ਬਿਕਰਮ ਮਜੀਠੀਆ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ, ਕੀਤਾ ਵਾਹਿਗੁਰੂ ਦਾ ਸ਼ੁਕਰਾਨਾ
Wednesday, Aug 17, 2022 - 08:57 AM (IST)
ਅੰਮ੍ਰਿਤਸਰ (ਹਰਮੀਤ) : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅੱਜ ਸਵੇਰੇ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਪਵਿੱਤਰ ਗੁਰਬਾਣੀ ਦਾ ਸਰਵਣ ਕੀਤਾ। ਜੇਲ੍ਹ ਤੋਂ ਬਾਹਰ ਆਉਣ ਮਗਰੋਂ ਬਿਕਰਮ ਮਜੀਠੀਆ ਬੀਤੇ ਦਿਨ ਚੰਡੀਗੜ੍ਹ ਤੋਂ ਅੰਮ੍ਰਿਤਸਰ ਪਹੁੰਚੇ ਸਨ। ਇੱਥੇ ਵੱਖ-ਵੱਖ ਥਾਵਾਂ 'ਤੇ ਉਨ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵੱਲੋਂ ਭਰਵਾਂ ਸੁਆਗਤ ਕੀਤਾ ਗਿਆ। ਇਸ ਤੋਂ ਬਾਅਦ ਅੱਜ ਸਵੇਰੇ ਉਨ੍ਹਾਂ ਨੇ ਆਪਣੇ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ।
ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਉਹ ਆਪਣੇ ਪਰਿਵਾਰ ਸਮੇਤ ਗੁਰੂ ਚਰਨਾਂ 'ਚ ਨਤਮਸਤਕ ਹੋਣ ਪਹੁੰਚੇ ਹਨ ਕਿਉਂਕਿ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਸੱਚ ਦੀ ਜਿੱਤ ਹੋਈ ਹੈ। ਉਨ੍ਹਾਂ ਕਿਹਾ ਕਿ ਮੈਂ ਪੰਜਾਬ ਦੇ ਹਰ ਉਸ ਬਾਸ਼ਿੰਦੇ ਦਾ ਧੰਨਵਾਦ ਕਰਦਾ ਹਾਂ, ਜਿਸ ਨੇ ਮੇਰੀ ਜ਼ਮਾਨਤ ਲਈ ਅਰਦਾਸ-ਬੇਨਤੀਆਂ ਕੀਤੀਆਂ ਹਨ ਅਤੇ ਮੈਂ ਅੱਜ ਇਕ ਨਿਮਾਣੇ ਸਿੱਖ ਵਜੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ 'ਚ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਪੁੱਜਾ ਹਾਂ।
ਇਹ ਵੀ ਪੜ੍ਹੋ : ਪੰਜਾਬ 'ਚ ਬੁਢਾਪਾ ਪੈਨਸ਼ਨ ਨੂੰ ਲੈ ਕੇ ਅਹਿਮ ਖ਼ਬਰ, ਮਾਨ ਸਰਕਾਰ ਨੇ ਲਿਆ ਇਹ ਫ਼ੈਸਲਾ
ਉਨ੍ਹਾਂ ਕਿਹਾ ਕਿ ਉਹ ਗੁਰੂ ਦਾ ਸ਼ੁਕਰਾਨਾ ਕਰਨ ਲਈ ਇੱਥੇ ਪੁੱਜੇ ਹਨ। ਉਨ੍ਹਾਂ ਕਿਹਾ ਜਦੋਂ ਮੈਂ ਜੇਲ੍ਹ 'ਚ ਸੀ ਤਾਂ ਉਦੋਂ ਆਪਣੀ ਮਾਤਾ ਅਤੇ ਬੱਚਿਆਂ ਦੇ ਹਾਲਾਤ ਵੇਖ ਕੇ ਦੁੱਖ ਜ਼ਰੂਰ ਹੁੰਦਾ ਸੀ ਪਰ ਤੁਹਾਡੇ ਸਭ ਦੇ ਪਿਆਰ ਸਦਕਾ ਮੈਂ ਉੱਥੇ ਵੀ ਚੜ੍ਹਦੀ ਕਲਾ 'ਚ ਰਿਹਾ। ਉਨ੍ਹਾਂ ਕਿਹਾ ਕਿ ਅਜਿਹੀ ਸਿਆਸਤ ਦਾ ਕੋਈ ਫ਼ਾਇਦਾ ਨਹੀਂ, ਜੋ ਸਿਆਸੀ ਨਫ਼ਰਤ ਫੈਲਾਵੇ। ਉਨ੍ਹਾਂ ਕਿਹਾ ਕਿ ਸਿਆਸਤ ਸਿਰਫ਼ ਲੋਕਾਂ ਦੇ ਭਲੇ ਲਈ ਅਤੇ ਪੰਜਾਬ ਦੇ ਭਲੇ ਦੀ ਹੋਣੀ ਚਾਹੀਦੀ ਹੈ। ਉਨ੍ਹਾਂ ਨਾਲ ਹੀ ਮਜੀਠਾ ਹਲਕੇ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮੈਂ ਮਜੀਠਾ ਹਲਕੇ ਦਾ ਹਮੇਸ਼ਾ ਧੰਨਵਾਦੀ ਰਹਾਂਗਾ, ਜਿਨ੍ਹਾਂ ਨੇ ਬਹੁਤ ਵੱਡੀ ਲੀਡ ਦੇ ਨਾਲ ਮੇਰੀ ਪਤਨੀ ਗਨੀਵ ਕੌਰ ਮਜੀਠੀਆ ਨੂੰ ਮਜੀਠਾ ਹਲਕੇ 'ਚੋਂ ਜਿੱਤ ਦਿਵਾਈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ