ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਮੋਤੀ ਮਹਿਲ ਜਾ ਕੇ ਦਿੱਤੀ ਪ੍ਰਨੀਤ ਕੌਰ ਨੂੰ ਵਧਾਈ
Friday, May 24, 2019 - 09:36 AM (IST)

ਪਟਿਆਲਾ (ਰਾਜੇਸ਼)—ਪਟਿਆਲਾ ਲੋਕ ਸਭਾ ਸੀਟ ਤੋਂ ਮਹਾਰਾਣੀ ਪ੍ਰਨੀਤ ਕੌਰ ਦੀ ਜਿੱਤ ਵਿਚ ਅਹਿਮ ਭੂਮਿਕਾ ਅਦਾ ਕਰਨ ਵਾਲੇ ਪੰਜਾਬ ਦੇ ਸੀਨੀਅਰ ਕੈਬਨਿਟ ਵਜ਼ੀਰ ਬ੍ਰਹਮ ਮਹਿੰਦਰਾ ਨੇ ਮੋਤੀ ਮਹਿਲ ਪਹੁੰਚ ਕੇ ਮਹਾਰਾਣੀ ਪ੍ਰਨੀਤ ਕੌਰ ਨੂੰ ਫੁੱਲਾਂ ਦਾ ਬੁੱਕਾ ਭੇਟ ਕਰ ਕੇ ਵਧਾਈ ਦਿੱਤੀ। ਉਨ੍ਹਾਂ ਨਾਲ ਪੰਜਾਬ ਕਾਂਗਰਸ ਦੇ ਸਕੱਤਰ ਸੰਤ ਬਾਂਗਾ, ਨਗਰ ਨਿਗਮ ਦੀ ਐੈੱਫ. ਐਂਡ. ਸੀ. ਸੀ. ਦੇ ਮੈਂਬਰ ਅਨਿਲ ਮੌਦਗਿਲ ਅਤੇ ਯੂਥ ਆਗੂ ਸੰਨੀ ਬਾਂਗਾ ਹਾਜ਼ਰ ਸਨ।
ਇਸ ਮੌਕੇ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਕਾਂਗਰਸ ਪਾਰਟੀ ਨੂੰ ਲਾ-ਮਿਸਾਲ ਜਿੱਤ ਦਿਵਾਈ ਹੈ। ਕੈ. ਅਮਰਿੰਦਰ ਸਿੰਘ ਅਤੇ ਮਹਾਰਾਣੀ ਪ੍ਰਨੀਤ ਕੌਰ ਨੂੰ ਲੋਕਾਂ ਨੇ ਆਪਣੀਆਂ ਪਲਕਾਂ 'ਤੇ ਬਿਠਾਇਆ ਹੈ। ਉਨ੍ਹਾਂ ਸਮੂਹ ਪਟਿਆਲਵੀਆਂ ਅਤੇ ਕਾਂਗਰਸੀ ਵਰਕਰਾਂ ਨੂੰ ਜਿੱਤ ਦਾ ਸਿਹਰਾ ਦਿੰਦਿਆਂ ਕਿਹਾ ਕਿ ਵਰਕਰਾਂ ਨੇ ਦਿਨ-ਰਾਤ ਇਕ ਕਰ ਕੇ ਕਾਂਗਰਸ ਪਾਰਟੀ ਦੀ ਸ਼ਾਨਦਾਰ ਜਿੱਤ ਵਿਚ ਅਹਿਮ ਰੋਲ ਅਦਾ ਕੀਤਾ ਹੈ। ਪ੍ਰਨੀਤ ਕੌਰ ਨੇ ਪਟਿਆਲਾ ਦਿਹਾਤੀ ਹਲਕੇ ਤੋਂ ਵੱਡੀ ਲੀਡ ਆਉਣ 'ਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੇ ਪੂਰੀ ਇਕਜੁੱਟਤਾ ਨਾਲ ਚੋਣ ਲੜੀ। ਇਸ ਕਾਰਨ ਕਾਂਗਰਸ ਪਾਰਟੀ ਨੂੰ ਇਤਿਹਾਸਕ ਜਿੱਤ ਪ੍ਰਾਪਤ ਹੋਈ। ਉਨ੍ਹਾਂ ਕਿਹਾ ਕਿ ਜਿੱਤ ਦਾ ਇਹ ਸਿਲਸਿਲਾ ਜਾਰੀ ਰਹੇਗਾ। 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਫਿਰ ਤੋਂ ਪੰਜਾਬ ਵਿਚ ਸਰਕਾਰ ਬਣਾਏਗੀ।