ਮਜੀਠੀਆ ਨੂੰ ''ਭੁੰਜੇ'' ਲੈ ਆਈ ਟਕਸਾਲੀਆਂ ਦੀ ਨਾਰਾਜ਼ਗੀ!

Sunday, Oct 07, 2018 - 06:18 PM (IST)

ਪਟਿਆਲਾ (ਨਰੇਸ਼ ਕੁਮਾਰ) : ਪਾਰਟੀ ਦੀ ਸੀਨੀਅਰ ਲੀਡਰਸ਼ਿਪ ਤੋਂ ਟਕਸਾਲੀ ਆਗੂਆਂ ਦੀ ਨਾਰਾਜ਼ਗੀ ਕਿਤੇ ਨਾ ਕਿਤੇ ਬਿਕਰਮ ਮਜੀਠੀਆ 'ਤੇ ਹਾਵੀ ਹੁੰਦੀ ਨਜ਼ਰ ਆ ਰਹੀ ਹੈ। ਇਸ ਦਾ ਸਿੱਟਾ ਇਹ ਨਿਕਲਿਆ ਕਿ ਅਕਸਰ ਹਰ ਰੈਲੀ 'ਚ ਸੁਖਬੀਰ ਬਾਦਲ ਦੇ ਕੋਲ ਬੈਠਣ ਵਾਲੇ ਬਿਕਰਮ ਮਜੀਠੀਆ ਪਟਿਆਲਾ ਰੈਲੀ 'ਚ ਉਨ੍ਹਾਂ ਦੇ ਪੈਰਾਂ 'ਚ ਬੈਠੇ ਨਜ਼ਰ ਆਏ। ਇਥੇ ਹੀ ਬੱਸ ਨਹੀਂ, ਮਜੀਠੀਏ ਦਾ ਭਾਸ਼ਣ ਵੀ ਰੈਲੀ ਦੀ ਸ਼ੁਰੂਆਤ 'ਚ ਹੀ ਨਿਪਟਾ ਦਿੱਤਾ ਗਿਆ। ਕਾਇਦੇ ਅਨੁਸਾਰ ਸੀਨੀਅਰ ਆਗੂਆਂ ਨੂੰ ਸਭ ਤੋਂ ਆਖੀਰ 'ਚ ਬੋਲਣ ਦਾ ਸਮਾਂ ਦਿੱਤਾ ਜਾਂਦਾ ਹੈ ਪਰ ਪਟਿਆਲਾ ਰੈਲੀ 'ਚ ਅਜਿਹਾ ਨਹੀਂ ਹੋਇਆ। ਸੁਖਬੀਰ ਤੋਂ ਪਹਿਲਾਂ ਸੰਬੋਧਨ ਕਰਨ ਵਾਲੇ ਬਿਕਰਮ ਮਜੀਠੀਆ ਨੂੰ ਪਹਿਲਾਂ ਹੀ ਬੋਲਣ ਦਾ ਸਮਾਂ ਦੇ ਦਿੱਤਾ ਗਿਆ ਅਤੇ  ਟਕਸਾਲੀ ਆਗੂ ਅਤੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ ਸੁਖਬੀਰ ਤੋਂ ਪਹਿਲਾਂ ਜਨਤਾ ਨੂੰ ਸੰਬੋਧਨ ਕੀਤਾ। 

ਦੱਸਣਯੋਗ ਹੈ ਕਿ ਪਾਰਟੀ ਦੇ ਸੀਨੀਅਰ ਟਕਸਾਲੀ ਆਗੂ ਸੁਖਬੀਰ ਅਤੇ ਮਜੀਠੀਆ ਦੀ ਲਿਡਰਸ਼ਿਪ ਤੋਂ ਨਾਰਾਜ਼ਗੀ ਜ਼ਾਹਰ ਕਰ ਚੁੱਕੇ ਹਨ ਅਤੇ ਇਸੇ ਦੇ ਚੱਲਦੇ ਅਕਾਲੀ ਦਲ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਨੇ ਬੀਤੇ ਦਿਨੀਂ ਅਸਤੀਫਾ ਦੇ ਦਿੱਤਾ ਸੀ, ਜਿਸ ਤੋਂ ਬਾਅਦ ਮਾਝੇ ਦੇ ਟਕਸਾਲੀ ਆਗੂਆਂ ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ ਅਤੇ ਸੇਵਾ ਸਿੰਘ ਸੇਖਵਾਂ ਨੇ ਵੀ ਆਪਣਾ ਵਿਰੋਧ ਜ਼ਾਹਰ ਕੀਤਾ ਸੀ। ਇਸੇ ਵਿਰੋਧ ਦੇ ਚੱਲਦੇ ਉਕਤ ਟਕਸਾਲੀ ਆਗੂ ਪਟਿਆਲਾ ਰੈਲੀ 'ਚੋਂ ਨਾਦਾਰਦ ਸਨ।

ਚਰਚਾ ਇਹ ਵੀ ਹੈ ਕਿ ਖਫਾ ਲੀਡਰਾਂ ਨੂੰ ਮਨਾਉਣ ਲਈ ਬਾਦਲ ਨੇ ਉਨ੍ਹਾਂ ਨੂੰ ਆਫ਼ਰ ਵੀ ਦਿੱਤੀ ਸੀ ਕਿ ਉਹ ਬਿਕਰਮ ਨੂੰ ਸਟੇਜ 'ਤੇ ਨਹੀਂ ਚੜ੍ਹਨ ਦੇਣਗੇ ਪਰ ਟਕਸਾਲੀ ਆਗੂਆਂ ਨੇ ਬਾਦਲ ਦੀ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ। ਮੰਨਿਆ ਜਾ ਰਿਹਾ ਹੈ ਕਿ ਮਜੀਠੀਆ ਦੀ ਥਾਂ ਬਦਲ ਕੇ ਬਾਦਲਾਂ ਨੇ ਜਿਥੇ ਅਕਾਲੀ ਲੀਡਰਸ਼ਿਪ ਨੂੰ ਇਕ ਸੰਦੇਸ਼ ਦਿੱਤਾ ਹੈ, ਉਥੇ ਹੀ ਟਕਸਾਲੀ ਆਗੂਆਂ ਦੇ ਜ਼ਖਮਾਂ 'ਤੇ ਮਲ੍ਹਮ ਲਾਉਣ ਦਾ ਕੰਮ ਵੀ ਕੀਤਾ ਹੈ। ਹਾਲਾਂਕਿ ਇਹ ਮਲ੍ਹਮ ਕਿੰਨਾ ਕੁ ਕੰਮ ਕਰਦਾ ਹੈ, ਇਸਦਾ ਪਤਾ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।  


Related News