ਭਾਜਪਾ ਅਤੇ ਅਕਾਲੀ ਦਲ ਵਿਚਾਲੇ ਸੀਟਾਂ ਦੀ ਵੰਡ ਨੂੰ ਲੈ ਕੇ ਗੱਲਬਾਤ ਜਾਰੀ : ਸੂਤਰ

Friday, Aug 28, 2026 - 11:48 AM (IST)

ਭਾਜਪਾ ਅਤੇ ਅਕਾਲੀ ਦਲ ਵਿਚਾਲੇ ਸੀਟਾਂ ਦੀ ਵੰਡ ਨੂੰ ਲੈ ਕੇ ਗੱਲਬਾਤ ਜਾਰੀ : ਸੂਤਰ

ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ ਭਾਵੇਂ ਹੀ ਜਨਤਕ ਤੌਰ 'ਤੇ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ 'ਤੇ ਇਕੱਲੇ ਹੀ ਚੋਣ ਲੜਨ ਦੀ ਤਿਆਰੀ ਦੇ ਦਾਅਵੇ ਕਰ ਰਹੀ ਹੈ, ਪਰ ਸ਼੍ਰੋਮਣੀ ਅਕਾਲੀ ਦਲ ਨਾਲ ਚੋਣਾਂ ਤੋਂ ਪਹਿਲਾਂ ਗਠਜੋੜ ਕਰਨ ਦੀ ਸੰਭਾਵਨਾ ਅਜੇ ਵੀ ਬਣੀ ਹੋਈ ਹੈ। ਸੂਤਰਾਂ ਅਨੁਸਾਰ, ਦੋਵਾਂ ਪਾਰਟੀਆਂ ਵਿਚਾਲੇ ਸੀਟਾਂ ਦੀ ਵੰਡ ਨੂੰ ਲੈ ਕੇ ਪਹਿਲੇ ਦੌਰ ਦੀ ਗੱਲਬਾਤ ਹੋ ਚੁੱਕੀ ਹੈ ਅਤੇ ਆਉਣ ਵਾਲੇ ਦਿਨਾਂ 'ਚ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਅਤੇ ਅਕਾਲੀ ਦਲ ਦੇ ਆਗੂਆਂ ਵਿਚਾਲੇ ਇਕ ਹੋਰ ਅਹਿਮ ਮੀਟਿੰਗ ਹੋਣ ਦੀ ਸੰਭਾਵਨਾ ਹੈ। ਇਸ ਸਮੇਂ ਗੱਲਬਾਤ ਮੁੱਖ ਤੌਰ 'ਤੇ ਤਿੰਨ ਅਣਸੁਲਝੇ ਮੁੱਦਿਆਂ 'ਤੇ ਕੇਂਦਰਿਤ ਹੈ : ਸੀਟਾਂ ਦੀ ਵੰਡ ਦਾ ਫਾਰਮੂਲਾ, ਵਿਧਾਨ ਸਭਾ ਹਲਕਿਆਂ ਦੀ ਪਛਾਣ, ਲੀਡਰਸ਼ਿਪ ਦਾ ਪ੍ਰਬੰਧ।

ਸੂਤਰਾਂ ਦੇ ਹਵਾਲੇ ਨਾਲ ਸਾਹਮਣੇ ਆਏ ਇਕ ਪ੍ਰਸਤਾਵ ਮੁਤਾਬਕ, ਸ਼੍ਰੋਮਣੀ ਅਕਾਲੀ ਦਲ ਨੂੰ 70 ਅਤੇ ਭਾਜਪਾ ਨੂੰ 47 ਸੀਟਾਂ ਦਿੱਤੀਆਂ ਜਾ ਸਕਦੀਆਂ ਹਨ। ਅਕਾਲੀ ਦਲ ਦੇ ਆਗੂਆਂ ਦਾ ਮੰਨਣਾ ਹੈ ਕਿ ਪੰਜਾਬ ਦੀ ਸਿਆਸੀ ਸੰਵੇਦਨਸ਼ੀਲਤਾ ਨੂੰ ਮੁੱਖ ਰੱਖਦਿਆਂ ਪੰਥਕ ਪਾਰਟੀ ਨੂੰ 'ਵੱਡੇ ਭਰਾ' ਵਜੋਂ ਦੇਖਿਆ ਜਾਣਾ ਚਾਹੀਦਾ। ਹਾਲਾਂਕਿ ਭਾਜਪਾ ਦਾ ਇਕ ਧੜਾ ਲਗਭਰ ਬਰਾਬਰ ਵੰਡ 'ਤੇ ਜ਼ੋਰ ਦੇ ਰਿਹਾ ਹੈ। ਉਨ੍ਹਾਂ ਦਾ ਤਰਕ ਹੈ ਕਿ ਪਾਰਟੀ ਦੇ ਬਿਹਤਰ ਚੋਣ ਪ੍ਰਦਰਸ਼ਨ ਅਤੇ ਸੰਗਠਨਾਤਮਕ ਵਿਸਥਾਰ ਨੂੰ ਦੇਖਦੇ ਹੋਏ ਉਸ ਨੂੰ ਪਿਛਲੇ ਗਠਜੋੜਾਂ ਦੀ ਤੁਲਨਾ 'ਚ ਵੱਧ ਹਿੱਸੇਦਾਰੀ ਮਿਲਣੀ ਚਾਹੀਦੀ ਹੈ। 

ਗਠਜੋੜ 'ਚ ਦੂਜਾ ਵੱਡਾ ਮੁੱਦਾ ਇਹ ਤੈਅ ਕਰਨਾ ਹੈ ਕਿ ਕਿਹੜੀ ਪਾਰਟੀ ਕਿਹੜੀਆਂ ਸੀਟਾਂ ਤੋਂ ਚੋਣ ਲੜੇਗੀ। ਪੁਰਾਣੇ ਗਠਜੋੜ ਦੌਰਾਨ, ਭਾਜਪਾ ਰਵਾਇਤੀ ਤੌਰ 'ਤੇ ਸ਼ਹਿਰੀ ਖੇਤਰਾਂ ਦੀਆਂ 23 ਸੀਟਾਂ 'ਤੇ ਚੋਣ ਲੜਦੀ ਸੀ, ਜਦੋਂ ਕਿ ਅਕਾਲੀ ਦਲ ਮੁੱਖ ਤੌਰ 'ਤੇ ਪੰਜਾਬ ਦੇ ਪੇਂਡੂ ਹਲਕਿਆਂ 'ਚ ਚੋਣ ਮੈਦਾਨ 'ਚ ਉਤਰਦਾ ਸੀ।
ਗਠਜੋੜ 'ਚ ਚੋਣਾਂ ਤੋਂ ਬਾਅਦ ਦੀ ਲੀਡਰਸ਼ਿਪ ਦੇ ਫਾਰਮੂਲੇ 'ਤੇ ਵੀ ਗੰਭੀਰ ਮੰਥਨ ਚੱਲ ਰਿਹਾ ਹੈ। ਜੇਕਰ ਗਠਜੋੜ ਹੁੰਦਾ ਹੈ, ਤਾਂ ਮੁੱਖ ਮੰਤਰੀ ਦਾ ਚਿਹਰਾ ਅਕਾਲੀ ਦਲ ਵੱਲੋਂ ਪੇਸ਼ ਕੀਤੇ ਜਾਣ ਦੀ ਉਮੀਦ ਹੈ ਅਤੇ ਇਸ ਦੇ ਨਾਲ ਹੀ ਉਪ-ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਵੀ ਚਰਚਾ ਚੱਲ ਰਹੀ ਹੈ। ਸੂਤਰਾਂ ਮੁਤਾਬਕ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਤਰਜੀਹ ਦੇਵੇਗਾ, ਜਦੋਂ ਕਿ ਭਾਜਪਾ ਦੇ ਕੁਝ ਹਿੱਸੇ ਅਜੇ ਇਸ ਗੱਲ 'ਤੇ ਸਹਿਮਤ ਨਹੀਂ ਹਨ ਕਿ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਦੇ ਉਮੀਦਵਾਰ ਦਾ ਰਸਮੀ ਐਲਾਨ ਕਰਨਾ ਫਾਇਦੇਮੰਦ ਰਹੇਗਾ ਜਾਂ ਨਹੀਂ।

ਦੋਵਾਂ ਪਾਰਟੀਆਂ ਵਿਚਾਲੇ ਦੁਬਾਰਾ ਸ਼ੁਰੂ ਹੋਈ ਇਸ ਗੱਲਬਾਤ ਦੇ ਪਿੱਛੇ ਚੋਣ ਅੰਕੜਿਆਂ ਦਾ ਵੱਡਾ ਹੱਥ ਹੈ। ਸਾਲ 2024 ਦੀਆਂ ਲੋਕ ਸਭਾ ਚੋਣਾਂ 'ਚ ਭਾਜਪਾ ਨੇ ਪੰਜਾਬ 'ਚ 18.56 ਫੀਸਦੀ ਵੋਟਾਂ ਹਾਸਲ ਕੀਤੀਆਂ ਸਨ ਅਤੇ 23 ਵਿਧਾਨ ਸਭਾ ਹਲਕਿਆਂ 'ਚ ਲੀਡ ਹਾਸਲ ਕੀਤੀ ਸੀ। ਦੂਜੇ ਪਾਸੇ, ਸ਼੍ਰੋਮਣੀ ਅਕਾਲੀ ਦਲ ਨੂੰ 13.42 ਫੀਸਦੀ ਵੋਟਾਂ ਮਿਲੀਆਂ ਸਨ। ਜੇਕਰ ਦੋਵਾਂ ਦੇ ਅੰਕੜਿਆਂ ਨੂੰ ਜੋੜਿਆ ਜਾਵੇ ਤਾਂ ਇਹ ਸਾਂਝਾ ਵੋਟ ਬੈਂਕ ਲਗਭਗ 32 ਫੀਸਦੀ ਬਣਦਾ ਹੈ। ਪਰ ਇਹ ਦੇਖਣਾ ਬਾਕੀ ਹੈ ਕਿ ਕੀ ਉਹ ਗਠਜੋੜ ਬਣਾਉਣ 'ਤੇ ਆਪਣੇ ਵੋਟ ਪੂਰੀ ਤਰ੍ਹਾਂ ਨਾਲ ਟਰਾਂਸਫਰ ਕਰ ਸਕਣਗੇ ਅਤੇ ਵਾਧੂ ਵੋਟ ਵੀ ਹਾਸਲ ਕਰ ਸਕਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News