CM ਭਗਵੰਤ ਮਾਨ ਦਾ ਵੱਡਾ ਬਿਆਨ, ਪਾਣੀ ਨੂੰ ਲੈ ਕੇ ਪੰਜਾਬ ’ਚ ਕਤਲ ਹੋ ਜਾਂਦੇ ਹਨ
Sunday, May 04, 2025 - 12:11 PM (IST)

ਜਲੰਧਰ/ਹੁਸ਼ਿਆਰਪੁਰ/ਚੰਡੀਗੜ੍ਹ (ਧਵਨ, ਮਨੋਜ, ਘੁੰਮਣ, ਅੰਕੁਰ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਨਸ਼ਿਆਂ ਵਿਚ ਸ਼ਾਮਲ ਵੱਡੇ ਲੋਕਾਂ ਦੇ ਮਹਿਲ ਹੁਣ ਆਉਣ ਵਾਲੇ ਸਮੇਂ ’ਚ ਡਿੱਗਦੇ ਨਜ਼ਰ ਆਉਣਗੇ ਅਤੇ ਅਜਿਹੇ ਲੋਕਾਂ ਦੀਆਂ ਸੂਚੀਆਂ ਤਿਆਰ ਕਰ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪੂਰਾ ਪੰਜਾਬ ਅਜਿਹੇ ਵੱਡੇ ਲੋਕਾਂ ਦੇ ਨਾਂ ਜਾਣਦਾ ਹੈ। ਮੈਂ ਡੀ. ਜੀ. ਪੀ. ਸਾਬ੍ਹ ਨੂੰ ਕਿਹਾ ਕਿ ਜਿਨ੍ਹਾਂ ਨਸ਼ਾ ਸਮੱਗਲਰਾਂ ਦੀਆਂ ਇਮਾਰਤਾਂ ਢਾਹੁਣ ਦੀ ਇਜ਼ਾਜਤ ਨਹੀਂ ਮਿਲੀ, ਉਨ੍ਹਾਂ ਦੇ ਘਰਾਂ ਦੇ ਬਾਹਰ ਵੀ ਡਿੱਚ ਮਸ਼ੀਨਾਂ ਨਹੀਂ ਗਈਆਂ, ਉਨ੍ਹਾਂ ਦੇ ਘਰਾਂ ਦੇ ਬਾਹਰ ਵੀ ਡਿੱਚ ਮਸ਼ੀਨਾਂ ਭੇਜੀਆਂ ਜਾਣ ਤਾਂ ਜੋ ਉਨ੍ਹਾਂ ਅੰਦਰ ਡਰ ਦੀ ਭਾਵਨਾ ਪੈਦਾ ਹੋਵੇ।
ਮੁੱਖ ਮੰਤਰੀ ਨੇ ਸ਼ਨੀਵਾਰ ਜਲੰਧਰ ਵਿਖੇ ਪੀ. ਏ. ਪੀ. ਗਰਾਊਂਡ ਵਿਚ ਵਿਲੇਜ ਡਿਫੈਂਸ ਕਮੇਟੀ ਦੇ ਮੈਂਬਰਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪਾਣੀ ਪੰਜਾਬ ਦੀ ਜੀਵਨ ਰੇਖਾ ਹੈ ਅਤੇ ਪੰਜਾਬ ਆਪਣਾ ਪਾਣੀ ਕਿਸੇ ਹੋਰ ਨੂੰ ਨਹੀਂ ਦੇਵੇਗਾ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਪਾਣੀ ਨੂੰ ਲੈ ਕੇ ਕਤਲ ਹੋ ਜਾਂਦੇ ਹਨ। ਇਸ ਲਈ ਪੰਜਾਬ ਤੋਂ ਜ਼ਬਰਦਸਤੀ ਪਾਣੀ ਨਹੀਂ ਖੋਹਿਆ ਜਾ ਸਕਦਾ। ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਦੌਰਾਨ ਦੂਜੇ ਸੂਬਿਆਂ ਨੂੰ 3-4 ਮਹੀਨਿਆਂ ਲਈ ਵਾਧੂ ਪਾਣੀ ਦਿੱਤਾ ਜਾਂਦਾ ਸੀ ਅਤੇ ਉਨ੍ਹਾਂ ਨੇ ਪਾਣੀ ਦਾ ਹਿਸਾਬ ਨਹੀਂ ਰੱਖਿਆ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, IPS ਤੇ PPS ਅਫ਼ਸਰਾਂ ਦੇ ਤਬਾਦਲੇ, List 'ਚ ਵੇਖੋ ਵੇਰਵੇ
ਪੰਜਾਬ ਵਿਚ ਪਾਣੀ ਦੇ ਸੰਕਟ ਅਤੇ ਐੱਸ. ਵਾਈ. ਐੱਲ. (ਸਤਲੁਜ-ਯਮੁਨਾ ਲਿੰਕ) ਵਿਵਾਦ ’ਤੇ ਉਨ੍ਹਾਂ ਕਿਹਾ ਕਿ ਪੰਜਾਬ ਪਹਿਲਾਂ ਕਦੇ ਵੀ ਲੜਾਈ ਨਹੀਂ ਚਾਹੁੰਦਾ ਸੀ ਪਰ ਵਾਰ-ਵਾਰ ਲੜਾਈ ਸੂਬੇ ’ਤੇ ਥੋਪੀ ਗਈ। ਸਰਹੱਦਾਂ ਤੋਂ ਬਾਅਦ ਹੁਣ ਪੰਜਾਬ ਨੂੰ ਪਾਣੀ ਦੀ ਲੜਾਈ ਵਿਚ ਸੁੱਟ ਦਿੱਤਾ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਮੈਂ ਖੁਦ ਨੰਗਲ ਡੈਮ ਗਿਆ ਅਤੇ ਵਾਧੂ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ। ਪੰਜਾਬ ਦੇ ਕਈ ਜ਼ਿਲ੍ਹੇ ‘ਡਾਰਕ ਜ਼ੋਨ’ ਵਿਚ ਚਲੇ ਗਏ ਹਨ ਅਤੇ ਕੁਝ ਥਾਵਾਂ ’ਤੇ ਧਰਤੀ ਹੇਠਲੇ ਪਾਣੀ ਦਾ ਪੱਧਰ 600 ਫੁੱਟ ਤੋਂ ਹੇਠਾਂ ਚਲਾ ਗਿਆ ਹੈ। ਇਸ ਗੰਭੀਰ ਸੰਕਟ ਦੇ ਮੱਦੇਨਜ਼ਰ ਸਰਕਾਰ ਨੇ ਨਹਿਰਾਂ ਰਾਹੀਂ ਹਰ ਖੇਤ ਨੂੰ ਪਾਣੀ ਮੁਹੱਈਆ ਕਰਵਾਉਣ ਦਾ ਸੰਕਲਪ ਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਹੁਣ ਪਾਣੀਆਂ ਦੇ ਹੱਕਾਂ ਲਈ ਖੜ੍ਹਾ ਹੋਣਾ ਪਵੇਗਾ ਅਤੇ ਨਸ਼ਿਆਂ ਵਿਰੁੱਧ ਅੱਗੇ ਆਉਣਾ ਪਵੇਗਾ, ਜਿਸ ਲਈ ਸਰਕਾਰ ਤਿਆਰ ਹੈ। ਨੌਜਵਾਨਾਂ ਨੂੰ ਨਸ਼ੀਲਾ ਪਦਾਰਥ ਦੇ ਕੇ ਮੌਤ ਦੇ ਮੂੰਹ ਵਿਚ ਧੱਕਣ ਵਾਲੇ ਸਮੱਗਲਰਾਂ ਨੂੰ ਜਵਾਬ ਦੇਣਾ ਪਵੇਗਾ ਅਤੇ ਪੰਜਾਬ ਪੁਲਸ ਉਨ੍ਹਾਂ ਨੂੰ ਢੁੱਕਵਾਂ ਜਵਾਬ ਦੇ ਰਹੀ ਹੈ।
ਇਹ ਵੀ ਪੜ੍ਹੋ: ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ CM ਭਗਵੰਤ ਮਾਨ ਦੀ ਸਖ਼ਤੀ, ਜਲੰਧਰ ਪਹੁੰਚ ਕੀਤਾ ਵੱਡਾ ਐਲਾਨ
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਅਤੇ ਨਸ਼ਿਆਂ ਨੂੰ ਖ਼ਤਮ ਕਰਨ ਵਿਚ ਵਿਲੇਜ ਡਿਫੈਂਸ ਕਮੇਟੀ ਦੇ ਮੈਂਬਰਾਂ ਦਾ ਸਭ ਤੋਂ ਵੱਡਾ ਯੋਗਦਾਨ ਹੋਵੇਗਾ। ਚਿੱਟੇ ਨੂੰ ਖਤਮ ਕਰਨ ਅਤੇ ਇਸ ਦਾਗ ਨੂੰ ਪੰਜਾਬ ਦੇ ਮੱਥੇ ਤੋਂ ਹਟਾਉਣ ਲਈ ਇਕ ਯੋਜਨਾ ਤਿਆਰ ਕੀਤੀ ਗਈ ਹੈ। ਸਰਕਾਰ ਨੇ ਮੁੜ-ਵਸੇਬਾ ਕੇਂਦਰਾਂ ਦੀ ਗਿਣਤੀ ਵਧਾ ਕੇ 5000 ਕਰ ਦਿੱਤੀ ਅਤੇ ਇਨ੍ਹਾਂ ਕੇਂਦਰਾਂ ਵਿਚ ਸੀ. ਸੀ. ਟੀ. ਵੀ. ਕੈਮਰੇ ਲਗਾਏ ਗਏ ਸਨ। ਨਸ਼ਿਆਂ ਦੀ ਲਤ ਵਿੱਚ ਫਸੇ ਨੌਜਵਾਨਾਂ ਨੂੰ ਬਚਾਉਣ ਲਈ ਉਨ੍ਹਾਂ ਨੂੰ ਕੰਮ ’ਤੇ ਲਾਇਆ ਜਾ ਰਿਹਾ ਹੈ। ਵਿਲੇਜ ਡਿਫੈਂਸ ਕਮੇਟੀ ਦੇ ਮੈਂਬਰ ਅਸਲ ਵਿਚ ਪਿੰਡਾਂ ਦੇ ਪਹਿਰੇਦਾਰ ਹੁੰਦੇ ਹਨ।
ਮਾਨ ਨੇ ਕਿਹਾ ਕਿ ਸੂਬੇ ’ਚ ਹਰ ਰੋਜ਼ 200 ਪੰਚਾਇਤਾਂ ਮਤੇ ਪਾਸ ਕਰ ਰਹੀਆਂ ਹਨ ਕਿ ਉਹ ਪਿੰਡਾਂ ਵਿਚ ਨਸ਼ੀਲੇ ਪਦਾਰਥਾਂ ਦੀ ਵਰਤੋਂ ਜਾਂ ਵਿਕਰੀ ਦੀ ਇਜਾਜ਼ਤ ਨਹੀਂ ਦੇਣਗੀਆਂ। ਨਸ਼ੇ ਵੇਚਣ ਅਤੇ ਸੇਵਨ ਕਰਨ ਵਾਲਿਆਂ ਦਾ ਸਮਾਜਿਕ ਬਾਈਕਾਟ ਕਰਨ ਦੇ ਐਲਾਨ ਵੀ ਕੀਤੇ ਜਾ ਰਹੇ ਹਨ। ਪੰਜਾਬ ਪੁਲਸ ਰੋਜ਼ਾਨਾ ਬੁਲਡੋਜ਼ਰਾਂ ਨਾਲ ਨਸ਼ਾ ਸਮੱਗਲਰਾਂ ਦੀਆਂ ਗੈਰ-ਕਾਨੂੰਨੀ ਉਸਾਰੀਆਂ ਨੂੰ ਢਾਹ ਰਹੀ ਹੈ। ਅਸੀਂ ਨਸ਼ਾ ਸਮੱਗਲਰਾਂ ਵਿਰੁੱਧ ਕੋਈ ਝੂਠਾ ਕੇਸ ਦਰਜ ਨਹੀਂ ਕੀਤਾ, ਸਗੋਂ ਇਨ੍ਹਾਂ ਨਸ਼ਾ ਸਮੱਗਲਰਾਂ ਵਿਰੁੱਧ ਪਹਿਲਾਂ ਹੀ 10 ਤੋਂ 15 ਕੇਸ ਚੱਲ ਰਹੇ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਤਹਿਸੀਲਾਂ ਵਾਲੇ ਦੇਣ ਧਿਆਨ, ਨਵੇਂ ਹੁਕਮ, 31 ਮਈ ਤੱਕ...
ਉਨ੍ਹਾਂ ਕਿਹਾ ਕਿ ਨਸ਼ੇੜੀਆਂ ਦਾ ਇਲਾਜ ਸਰਕਾਰ ਵੱਲੋਂ ਮੁਫ਼ਤ ਕਰਵਾਇਆ ਜਾਵੇਗਾ। ਨਸ਼ਾ ਮੁਕਤ ਪਿੰਡਾਂ ਨੂੰ ਮਾਡਲ ਪਿੰਡ ਬਣਾ ਕੇ, ਉੱਥੇ ਸਰਕਾਰ ਵਲੋਂ ਵਿਕਾਸ ਕਾਰਜਾਂ ਲਈ ਵਿਸ਼ੇਸ਼ ਗ੍ਰਾਂਟਾਂ ਦਿੱਤੀਆਂ ਜਾਣਗੀਆਂ। ਮੁੱਖ ਮੰਤਰੀ ਨੇ ਕਿਹਾ ਕਿ ਪੰਚਾਇਤਾਂ ਕੋਲ ਬਹੁਤ ਸਾਰੀਆਂ ਸ਼ਕਤੀਆਂ ਹਨ ਅਤੇ ਉਨ੍ਹਾਂ ਨੂੰ ਜਾਗਰੂਕ ਕਰਨ ਲਈ ਸਰਕਾਰ ਨੇ ਉਨ੍ਹਾਂ ਨੂੰ ਕਿਤਾਬਾਂ ਵੰਡੀਆਂ ਹਨ। ਅਖੀਰ ਵਿਚ ਮੁੱਖ ਮੰਤਰੀ ਨੇ ਵਿਲੇਜ ਡਿਫੈਂਸ ਕਮੇਟੀ ਦੇ ਮੈਂਬਰਾਂ ਨੂੰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਸਹੁੰ ਚੁਕਾਈ।
ਇਸ ਮੌਕੇ ਸੰਸਦ ਮੈਂਬਰ ਰਾਜ ਕੁਮਾਰ ਚੱਬੇਵਾਲ, ਰਮਨ ਅਰੋੜਾ, ਦਿਨੇਸ਼ ਢੱਲ, ਵਿਧਾਇਕ ਇੰਦਰਜੀਤ ਕੌਰ ਮਾਨ, ਵਿਧਾਇਕ ਬਲਕਾਰ ਸਿੰਘ, ਮੇਅਰ ਵਿਨੀਤ ਧੀਰ, ਚੇਅਰਪਰਸਨ ਰਾਜਵਿੰਦਰ ਕੌਰ ਥਿਆੜਾ ਆਦਿ ਹਾਜ਼ਰ ਸਨ। ਦੂਜੇ ਪਾਸੇ, ਗੜ੍ਹਸ਼ੰਕਰ ਵਿਚ ਆਯੋਜਿਤ ਯੂਥ ਕਲੱਬ ਲੀਡਰਸ਼ਿਪ ਪ੍ਰੋਗਰਾਮ ਨੂੰ ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਸਮੇਤ ਕਈ ਹੋਰ ਸੀਨੀਅਰ ਆਗੂਆਂ ਨੇ ਸੰਬੋਧਨ ਕੀਤਾ। ਇਸ ਪ੍ਰੋਗਰਾਮ ਦੌਰਾਨ ਸਾਰੇ ਨੌਜਵਾਨਾਂ ਨੇ ਪ੍ਰਣ ਕੀਤਾ ਕਿ 117 ਲੋਕਾਂ ਦੀ ਇਹ ਟੀਮ ਜਲਦੀ ਹੀ ਹਜ਼ਾਰਾਂ-ਲੱਖਾਂ ਨੌਜਵਾਨਾਂ ਨੂੰ ਪੰਜਾਬ ਦੀ ਸੇਵਾ ਲਈ ਮੈਦਾਨ ’ਚ ਉਤਾਰੇਗੀ।
ਇਹ ਵੀ ਪੜ੍ਹੋ: ਡਰਾਈਵਿੰਗ ਵਾਲੇ ਦੇਣ ਧਿਆਨ! ਟ੍ਰੈਫਿਕ ਚਲਾਨਾਂ ਨੂੰ ਲੈ ਕੇ ਲਿਆ ਗਿਆ ਵੱਡਾ ਫ਼ੈਸਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e