GST ਬਿੱਲ ਸਵੈਪਿੰਗ ਬਣਿਆ ਬੋਗਸ ਬਿਲਿੰਗ ਤੋਂ ਵੀ ਵੱਡਾ ਧੰਦਾ, ਪੰਜਾਬ ਸਰਕਾਰ ਨੂੰ ਲੱਗ ਰਿਹੈ ਕਰੋੜਾਂ ਦਾ ਚੂਨਾ
Monday, Nov 07, 2022 - 11:07 AM (IST)
ਲੁਧਿਆਣਾ (ਧੀਮਾਨ) : ਪੰਜਾਬ 'ਚ ਬੋਗਸ ਬਿਲਿੰਗ ਦੀ ਥਾਂ ਹੁਣ ਬਿੱਲ ਸਵੈਪਿੰਗ ਨੇ ਲੈ ਲਈ ਹੈ, ਜਿਸ ਨਾਲ ਸਰਕਾਰ ਨੂੰ ਹੁਣ 20 ਹਜ਼ਾਰ ਕਰੋੜ ਤੋਂ ਜ਼ਿਆਦਾ ਦਾ ਚੂਨਾ ਲੱਗ ਚੁੱਕਾ ਹੈ। ਜਦੋਂ ਕੋਈ ਦੁਕਾਨਦਾਰ ਆਪਣਾ ਮਾਲ 2 ਨੰਬਰ 'ਚ ਵੇਚ ਕੇ ਉਸ ਦਾ ਬਿੱਲ ਕਿਸੇ ਹੋਰ ਕਾਰੋਬਾਰੀ ਨੂੰ ਕੱਟ ਦਿੰਦਾ ਹੈ ਤਾਂ ਉਸ ਨੂੰ ਬਿੱਲ ਸਵੈਪਿੰਗ ਕਿਹਾ ਜਾਂਦਾ ਹੈ। ਇਸ ਧੰਦੇ 'ਚ ਸਰਕਾਰ ਨੂੰ ਦੁੱਗਣੇ ਟੈਕਸ ਦੀ ਲਪੇਟ ਲੱਗਦੀ ਹੈ। ਜੀ. ਐੱਸ. ਟੀ. ਵਿਭਾਗ ਦੇ ਪੂਰੀ ਤਰ੍ਹਾਂ ਆਨਲਾਈਨ ਹੋਣ ਦੇ ਚੱਲਦਿਆਂ ਹੁਣ ਬੋਗਸ ਬਿਲਿੰਗ ਕਰਨ ਵਾਲਿਆਂ ਨੂੰ ਔਖ ਆਉਣੀ ਸ਼ੁਰੂ ਹੋ ਗਈ ਹੈ। ਇਸ ਲਈ ਉਨ੍ਹਾਂ ਨੇ ਹੁਣ ਬੋਗਸ ਬਿਲਿੰਗ ਦੀ ਥਾਂ ਬਿੱਲ ਸਵੈਪਿੰਗ ਦਾ ਧੰਦਾ ਸ਼ੁਰੂ ਕਰ ਦਿੱਤਾ ਹੈ।
ਪੰਜਾਬ ਦੇ ਜੀ. ਐੱਸ. ਟੀ. ਵਿਭਾਗ ਦੀ ਨੱਕ ਹੇਠ ਬਿੱਲ ਸਵੈਪਿੰਗ ਦਾ ਧੰਦਾ ਪੂਰੀ ਤਰ੍ਹਾਂ ਫਲ ਰਿਹਾ ਹੈ। ਕਾਰੋਬਾਰੀ ਆਪਸ 'ਚ ਬੜੇ ਸ਼ਾਤਰ ਢੰਗ ਨਾਲ ਇਸ ਕਾਰੋਬਾਰ ਨੂੰ ਚਲਾ ਰਹੇ ਹਨ। ਸਭ ਤੋਂ ਪਹਿਲਾਂ ਛੋਟੇ ਸ਼ਹਿਰਾਂ ਅਤੇ ਮੰਡੀਆਂ 'ਚ ਬਿੱਲ ਸਵੈਪਰਜ਼ ਛੋਟੇ ਦੁਕਾਨਦਾਰਾਂ ਤੋਂ ਉਹ ਬਿੱਲ ਖ਼ਰੀਦਦੇ ਹਨ, ਜੋ ਮਾਲ ਉਨ੍ਹਾਂ ਦੁਕਾਨਦਾਰਾਂ ਨੇ 2 ਨੰਬਰ 'ਚ ਵੇਚ ਕੇ ਬਿੱਲ ਆਪਣੇ ਕੋਲ ਜਮ੍ਹਾਂ ਕਰਕੇ ਰੱਖੇ ਹੁੰਦੇ ਹਨ। ਛੋਟੇ ਸ਼ਹਿਰਾਂ 'ਚ 18 ਫ਼ੀਸਦੀ ਟੈਕਸ ਵਾਲੇ ਇਹ ਬਿੱਲ 2 ਤੋਂ 3 ਫ਼ੀਸਦੀ 'ਤੇ ਮਿਲ ਜਾਂਦੇ ਹਨ।
ਇਹ ਵੀ ਪੜ੍ਹੋ : ਦੁਖ਼ਦ ਖ਼ਬਰ : ਪੰਜਾਬੀ ਅਦਾਕਾਰ ਅਤੇ ਨਿਰਦੇਸ਼ਕ ਗੁਰਿੰਦਰ ਡਿੰਪੀ ਦਾ ਦਿਹਾਂਤ
ਇਨ੍ਹਾਂ ਬਿੱਲਾਂ ਦੀ ਖ਼ਰੀਦ ਤੋਂ ਬਾਅਦ ਇਹ ਕਾਰੋਬਾਰੀ ਇਨ੍ਹਾਂ ਬਿੱਲਾਂ ਨੂੰ ਸ਼ਹਿਰ ਦੇ ਵੱਡੇ ਬਿੱਲ ਸਵੈਪਿੰਗ ਕਰਨ ਵਾਲਿਆਂ ਨੂੰ 5 ਤੋਂ 7 ਫ਼ੀਸਦੀ 'ਤੇ ਵੇਚ ਦਿੰਦੇ ਹਨ। ਅਜਿਹੇ 'ਚ ਸਰਕਾਰ ਨੂੰ ਪੂਰੇ 18 ਫ਼ੀਸਦੀ ਦਾ ਚੂਨਾ ਲੱਗਦਾ ਹੈ ਅਤੇ ਇਹ ਬਿੱਲ ਸਵੈਪਰਜ਼ ਇਸ ਧੰਦੇ 'ਚ ਮੋਟੀ ਕਮਾਈ ਕਰ ਰਹੇ ਹਨ। ਸ਼ਹਿਰ 'ਚ ਇਹ ਧੰਦਾ ਇਕ ਵੱਡਾ ਰੂਪ ਲੈ ਚੁੱਕਾ ਹੈ। ਇਕ ਅੰਦਾਜ਼ੇ ਮੁਤਾਬਕ ਸਰਕਾਰ ਨੂੰ ਬਿੱਲ ਸਵੈਪਿੰਗ ਤੋਂ ਸਲਾਨਾ 30 ਹਜ਼ਾਰ ਕਰੋੜ ਤੋਂ ਉੱਪਰ ਟੈਕਸ ਦੀ ਚੂਨਾ ਲੱਗ ਰਿਹਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ