ਗੈਸ-ਸਿਲੰਡਰ ਵਾਲੇ ਖ਼ਪਤਕਾਰਾਂ ਲਈ ਅਹਿਮ ਖ਼ਬਰ! ਇੰਝ ਹੋ ਰਹੀ ਕਾਲਾਬਾਜ਼ਾਰੀ, ਰਹੋ ਸਾਵਧਾਨ
Friday, Feb 27, 2026 - 05:45 PM (IST)
ਨੂਰਪੁਰਬੇਦੀ (ਸੰਜੀਵ ਭੰਡਾਰੀ)–ਨੂਰਪੁਰਬੇਦੀ ਇਲਾਕੇ ’ਚ ਕੁਝ ਦਿਨ ਪਹਿਲਾਂ ਘਰੇਲੂ ਗੈਸ ਦੀ ਸਲਪਾਈ ਦੀ ਕਮੀ ਦਾ ਮਾਮਲਾ ਭਾਵੇਂ ਕਾਫ਼ੀ ਸੁਰਖੀਆਂ ’ਚ ਰਿਹਾ ਸੀ ਪਰ ਜਿਵੇਂ ਹੀ ਗੈਸ ਦੀ ਸਪਲਾਈ ਮੁੜ ਸੁਚਾਰੂ ਹੋਣ ਲੱਗੀ ਤਾਂ ਏਜੰਸੀ ਦੇ ਕਰਿੰਦਿਆਂ ਵੱਲੋਂ ਹੀ ਕਾਲਾਬਾਜ਼ਾਰੀ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ। ਅਜਿਹਾ ਹੀ ਖ਼ੁਲਾਸਾ ਸ਼ਹਿਰ ਦੇ ਨੌਜਵਾਨ ਕਾਰੋਬਾਰੀ ਵੱਲੋਂ ਸਥਾਨਕ ਇਕ ਗੈਸ ਏਜੰਸੀ ਦੇ ਕਰਿੰਦੇ ਨਾਲ ਹੋਈ ਗੱਲਬਾਤ ਦੀ ਵੀਡੀਓ ਵਾਇਰਲ ਹੋਣ ’ਤੇ ਹੋਈ। ਜਿਸ ਵਿਚ ਉਕਤ ਏਜੰਸੀ ਦਾ ਗੈਸ ਸਪਲਾਈ ਕਰ ਰਿਹਾ ਕਰਿੰਦਾ ਉਪਭੋਗਤਾ ਨੂੰ ਵਾਧੂ ਮੁੱਲ ਅਦਾ ਕਰਕੇ ਜਿੰਨੇ ਮਰਜ਼ੀ ਸਿਲੰਡਰ ਲੈਣ ਦੀ ਗੱਲ ਆਖ ਰਿਹਾ ਹੈ।
ਇਸ ਸਬੰਧੀ ਨੌਜਵਾਨ ਮੋਹਿਤ ਸ਼ਰਮਾ ਨੇ ਉਸ ਦੀ ਗੈਸ ਏਜੰਸੀ ਦੇ ਕਰਿੰਦੇ ਨਾਲ ਹੋਈ ਗੱਲਬਾਤ ਦੀ ਵੀਡੀਓ ਵਿਖਾਉਂਦੇ ਹੋਏ ਮੀਡੀਆ ਨੂੰ ਜਾਣਕਾਰੀ ਦਿੰਦੇ ਦੋਸ਼ ਲਗਾਇਆ ਕਿ ਵਾਧੂ ਰੇਟ ਵਸੂਲ ਕਰਕੇ ਉਪਭੋਗਤਾਵਾਂ ਦੀ ਸ਼ਰੇਆਮ ਲੁੱਟ ਕੀਤੀ ਜਾ ਰਹੀ ਹੈ, ਜਿਸ ਕਰਕੇ ਅਜੇ ਵੀ ਕਈ ਜ਼ਰੂਰਤਮੰਦਾਂ ਨੂੰ ਗੈਸ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ੲੈ।
ਨੌਜਵਾਨ ਨੇ ਦੱਸਿਆ ਕਿ ਜਦੋਂ ਬੀਤੇ ਦਿਨ ਉਸ ਨੇ ਨੂਰਪੁਰਬੇਦੀ ’ਚ ਸਿਲੰਡਰ ਵੰਡ ਰਹੀ ਗੈਸ ਏਜੰਸੀ ਦੀ ਗੱਡੀ ਨੂੰ ਰੋਕ ਕੇ ਕਰਿੰਦੇ ਕੋਲੋਂ ਰੇਟ ਬਾਰੇ ਪੁੱਛਿਆ ਤਾਂ ਪਹਿਲਾਂ ਉਸ ਨੇ 2000 ਰੁਪਏ ’ਚ ਸਿਲੰਡਰ ਦੇਣ ਦੀ ਗੱਲ ਕਹੀ। ਉਪਰੰਤ ਬਿਨਾਂ ਕਾਪੀ ਤੋਂ 950 ਰੁਪਏ ਅਤੇ ਕੁਨੈਕਸ਼ਨ ਦੀ ਕਾਪੀ ਹੋਣ ’ਤੇ 900 ਰੁਪਏ ’ਚ ਸਿਲੰਡਰ ਦੇਣ ਲਈ ਸਹਿਮਤੀ ਦਿੱਤੀ। ਨੌਜਵਾਨ ਨੇ ਉਕਤ ਸਮੁੱਚੀ ਗੱਲਬਾਤ ਨੂੰ ਮੋਬਾਇਲ ਕੈਮਰੇ ’ਚ ਰਿਕਾਰਡ ਕਰ ਲਿਆ। ਇਸ ਦੌਰਾਨ ਵੀਡੀਓ ਬਣਾਉਣ ’ਤੇ ਕਰਿੰਦਿਆਂ ਦੀ ਨੌਜਵਾਨ ਮੋਹਿਤ ਸ਼ਰਮਾ ਨਾਲ ਕਾਫ਼ੀ ਤਕਰਾਰ ਅਤੇ ਬਹਿਸਬਾਜ਼ੀ ਵੀ ਹੋਈ ਉਪਰੰਤ ਕੁਝ ਦੇਰ ਲਈ ਹਾਲਾਤ ਗੰਭੀਰ ਬਣਨ ’ਤੇ ਮਾਮਲਾ ਸ਼ਾਂਤ ਹੋ ਗਿਆ। ਇਹ ਸਮੁੱਚਾ ਮਾਮਲਾ ਸ਼ੋਸ਼ਲ ਮੀਡੀਆ ’ਤੇ ਵੀ ਵਾਇਰਲ ਹੈ।
ਮੋਹਿਤ ਸ਼ਰਮਾ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਦੀ ਅੰਨੀ ਲੁੱਟ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਏਜੰਸੀ ਪ੍ਰਬੰਧਕਾਂ ਨੇ ਕਰਿੰਦਿਆਂ ਦੀ ਮਨਮਾਨੀ ਨਾ ਰੋਕੀ ਅਤੇ ਉਪਭੋਗਤਾਵਾਂ ਦੇ ਅਧਿਕਾਰਾਂ ਨੂੰ ਨਜ਼ਰਅੰਦਾਜ਼ ਕਰਕੇ ਉਨ੍ਹਾਂ ਦੀ ਲੁੱਟ ਜਾਰੀ ਰੱਖੀ ਗਈ ਤਾਂ ਉਹ ਹੋਰਨਾਂ ਖ਼ਪਤਕਾਰਾਂ ਨੂੰ ਨਾਲ ਲੈ ਕੇ ਉਕਤ ਗੈਸ ਏਜੰਸੀ ਮੂਹਰੇ ਧਰਨਾ ਲਗਾਉਣਗੇ।
ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ 'ਚ ਵਧਦੇ ਤਾਪਮਾਨ ਦੌਰਾਨ ਕਿਸਾਨਾਂ ਲਈ ਖੜ੍ਹੀ ਹੋਵੇਗੀ ਵੱਡੀ ਮੁਸੀਬਤ! ਐਡਵਾਈਜ਼ਰੀ ਜਾਰੀ
ਕੁਝ ਪ੍ਰਾਈਵੇਟ ਵਿਅਕਤੀ ਵੀ ਗੈਸ ਦੀ ਕਾਲਾਬਾਜ਼ਾਰੀ ਦੇ ਧੰਦੇ ’ਚ ਸ਼ਾਮਲ
ਇਹ ਵੀ ਜ਼ਿਕਰਯੋਗ ਹੈ ਕਿ ਨੂਰਪੁਰਬੇਦੀ ’ਚ ਕੁਝ ਪ੍ਰਾਈਵੇਟ ਵਿਅਕਤੀ ਵੀ ਗੈਸ ਏਜੰਸੀਆਂ ਤੋਂ ਸਿਲੰਡਰ ਹਾਸਲ ਕਰਕੇ ਜੁਗਾੜੂ ਰੇਹੜੀਆਂ ਜਾਂ ਹੋਰ ਵਾਹਨਾਂ ’ਤੇ ਲੱਦ ਕੇ ਵੱਖ-ਵੱਖ ਥਾਵਾਂ ’ਤੇ ਮਹਿੰਗੇ ਰੇਟ ’ਤੇ ਵੇਚ ਰਹੇ ਹਨ। ਜਦਕਿ ਇਨ੍ਹਾਂ ਦਿਨਾਂ ’ਚ ਗੈਸ ਦੀ ਭਾਰੀ ਕਮੀ ਕਾਰਨ ਆਮ ਲੋਕ ਮਜਬੂਰੀਬਸ ਵੱਧ ਕੀਮਤ ਅਦਾ ਕਰਕੇ ਸਿਲੰਡਰ ਖਰੀਦ ਰਹੇ ਹਨ। ਇਹ ਸਮੁੱਚਾ ਗੈਰਕਾਨੂੰਨੀ ਧੰਦਾ ਪ੍ਰਸ਼ਾਸਨ ਦੀ ਨਿਗਰਾਨੀ ’ਤੇ ਵੀ ਸਵਾਲ ਖੜ੍ਹੇ ਕਰਦਾ ਹੈ।
ਵਿਆਹ ਸਮਾਗਮਾਂ ਅਤੇ ਵਪਾਰਕ ਸਥਾਨਾਂ ’ਤੇ ਆਮ ਵਰਤੇ ਜਾਂਦੇ ਹਨ ਘਰੇਲੂ ਗੈਸ ਸਿਸਲੰਡਰ
ਇਹ ਜਗ ਜ਼ਾਹਰ ਹੈ ਕਿ ਵਿਆਹ ਸਮਾਗਮਾਂ ਅਤੇ ਵਪਾਰਕ ਸਥਾਨਾਂ ’ਤੇ ਘਰੇਲੂ ਗੈਸ ਦੀ ਬਿਨ੍ਹਾਂ ਰੋਕ ਟੋਕ ਤੋਂ ਵਰਤੋਂ ਹੋ ਰਹੀ ਹੈ। ਪ੍ਰਸ਼ਾਸਨ ਜਾਂ ਆਮ ਲੋਕਾਂ ਦੀ ਅੱਖਾਂ ’ਚ ਘੱਟਾ ਪਾਉਣ ਲਈ ਇਕ ਜਾਂ 2 ਵਪਾਰਕ ਇਸਤੇਮਾਲ ਵਾਲੇ ਮਹਿੰਗੇ ਸਿਲੰਡਰ ਵਿਖਾਉਣ ਲਈ ਰੱਖ ਲਏ ਜਾਂਦੇ ਹਨ, ਜਿਸ ਦੀ ਆੜ ’ਚ ਘਰੇਲੂ ਗੈਸ ਸਿਲੰਡਰਾਂ ਦੀ ਖੁੱਲ੍ਹ ਕੇ ਵਰਤੋਂ ਕੀਤੀ ਜਾਂਦੀ ਹੈ। ਜੋਕਿ ਗੈਸ ਦੀ ਕਿੱਲਤ ਪੈਦਾ ਹੋਣ ਦਾ ਸਭ ਤੋਂ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ ਦੇ ਲੋਕਾਂ 'ਤੇ ਮੰਡਰਾ ਰਿਹੈ ਖ਼ਤਰਾ! ਦੋ ਮਹੀਨਿਆਂ 'ਚ ਸਾਹਮਣੇ ਆਏ 530 ਤੋਂ ਵੱਧ ਮਾਮਲੇ
ਵਿਭਾਗ ਕੁੰਭਕਰਨੀ ਨੀਂਦ ਸੁੱਤਾ, ਤੈਅ ਰੇਟ ਤੋਂ ਵੱਧ ਵਸੂਲੇ ਜਾ ਰਹੇ ਨੇ ਪੈਸੇ : ਖ਼ਪਤਕਾਰ
ਇਸ ਸਬੰਧੀ ਮੀਡੀਆ ਵੱਲੋਂ ਜਦੋਂ ਇਕ ਹੋਰ ਗੈਸ ਏਜੰਸੀ ਦੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਗਈ ਤਾ ਪਤਾ ਚੱਲਿਆ ਕਿ ਅਗਰ ਖਪਤਕਾਰ ਨੇ ਗੌਦਾਮ ਤੋਂ ਸਿਲੰਡਰ ਲੈਣਾ ਹੈ ਤਾਂ ਉਸ ਪਾਸੋਂ 872 ਰੁਪਏ ਜਦਕਿ ਅਗਰ ਖਪਤਕਾਰ ਵੱਲੋਂ ਆਪਣੇ ਘਰ ਵਿਖੇ ਸਿਲੰਡਰ ਹਾਸਿਲ ਕਰਨ ’ਤੇ 880 ਰੁਪਏ ਦੀ ਰਕਮ ਵਸੂਲ ਕੀਤੀ ਜਾਂਦੀ ਹੈ। ਮਗਰ ਇਸ ਦੇ ਬਾਵਜੂਦ ਖਪਤਕਕਾਰਾਂ ਅਨੁਸਾਰ ਉਨ੍ਹਾਂ ਪਾਸੋਂ ਤੈਅ ਰੇਟ ਤੋਂ ਵੱਧ 890 ਤੋਂ 900 ਰੁਪਏ ਤੱਕ ਸਿਲੰਡਰ ਡਿਲੀਵਰੀ ਲਈ ਆਮ ਰੂਪ ’ਚ ਚਾਰਜ ਕੀਤੇ ਜਾ ਰਹੇ ਹਨ। ਅਜਿਹੇ ’ਚ ਖਪਤਕਾਰਾਂ ਨੇ ਸਵਾਲ ਕੀਤਾ ਕਿ ਸਬੰਧਿਤ ਵਿਭਾਗ ਨੂੰ ਇਹ ਸਭ ਨਹੀਂ ਦਿਖ ਰਿਹਾ ਹੈ। ਕੀ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ ਜੋ ਲੋਕਾਂ ਵੱਲੋਂ ਸ਼ੋਰ ਮਚਾਉਣ ’ਤੇ ਹੀ ਜਾਗਦਾ ਹੈ
ਮੈਨੂੰ ਇਸ ਦੀ ਜਾਣਕਾਰੀ ਨਹੀਂ ਕਿ ਕਰਿੰਦੇ ਬਾਹਰ ਕੀ ਕਰਦੇ ਹਨ : ਏਜੰਸੀ ਮਾਲਕ
ਜਦੋਂ ਇਸ ਸਬੰਧੀ ਉਕਤ ਏਜੰਸੀ ਦੇ ਮਾਲਕ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਕਿ ਕਰਿੰਦੇ ਬਾਹਰ ਕੀ ਕਰਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਕੋਈ ਕਰਿੰਦਾ ਵੱਧ ਪੈਸੇ ਵਸੂਲਦਾ ਹੈ ਤਾਂ ਲੋਕ ਉਸ ਦੇ ਖ਼ਿਲਾਫ਼ ਆਪਣੇ ਪੱਧਰ ’ਤੇ ਕਾਰਵਾਈ ਕਰ ਸਕਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਇਲਾਕੇ ’ਚ ਕੁਝ ਪ੍ਰਾਈਵੇਟ ਵਿਅਕਤੀ ਵੀ ਸਿਲੰਡਰਾਂ ਦੀ ਕਾਲਾਬਾਜ਼ਾਰੀ ’ਚ ਸ਼ਾਮਲ ਹਨ। ਫਿਰ ਵੀ ਉਨ੍ਹਾਂ ਵੀਡੀਓ ਦੇਖਣ ਉਪਰੰਤ ਕਾਰਵਾਈ ਕਰਨ ਦੀ ਗੱਲ ਕਹੀ।
ਇਹ ਵੀ ਪੜ੍ਹੋ: Punjab: ਪਤੀ ਤੋਂ ਪ੍ਰੇਸ਼ਾਨ ਪਤਨੀ ਗਈ ਪੇਕੇ! ਸਹੁਰੇ ਘਰ ਪਤੀ ਨੇ ਪਹੁੰਚ ਕੇ ਚੁੱਕਿਆ ਖ਼ੌਫ਼ਨਾਕ ਕਦਮ
ਹਾਸਲ ਹੋਈ ਤਾਜ਼ਾ ਸ਼ਿਕਾਇਤ ’ਤੇ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ : ਫੂਡ ਸਪਲਾਈ ਇੰਸਪੈਕਟਰ
ਇਸ ਸਬੰਧੀ ਫੂਡ ਸਪਲਾਈ ਇੰਸਪੈਕਟਰ ਹਰਕਮਲ ਸਿੰਘ ਨੇ ਦੱਸਿਆ ਕਿ ਉਕਤ ਏਜੰਸੀ ਖ਼ਿਲਾਫ਼ ਪਹਿਲਾਂ ਵੀ ਇਕ ਸ਼ਿਕਾਇਤ ਮਿਲੀ ਸੀ, ਜਿਸਦੀ ਸੇਲਜ਼ ਅਧਿਕਾਰੀ ਨਾਲ ਮਿਲ ਕੇ ਜਾਂਚ ਕਰਨ ਉਪਰੰਤ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜੀ ਗਈ ਸੀ। ਜਦਕਿ ਹੁਣ ਨੌਜਵਾਨ ਮੋਹਿਤ ਸ਼ਰਮਾ ਵੱਲੋਂ ਦਿੱਤੀ ਗਈ ਤਾਜ਼ਾ ਸ਼ਿਕਾਇਤ ਦੇ ਆਧਾਰ ’ਤੇ ਵੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਇਸ ਪੂਰੇ ਮਾਮਲੇ ਨੇ ਨੂਰਪੁਰਬੇਦੀ ’ਚ ਗੈਸ ਵੰਡ ਪ੍ਰਣਾਲੀ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਜੇਕਰ ਦੋਸ਼ ਸਾਬਤ ਹੁੰਦੇ ਹਨ ਤਾਂ ਇਹ ਮਾਮਲਾ ਪੂਰੇ ਇਲਾਕੇ ’ਚ ਫੈਲੀ ਗੈੇਸ ਦੀ ਕਾਲਾਬਾਜ਼ਾਰੀ ਦੀ ਪੋਲ ਖੋਲ੍ਹ ਸਕਦਾ ਹੈ। ਹੁਣ ਲੋਕਾਂ ਦੀਆਂ ਨਿਗਾਹਾਂ ਪ੍ਰਸ਼ਾਸਨਿਕ ਕਾਰਵਾਈ ’ਤੇ ਟਿਕੀਆਂ ਹਨ ਕਿ ਆਖ਼ਰ ਉਪਭੋਗਤਾਵਾਂ ਨੂੰ ਰਾਹਤ ਮਿਲਦੀ ਹੈ ਜਾਂ ਨਹੀਂ।
ਇਹ ਵੀ ਪੜ੍ਹੋ: ਸ੍ਰੀ ਕੀਰਤਪੁਰ ਸਾਹਿਬ ਵਿਖੇ ਨਗਾਰਿਆਂ ਦੀ ਗੂੰਜ 'ਚ ਕੌਮੀ ਤਿਉਹਾਰ ਹੋਲਾ-ਮਹੱਲਾ ਦੀ ਹੋਈ ਸ਼ੁਰੂਆਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
