ਸ਼੍ਰੋਮਣੀ ਅਕਾਲੀ ਦਲ ’ਚ ਵੱਡੀ ਬਗਾਵਤ! 90 ਫ਼ੀਸਦੀ ਆਗੂਆਂ ਨੇ ਦਿੱਤਾ ਅਸਤੀਫ਼ਾ
Sunday, Jul 13, 2025 - 12:59 PM (IST)

ਜਲੰਧਰ (ਮ੍ਰਿਦੁਲ)–ਸ਼੍ਰੋਮਣੀ ਅਕਾਲੀ ਦਲ ਦੀ ਜਲੰਧਰ ਸ਼ਹਿਰੀ ਇਕਾਈ ਵਿਚ ਡੂੰਘਾ ਅੰਦਰੂਨੀ ਸੰਕਟ ਖੜ੍ਹਾ ਹੋ ਗਿਆ ਹੈ। ਜ਼ਿਲ੍ਹਾ ਪੱਧਰ ’ਤੇ ਪ੍ਰਧਾਨ ਦੀ ਨਿਯੁਕਤੀ ਵਿਚ ਸੀਨੀਅਰ ਆਗੂਆਂ ਅਤੇ ਸਮਰਪਿਤ ਵਰਕਰਾਂ ਦੀ ਅਣਦੇਖੀ ਦੇ ਵਿਰੋਧ ਵਿਚ ਸ਼ਨੀਵਾਰ ਲਗਭਗ 90 ਫ਼ੀਸਦੀ ਜ਼ਿਲ੍ਹਾ, ਸਰਕਲ ਅਤੇ ਵਿੰਗ ਪੱਧਰ ਦੇ ਆਗੂਆਂ ਨੇ ਸਮੂਹਿਕ ਅਸਤੀਫ਼ਾ ਦੇ ਦਿੱਤਾ।
ਇਹ ਵੀ ਪੜ੍ਹੋ: ਗੋਰਾਇਆ ਵਿਖੇ ਝੋਨੇ ਦੇ ਖੇਤਾਂ ’ਚ ਬਜ਼ੁਰਗ ਨੂੰ ਇਸ ਹਾਲ 'ਚ ਵੇਖ ਲੋਕਾਂ ਦੇ ਉੱਡੇ ਹੋਸ਼
ਡੈਲੀਗੇਟ ਪੱਧਰ ’ਤੇ ਹੋਏ ਇਸ ਵਿਰੋਧ ਵਿਚ ਜ਼ਿਲ੍ਹਾ ਅਕਾਲੀ ਦਲ ਦੇ ਸੀਨੀਅਰ ਅਹੁਦੇਦਾਰ, ਬੀ. ਸੀ. ਵਿੰਗ ਅਤੇ ਐੱਸ. ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ, ਇਸਤਰੀ ਅਕਾਲੀ ਦਲ ਆਗੂ, ਸਰਕਲ ਪ੍ਰਧਾਨ ਅਤੇ ਹੋਰ ਜ਼ਿੰਮੇਵਾਰ ਅਹੁਦੇਦਾਰ ਸ਼ਾਮਲ ਰਹੇ। ਆਗੂਆਂ ਨੇ ਦੋਸ਼ ਲਾਇਆ ਕਿ ਪਾਰਟੀ ਵਿਚ ਸਵਾਰਥੀ, ਮੌਕਾਪ੍ਰਸਤ ਅਤੇ ਦਲ-ਬਦਲੂ ਆਗੂਆਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ, ਜਦਕਿ ਸਾਲਾਂ ਤੋਂ ਵਫਾਦਾਰੀ ਅਤੇ ਮਿਹਨਤ ਨਾਲ ਜੁੜੇ ਵਰਕਰਾਂ ਦੀ ਅਣਦੇਖੀ ਹੋ ਰਹੀ ਹੈ।
ਇਹ ਵੀ ਪੜ੍ਹੋ: SGPC ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਵਿਸ਼ੇਸ਼ ਜਨਰਲ ਇਜਲਾਸ ਬੁਲਾਉਣ ਦੀ ਕੀਤੀ ਮੰਗ
ਆਗੂਆਂ ਨੇ ਸਪੱਸ਼ਟ ਕੀਤਾ ਕਿ ਇਹ ਫ਼ੈਸਲਾ ਪਾਰਟੀ ਦੇ ਸਿਧਾਂਤਾਂ ਅਤੇ ਸੰਗਠਨ ਦੀ ਮਜ਼ਬੂਤੀ ਦੇ ਵਿਰੁੱਧ ਹੈ ਅਤੇ ਇਸ ਨੂੰ ਕਿਸੇ ਵੀ ਸੂਰਤ ਵਿਚ ਸਵੀਕਾਰ ਨਹੀਂ ਕੀਤਾ ਜਾਵੇਗਾ। ਅਸਤੀਫ਼ਾ ਦੇਣ ਵਾਲਿਆਂ ਵਿਚ ਰਣਜੀਤ ਸਿੰਘ ਰਾਣਾ (ਪੀ. ਏ. ਸੀ. ਮੈਂਬਰ), ਪਰਮਜੀਤ ਸਿੰਘ ਰੇਰੂ (ਸਾਬਕਾ ਕੌਂਸਲਰ), ਹਰਿੰਦਰ ਸਿੰਘ ਢੀਂਡਸਾ (ਯੂਥ ਅਕਾਲੀ ਦਲ), ਸਤਿੰਦਰ ਸਿੰਘ ਪੀਤਾ (ਬੀ. ਸੀ. ਵਿੰਗ ਜ਼ਿਲਾ ਪ੍ਰਧਾਨ), ਭਜਨ ਲਾਲ ਚੋਪੜਾ (ਐੱਸ. ਸੀ. ਵਿੰਗ ਜ਼ਿਲ੍ਹਾ ਪ੍ਰਧਾਨ) ਸਮੇਤ ਲਗਭਗ 150 ਤੋਂ ਵੱਧ ਪ੍ਰਮੁੱਖ ਆਗੂ ਅਤੇ ਵਰਕਰ ਸ਼ਾਮਲ ਹਨ। ਮਹਿਲਾ ਆਗੂਆਂ ਵਿਚ ਬੀਬੀ ਬਲਵਿੰਦਰ ਕੌਰ ਲੂਥਰਾ, ਸਤਨਾਮ ਕੌਰ, ਲਖਵਿੰਦਰ ਕੌਰ, ਰੀਤਾ ਚੋਪੜਾ, ਪੁਸ਼ਪਾ ਦੇਵੀ, ਆਸ਼ਾ ਰਾਣੀ, ਮਨਜੀਤ ਕੌਰ ਅਤੇ ਹੋਰਨਾਂ ਔਰਤਾਂ ਨੇ ਵੀ ਇਸ ਸਮੂਹਿਕ ਅਸਤੀਫੇ ਵਿਚ ਹਿੱਸਾ ਲਿਆ। ਪਾਰਟੀ ਵਿਚ ਇਸ ਸਮੂਹਿਕ ਅਸਤੀਫੇ ਨੇ ਜ਼ਿਲ੍ਹਾ ਸੰਗਠਨ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਅਤੇ ਭਵਿੱਖ ਵਿਚ ਇਸ ਤੋਂ ਉਪਜਣ ਵਾਲੀ ਸਿਆਸੀ ਸਥਿਤੀ ’ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਖਾਲੀ ਪਲਾਟਾਂ ਦੇ ਮਾਲਕਾਂ ਲਈ ਨਵੇਂ ਹੁਕਮ ਜਾਰੀ, ਕਰ ਲਓ ਇਹ ਕੰਮ ਨਹੀਂ ਤਾਂ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e