ 2012 'ਚ ਆਦਮਪੁਰ ਵਿਧਾਨ ਸਭਾ ਅਤੇ ਸਾਲ 2014 ਵਿਚ ਲੋਕ ਸਭਾ ਜਲੰਧਰ ਤੋਂ ਚੋਣ ਲੜੇ ਚੁੱਕੇ ਹਨ, ਜਦਕਿ 9 ਸਾਲ ਬਸਪਾ ਦੇ ਸਟੇਟ ਮੀਡੀਆ ਇੰਚਾਰਜ ਅਤੇ 11 ਸਾਲ ਸੂਬਾ ਜਨਰਲ ਸਕੱਤਰ ਵੀ ਰਹੇ ਹਨ। ਕੋਟਲੀ ਨੇ ਜਾਰੀ ਕੀਤੇ ਗਏ ਬਿਆਨ 'ਚ ਕਿਹਾ ਕਿ ਬਸਪਾ ਪੰਜਾਬ ਦੀ ਲੀਡਰਸ਼ਿਪ ਦੇ ਤਾਨਾਸ਼ਾਹੀ ਰਵੱਈਏ ਅਤੇ ਪਾਰਟੀ ਅੰਦਰ ਮਿਸ਼ਨਰੀ ਵਰਕਰਾਂ ਨੂੰ ਜ਼ਲੀਲ ਕਰ ਕੇ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਲਈ ਨਵੇਕਲਾ ਢੰਗ ਵਰਤਿਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਮਿਹਨਤੀ ਵਰਕਰਾਂ ਨੂੰ ਪਾਰਟੀ 'ਚੋਂ ਬਾਹਰ ਕੱਢ ਕੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਮਿਸ਼ਨ ਨੂੰ ਸਾਜ਼ਿਸ਼ ਤਹਿਤ ਪਿੱਛੇ ਧੱਕਿਆ ਜਾ ਰਿਹਾ ਹੈ। ਇਸ ਲਈ ਉਹ ਅਜਿਹੇ ਹਾਲਾਤ 'ਚ ਪਾਰਟੀ ਅਹੁਦੇ 'ਤੇ ਰਹਿ ਕੇ ਪੰਜਾਬ ਲੀਡਰਸ਼ਿਪ ਦੀ ਚਾਪਲੂਸੀ ਨਹੀਂ ਕਰ ਸਕਦੇ। ਸੁਖਵਿੰਦਰ ਕੋਟਲੀ ਨੇ ਕਿਹਾ ਕਿ ਉਹ ਬਸਪਾ ਦੇ ਇਕ ਵਰਕਰ ਵਜੋਂ ਪਾਰਟੀ ਦੇ ਅੰਦਰ ਕੰਮ ਕਰਦਿਆਂ ਸਾਹਿਬ ਸ਼੍ਰੀ ਕਾਂਸ਼ੀ ਰਾਮ ਦੇ ਮਿਸ਼ਨ ਲਈ ਜ਼ਿੰਦਗੀ ਭਰ ਸੰਘਰਸ਼ਸ਼ੀਲ ਰਹਿਣਗੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਹੋਰ ਸੀਨੀਅਰ ਬਸਪਾ ਆਗੂ ਵੀ ਆਪਣੇ ਅਹੁਦਿਆਂ ਤੋਂ ਅਸਤੀਫੇ ਦੇਣ ਜਾ ਰਹੇ ਹਨ। ਉਨ੍ਹਾਂ ਨੇ ਬਹੁਤ ਹੀ ਭਰੇ ਮਨ ਨਾਲ ਕਿਹਾ ਕਿ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਜਿਸ ਮਿਸ਼ਨ ਲਈ ਉਨ੍ਹਾਂ ਆਪਣੀ ਪੂਰੀ ਜ਼ਿੰਦਗੀ ਲਾ ਦਿੱਤੀ, ਕਦੇ ਉਸ ਪਾਰਟੀ ਦੀ ਲੀਡਰਸ਼ਿਪ ਉਨ੍ਹਾਂ ਨੂੰ ਇੰਨਾ ਜ਼ਲੀਲ ਕਰੇਗੀ।

ਕੀ ਕਿਹਾ ਸੂਬਾ ਪ੍ਰਧਾਨ ਗੜ੍ਹੀ ਨੇ
ਬਸਪਾ ਪੰਜਾਬ ਦੇ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਨੇ ਕੋਟਲੀ ਦੇ ਅਸਤੀਫਾ ਦੇਣ 'ਤੇ ਕਿਹਾ ਹੈ ਕਿ ਪਾਰਟੀ ਵਲੋਂ ਉਨ੍ਹਾਂ ਨੂੰ ਇੰਨਾ ਮਾਣ-ਸਨਮਾਨ ਦਿੱਤੇ ਜਾਣ ਦੇ ਬਾਵਜੂਦ ਵੀ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਕਿਉਂ ਦਿੱਤਾ ਹੈ, ਉਨ੍ਹਾਂ ਦੀ ਸਮਝ ਤੋਂ ਬਾਹਰ ਹੈ। ਗੜ੍ਹੀ ਨੇ ਕਿਹਾ ਕਿ ਸੁਖਵਿੰਦਰ ਕੋਟਲੀ ਆਦਮਪੁਰ ਹਲਕੇ ਦੇ ਇੰਚਾਰਜ, ਸੂਬੇ ਦੇ ਸਕੱਤਰ ਸਨ ਅਤੇ ਇਸ ਦੇ ਨਾਲ ਹਾਇਰ ਅਥਾਰਟੀ ਨਾਲ ਪਾਰਟੀ ਮੁੱਦਿਆਂ ਸਬੰਧੀ ਗੱਲ ਕਰਨ ਦੇ ਸਾਰੇ ਅਧਿਕਾਰ ਵੀ ਉਨ੍ਹਾਂ ਨੂੰ ਸੌਂਪੇ ਗਏ। ਉਨ੍ਹਾਂ ਦੇ ਆਦਮਪੁਰ ਹਲਕੇ ਨੂੰ ਪਾਰਟੀ 'ਚ ਬਹੁਤ ਹੀ ਅਹਿਮ ਮੰਨਿਆ ਜਾਂਦਾ ਹੈ ਕਿਉਂਕਿ ਲੋਕ ਸਭਾ ਚੋਣਾਂ ਵਿਚ ਵੀ ਪਾਰਟੀ ਨੇ ਇਥੋਂ 10 ਹਜ਼ਾਰ ਵੋਟਾਂ ਦੀ ਲੀਡ ਹਾਸਲ ਕੀਤੀ ਸੀ। ਅਜਿਹੇ ਵਿਚ ਉਨ੍ਹਾਂ ਨੂੰ ਪਾਰਟੀ ਤੋਂ ਅਸਤੀਫਾ ਨਹੀਂ ਦੇਣਾ ਚਾਹੀਦਾ ਸੀ।


Related News