ਪੰਜਾਬ ''ਚ ਮੀਂਹ ''ਤੇ ਬਰੇਕ! ਗਰਮੀ ਤੇ ਹੁੰਮਸ ਨੇ ਕੱਢੇ ਵੱਟ, ਪੜ੍ਹੋ ਵੱਖ-ਵੱਖ ਜ਼ਿਲ੍ਹਿਆਂ ਦੀ ਤਾਜ਼ਾ ਭਵਿੱਖਬਾਣੀ
Tuesday, Aug 25, 2026 - 10:12 AM (IST)
ਚੰਡੀਗੜ੍ਹ (ਅੰਕੁਰ) : ਪੰਜਾਬ ’ਚ ਮਾਨਸੂਨ ਦੀ ਰਫ਼ਤਾਰ ਹੁਣ ਮੱਠੀ ਪੈਂਦੀ ਨਜ਼ਰ ਆ ਰਹੀ ਹੈ। ਮੀਂਹ ਦੀ ਗਤੀ ਘੱਟਣ ਦੇ ਨਾਲ ਹੀ ਸੂਬੇ ਦੇ ਕਈ ਹਿੱਸਿਆਂ ’ਚ ਤਾਪਮਾਨ ’ਚ ਵਾਧਾ ਦਰਜ ਕੀਤਾ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਗਰਮੀ ਦੇ ਨਾਲ-ਨਾਲ ਹੁੰਮਸ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਸੋਮਵਾਰ ਨੂੰ ਪੰਜਾਬ ਦੇ ਔਸਤ ਵੱਧ ਤੋਂ ਵੱਧ ਤਾਪਮਾਨ ’ਚ ਐਤਵਾਰ ਦੇ ਮੁਕਾਬਲੇ 0.9 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ। ਹਾਲਾਂਕਿ ਸੂਬੇ ਦਾ ਔਸਤ ਤਾਪਮਾਨ ਅਜੇ ਵੀ ਆਮ ਦੇ ਨੇੜੇ ਬਣਿਆ ਹੋਇਆ ਹੈ। ਮੌਸਮ ਵਿਭਾਗ ਮੁਤਾਬਕ ਮੰਗਲਵਾਰ ਨੂੰ ਪੰਜਾਬ ’ਚ ਮੌਸਮ ਮਿਲਿਆ-ਜੁਲਿਆ ਰਹਿਣ ਦੀ ਸੰਭਾਵਨਾ ਹੈ। ਸੂਬੇ ਦੇ ਕੁੱਝ ਉੱਤਰੀ ਤੇ ਪੂਰਬੀ ਹਿੱਸਿਆਂ ’ਚ ਹਲਕਾ ਮੀਂਹ ਪੈ ਸਕਦਾ ਹੈ। ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਮੋਹਾਲੀ, ਫ਼ਤਿਹਗੜ੍ਹ ਸਾਹਿਬ ਅਤੇ ਪਟਿਆਲਾ ’ਚ ਕੁਝ ਥਾਵਾਂ ’ਤੇ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ।
ਇਹ ਵੀ ਪੜ੍ਹੋ : 1 ਤੋਂ 7 ਸਤੰਬਰ ਲਈ ਹੋਇਆ ਵੱਡਾ ਐਲਾਨ, ਪ੍ਰਸ਼ਾਸਨ ਨੇ ਦਿੱਤੀ ਮਨਜ਼ੂਰੀ, ਏਅਰਪੋਰਟ ਰੋਡ ਨੇੜੇ ਕਿਸਾਨ...
ਇਨ੍ਹਾਂ ਜ਼ਿਲ੍ਹਿਆਂ ’ਚ 25 ਫ਼ੀਸਦੀ ਜਾਂ ਇਸ ਤੋਂ ਘੱਟ ਖੇਤਰ ’ਚ ਮੀਂਹ ਪੈਣ ਦੀ ਸੰਭਾਵਨਾ ਹੈ। ਦੂਜੇ ਪਾਸੇ ਤਰਨਤਾਰਨ, ਕਪੂਰਥਲਾ, ਜਲੰਧਰ, ਫ਼ਿਰੋਜ਼ਪੁਰ, ਮੋਗਾ, ਲੁਧਿਆਣਾ, ਫ਼ਰੀਦਕੋਟ, ਫ਼ਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਬਰਨਾਲਾ, ਸੰਗਰੂਰ ਤੇ ਮਾਨਸਾ ਸਮੇਤ ਪੰਜਾਬ ਦੇ ਜ਼ਿਆਦਾਤਰ ਕੇਂਦਰੀ ਤੇ ਦੱਖਣ-ਪੱਛਮੀ ਜ਼ਿਲ੍ਹਿਆਂ ’ਚ ਮੌਸਮ ਖ਼ੁਸ਼ਕ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਸੋਮਵਾਰ ਨੂੰ ਫ਼ਿਰੋਜ਼ਪੁਰ ਸੂਬੇ ਦਾ ਸਭ ਤੋਂ ਗਰਮ ਜ਼ਿਲ੍ਹਾ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ 37.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪਟਿਆਲਾ ’ਚ 36.3 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਹੋਇਆ। ਇੱਥੇ ਤਾਪਮਾਨ ਆਮ ਨਾਲੋਂ ਕਰੀਬ ਤਿੰਨ ਡਿਗਰੀ ਸੈਲਸੀਅਸ ਵੱਧ ਰਿਹਾ। ਮੌਸਮ ਵਿਭਾਗ ਅਨੁਸਾਰ ਇਸ ਸਮੇਂ ਪੰਜਾਬ ’ਚ ਤਾਪਮਾਨ ਆਮ ਦੇ ਕਰੀਬ ਬਣਿਆ ਹੋਇਆ ਹੈ ਪਰ ਮੀਂਹ ਦੀ ਕਮੀ ਤੇ ਵੱਧਦੀ ਨਮੀ ਕਾਰਨ ਹੁੰਮਸ ਲੋਕਾਂ ਦੀਆਂ ਮੁਸ਼ਕਲਾਂ ਵਧਾ ਰਹੀ ਹੈ।
ਇਹ ਵੀ ਪੜ੍ਹੋ : ਅਧਿਆਪਕਾਂ ਦੇ ਡੀ. ਏ. ਨੂੰ ਲੈ ਕੇ ਵੱਡੀ ਰਾਹਤ, 9 ਸਾਲਾਂ ਬਾਅਦ ਪ੍ਰਸ਼ਾਸਨ ਨੇ ਲਿਆ ਵੱਡਾ ਫ਼ੈਸਲਾ
ਸੋਮਵਾਰ ਨੂੰ ਅੰਮ੍ਰਿਤਸਰ ’ਚ 34.8 ਡਿਗਰੀ, ਲੁਧਿਆਣਾ ’ਚ 34.4 ਡਿਗਰੀ, ਮੋਹਾਲੀ ’ਚ 35.2 ਡਿਗਰੀ, ਸ੍ਰੀ ਮੁਕਤਸਰ ਸਾਹਿਬ ’ਚ 35.3 ਡਿਗਰੀ, ਜਲੰਧਰ ’ਚ 34.0 ਡਿਗਰੀ ਤੇ ਹੁਸ਼ਿਆਰਪੁਰ ’ਚ ਵੀ 34.0 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਇਸੇ ਤਰ੍ਹਾਂ ਗੁਰਦਾਸਪੁਰ ’ਚ 33.1 ਡਿਗਰੀ ਤੇ ਪਠਾਨਕੋਟ ’ਚ 34.1 ਡਿਗਰੀ ਸੈਲਸੀਅਸ ਤਾਪਮਾਨ ਰਿਹਾ। ਥੀਨ ਡੈਮ ’ਚ ਸੂਬੇ ਦਾ ਸਭ ਤੋਂ ਘੱਟ 31.9 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਮਾਨਸੂਨ ਦੀ ਸਰਗਰਮੀ ਘਟਣ ਤੇ ਤਾਪਮਾਨ ਵਧਣ ਕਾਰਨ ਆਉਣ ਵਾਲੇ ਦਿਨਾਂ ’ਚ ਹੁੰਮਸ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣ ਸਕਦੀ ਹੈ। ਫ਼ਿਲਹਾਲ ਸੂਬੇ ਦੇ ਕੁਝ ਹਿੱਸਿਆਂ ’ਚ ਹੀ ਹਲਕੇ ਮੀਂਹ ਦੀ ਉਮੀਦ ਹੈ ਜਦਕਿ ਜ਼ਿਆਦਾਤਰ ਇਲਾਕਿਆਂ ’ਚ ਮੌਸਮ ਖ਼ੁਸ਼ਕ ਰਹਿਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
